ਮਜੀਠਾ: ਕਿਸਾਨਾਂ ਨੇ ਦਿੱਲੀ ਕੂਚ ਦੀਆਂ ਤਿਆਰੀਆਂ ਲਈ ਜ਼ੋਨ ਪੱਧਰੀ ਮੀਟਿੰਗਾਂ ਕੀਤੀਆਂ
ਰਾਜਨ ਮਾਨ
ਮਜੀਠਾ, 8 ਜਨਵਰੀ
ਕਿਸਾਨਾਂ ਮੰਗਾਂ ਨੂੰ ਲੈ ਕੇ ਮੋਦੀ ਸਰਕਾਰ ਵਿਰੁੱਧ ਕਿਸਾਨਾਂ ਵਲੋਂ ਦਿੱਲੀ ਕੂਚ ਦੀਆਂ ਤਿਆਰੀਆਂ ਵਜੋਂ ਜ਼ੋਨ ਪੱਧਰੀ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਵਿੱਚ ਜ਼ੋਨ ਪੱਧਰੀ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿੱਚ ਜ਼ੋਨ ਮਜੀਠਾ ਦੀ ਮੀਟਿੰਗ ਪਿੰਡ ਹਮਜ਼ਾ ਅਤੇ ਜ਼ੋਨ ਬਾਬਾ ਬੁੱਢਾ ਜੀ, ਜ਼ੋਨ ਕੱਥੂਨੰਗਲ ਅਤੇ ਜ਼ੋਨ ਟਾਹਲੀ ਸਾਹਿਬ ਦੀਆਂ ਮੀਟਿੰਗਾਂ ਪਿੰਡ ਅਲਕੜੇ ਗੁਰਦੁਆਰਾ ਬਾਬੇ ਸ਼ਹੀਦਾਂ ਵਿਖੇ ਕੀਤੀ ਗਈਆਂ। ਇਸ ਮੌਕੇ ਆਗੂਆਂ ਨੇ ਦੱਸਿਆ ਕਿ 13 ਫਰਵਰੀ ਨੂੰ ਦਿੱਲੀ ਮੋਰਚੇ ਨੂੰ ਦੇਸ਼ ਦਾ ਕਿਸਾਨ ਮਜ਼ਦੂਰ ਕੂਚ ਕਰੇਗਾ। ਇਸ ਦੀਆਂ ਤਿਆਰੀਆਂ ਵਜੋਂ ਪਿੰਡ ਪੱਧਰੀ ਮੀਟਿੰਗਾਂ ਕਰਕੇ ਵੱਡੀਆਂ ਲਾਮਬੰਦੀਆ ਕਰਨ ਦੀ ਸਖ਼ਤ ਲੋੜ ਹੈ। ਪਿੰਡ ਪੱਧਰੀ ਵੱਡੇ ਫੰਡ ਇਕੱਠੇ ਕਰਨ ਤੇ ਜ਼ੋਰ ਦਿੱਤਾ ਜਾਵੇਗਾ। ਹਰ ਪਿੰਡ ਨੂੰ 13 ਟਰਾਲੀਆਂ ਤਿਆਰ ਕਰਨ ਦਾ ਟੀਚਾ ਦਿੱਤਾ ਹੈ। 13 ਮਹੀਨਿਆਂ ਦਾ ਰਾਸ਼ਨ, ਬਾਲਣ, ਪਾਣੀ, ਬਿਜਲੀ ਪ੍ਰਬੰਧ, ਰਹਿਣ ਬਸੇਰੇ ਅਤੇ ਮੋਰਚੇ ਵਿੱਚ ਸਾਰੇ ਸਾਜ਼ੋ-ਸਾਮਾਨ ਸਮੇਤ ਵੱਡੀਆਂ ਤਿਆਰੀਆਂ ਕਰਨ ਲਈ ਵੱਡੀ ਲਾਮਬੰਦੀ ਪਿੰਡ ਪੱਧਰੀ ਕੀਤੀ ਜਾਵੇਗੀ ਅਤੇ ਸਾਰੇ ਵਰਗਾਂ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਮੁਲਾਜ਼ਮਾਂ, ਆੜ੍ਹਤੀਆਂ, ਟਰਾਂਸਪੋਰਟਰਾਂ, ਗਾਇਕਾਂ,ਕਵੀਸ਼ਰਾ, ਬੁੱਧੀਜੀਵੀਆਂ, ਨੌਜਵਾਨਾਂ, ਅਤੇ ਐੱਨਆਰਆਈ ਵੀਰਾਂ ਨੂੰ ਮੋਰਚੇ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਲਈ ਵੀ ਅਪੀਲ ਕੀਤੀ ਗਈ ਹੈ। ਇਸ ਮੌਕੇ ਬਲਦੇਵ ਸਿੰਘ ਬੱਗਾ, ਗੁਰਲਾਲ ਸਿੰਘ ਮਾਨ, ਕੰਧਾਰ ਸਿੰਘ ਭੋਏਵਾਲ,ਸ਼ਵਿੰਦਰ ਸਿੰਘ ਰੂਪੋਵਾਲੀ, ਮੁਖਤਾਰ ਸਿੰਘ ਭੰਗਵਾ, ਲਖਬੀਰ ਸਿੰਘ ਕੱਥੂਨੰਗਲ, ਗੁਰਭੇਜ ਸਿੰਘ ਝੰਡੇ, ਸੁਖਦੇਵ ਸਿੰਘ ਕਾਜੀਕੋਟ, ਕਿਰਪਾਲ ਸਿੰਘ ਕਲੇਰ, ਗੁਰਬਾਜ਼ ਸਿੰਘ ਭੁੱਲਰ, ਮੇਜਰ ਸਿੰਘ ਅਬਦਾਲ, ਗੁਰਦੀਪ ਸਿੰਘ ਹਮਜ਼ਾ, ਹਰਦੀਪ ਸਿੰਘ ਢੱਡੇ, ਟੇਕ ਸਿੰਘ ਝੰਡੇ, ਬਲਵਿੰਦਰ ਸਿੰਘ ਕਲੇਰਬਾਲਾ ਅਤੇ ਗੁਰਦੇਵ ਸਿੰਘ ਮੁੱਘੋਸੋਹੀ ਹਾਜ਼ਰ ਸਨ।