ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ ਸਮਾਪਤ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 23 ਨਵੰਬਰ
ਖ਼ਾਲਸਾ ਕਾਲਜ ਵਿੱਚ ਪੰਜ ਰੋਜ਼ਾ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ’ ਅੱਜ ਸਮਾਪਤ ਹੋ ਗਿਆ। ਸਮਾਗਮ ਦੌਰਾਨ ਖਾਲਸਾ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਉੱਪ-ਕੁਲਪਤੀ ਡਾ. ਮਹਿਲ ਸਿੰਘ ਅਤੇ ਵਾਰਤਕਕਾਰ ਅਤੇ ਸੇਵਾਮੁਕਤ ਆਈਜੀ (ਪੰਜਾਬ ਪੁਲੀਸ) ਗਰਪ੍ਰੀਤ ਸਿੰਘ ਤੂਰ ਨੂੰ ਪੰਜਾਬੀ ਵਿਭਾਗ ਦੇ ਮੁਖੀ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਆਤਮ ਸਿੰਘ ਰੰਧਾਵਾ ਨੇ ਪੌਦੇ ਭੇਟ ਕੀਤੇ। ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ 19 ਸੰਸਥਾਵਾਂ ਹਰ ਖੇਤਰ ’ਚ ਆਪਣੀ ਬਿਹਤਰ ਕਾਰਗੁਜ਼ਾਰੀ ਦਿਖਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਵਿਗਿਆਨਕ ਯੁੱਗ ਵਿੱਚ ਸਾਹਿਤ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਸਾਹਿਤ ਦੇ ਨਾਲ ਨਾਲ ਜ਼ਿੰਦਗੀ ਦੀ ਸਮਝ ਵੀ ਆਵੇ। ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਸਾਨੂੰ ਆਪਣੀ ਸ਼ਖ਼ਸੀਅਤ ਨਿਖਾਰਨ ਲਈ ਮਹਾਨ ਲੋਕਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਤੂਰ ਦੀ ਪੁਸਤਕ ‘ਪਰਵਾਸ ਤੇ ਪੰਜਾਬ’ ਵੀ ਰਿਲੀਜ਼ ਕੀਤੀ ਗਈ। ਡਾ. ਬਲਵੰਤ ਸਿੰਘ ਸੰਧੂ, ਪ੍ਰਿੰਸੀਪਲ, ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਨੇ ਪੁਸਤਕ ਬਾਰੇ ਕਿਹਾ ਕਿ ਅਜਿਹੀਆਂ ਕਿਤਾਬਾਂ ਨੂੰ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਡਾ. ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪਰਵਾਸ ਧਾਰਨ ਕਰਨ ਦਾ ਕਾਰਨ ਨੌਜਵਾਨ ਪੀੜ੍ਹੀ ਦਾ ਆਪਣੇ ਸਾਹਿਤ ਨਾਲੋਂ ਟੁੱਟਣਾ ਹੈ। ਡਾ. ਅਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਪੁਸਤਕ ਬਾਹਰ ਜਾਣ ਵਾਲੇ ਵਿਦਿਆਰਥੀਆਂ ਨੂੰ ਬਾਹਰਲੇ ਸਮਾਜ ਦੀ ਅਸਲੀਅਤ ਨਾਲ ਜੋੜਣ ਵਿਚ ਸਹਾਇਕ ਸਿੱਧ ਹੋਵੇਗੀ। ਦੁਪਹਿਰ ਸਮੇਂ ਨਵਲਪ੍ਰੀਤ ਰੰਗੀ ਦੀ ਡਾਕੂਮੈਂਟਰੀ ਫ਼ਿਲਮ ‘ਪੌੜੀ’ ਦੀ ਪੇਸ਼ਕਾਰੀ ਕੀਤੀ ਗਈ ਜਿਸ ’ਚ ਪਰਵਾਸ ਧਾਰਨ ਕਰ ਚੁੱਕੇ ਪੰਜਾਬੀ ਨੌਜਵਾਨਾਂ ਦੀਆਂ ਆਰਥਿਕ ਸਮੱਸਿਆਵਾਂ ਅਤੇ ਉਨ੍ਹਾਂ ਦੇ ਜੀਵਨ ਨੂੰ ਪੇਸ਼ ਦੁਸ਼ਵਾਰੀਆਂ ਨੂੰ ਕੇਂਦਰਿਤ ਕੀਤਾ ਗਿਆ। ਦੁਪਹਿਰ ‘ਤੇਰੀ ਮੇਰੀ ਇੱਕ ਜਿੰਦੜੀ’ ਪ੍ਰੋਗਰਾਮ ਦੇ ਚਲਦਿਆਂ ਨਾਮਵਰ ਅਦਾਕਾਰ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਸ੍ਰੋਤਿਆਂ ਨਾਲ ਰੂਬਰੂ ਹੁੰਦਿਆਂ ਆਪਣੀ ਕਲਾਕਾਰੀ ਨਾਲ ਜੁੜੇ ਅਹਿਮ ਪਹਿਲੂਆਂ ਨੂੰ ਸਾਂਝਾ ਕੀਤਾ। ਇਸ ਪ੍ਰੋਗਰਾਮ ਤੋਂ ਬਾਅਦ ਜੋਗਾ ਸਿੰਘ ਜੋਗੀ ਨੂੰ ਸਮਰਪਿਤ ਕਵੀਸ਼ਰੀ ਪ੍ਰੋਗਰਾਮ ਵਿਚ ਗਿਆਨੀ ਗੁਰਮੁਖ ਸਿੰਘ ਐਮ.ਏ ਅਤੇ ਉਨ੍ਹਾਂ ਦੇ ਜਥੇ ਨੇ ਕਵੀਸ਼ਰੀ ਪੇਸ਼ ਕੀਤੀ।