ਕਿਸਾਨਾਂ ਦਾ ਵਫ਼ਦ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਮਿਲਿਆ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 23 ਨਵੰਬਰ
ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਵਫ਼ਦ ਵੱਲੋਂ ਅੰਮ੍ਰਿਤਸਰ ਦੀ ਸਬਜ਼ੀ ਮੰਡੀ (ਵੱਲਾ) ’ਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਬੱਤਰਾ ਨਾਲ ਮੁਲਾਕਾਤ ਕੀਤੀ ਗਈ। ਵਫਦ ਨੇ ਮੰਡੀ ਅੰਦਰ ਨਾਜਾਇਜ਼ ਕਬਜ਼ਿਆਂ ਕਾਰਨ ਲੱਗਦੇ ਆਵਾਜਾਈ ਜਾਮ ਬਾਰੇ ਚਰਚਾ ਕੀਤੀ। ਸਬਜ਼ੀਆਂ ਦਾ ਸੀਜ਼ਨ ਹੋਣ ਕਾਰਨ ਮੰਡੀ ਨੂੰ ਆਉਣ ਵਾਲੇ ਰਸਤਿਆਂ ਉੱਪਰ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਵਾਸਤੇ ਟ੍ਰੈਫਿਕ ਪੁਲੀਸ ਮੁਲਾਜ਼ਮ ਤਾਇਨਾਤ ਕਰਨ ਦੀ ਮੰਗ ਕੀਤੀ ਗਈ। ਇੰਜ ਹੀ ਮੰਡੀ ਅੰਦਰ ਸਫਾਈ ਦੇ ਮਾੜੇ ਪ੍ਰਬੰਧ ਬਾਰੇ ਮਾਰਕੀਟ ਕਮੇਟੀ ਦੇ ਅਧਿਕਾਰੀਆ ਨੇ ਤੁਰੰਤ ਕਦਮ ਉਠਾਉਣ ਦਾ ਭਰੋਸਾ ਦਿਵਾਇਆ।
ਵਫਦ ਦੀ ਅਗਵਾਈ ਲੱਖਬੀਰ ਸਿੰਘ ਨਿਜਾਮਪੁਰ ਅਤੇ ਭੁਪਿੰਦਰ ਸਿੰਘ ਤੀਰਥਪੁਰ ਨੇ ਕੀਤੀ। ਵਫਦ ਵਿੱਚ ਤਰਸੇਮ ਸਿੰਘ ਨੰਗਲ ਦਿਆਲ, ਕਰਨੈਲ ਸਿੰਘ ਨਵਾਂ ਪਿੰਡ, ਰਾਜਬੀਰ ਸਿੰਘ ਫਤਿਹਪੁਰ, ਅਵਤਾਰ ਸਿੰਘ, ਜੱਗੂ ਵਡਾਲਾ ਜੌਹਲ, ਧਰਮਿੰਦਰ ਸਿੰਘ ਕਿਲਾ, ਜਸਪਾਲ ਸਿੰਘ ਨਬੀਪੁਰ, ਪ੍ਰਤਾਪ ਸਿੰਘ ਛੀਨਾ ਅਤੇ ਗੁਰਮੇਜ ਸਿੰਘ ਮੱਖਣਵਿੰਡੀ ਆਦਿ ਹਾਜ਼ਰ ਸਨ।