ਨਰਮੇ ਅਤੇ ਕਪਾਹ ਦੀ ਫ਼ਸਲ ਦੀ ਸੰਭਾਲ
ਹਰਜੀਤ ਸਿੰਘ ਬਰਾੜ* ਕੁਲਵੀਰ ਸਿੰਘ**
ਨਰਮਾ/ਕਪਾਹ ਪੰਜਾਬ ਦੀ ਅਹਿਮ ਵਪਾਰਕ ਫ਼ਸਲ ਹੈ। ਇਸ ਦੀ ਕਾਸ਼ਤ ਪੰਜਾਬ ਦੇ ਦੱਖਣ-ਪੱਛਮੀ ਜ਼ਿਲ੍ਹਿਆਂ (ਬਠਿੰਡਾ, ਮਾਨਸਾ, ਫ਼ਾਜ਼ਿਲਕਾ, ਮੁਕਤਸਰ, ਫ਼ਰੀਦਕੋਟ, ਸੰਗਰੂਰ ਅਤੇ ਬਰਨਾਲਾ) ਵਿੱਚ ਕੀਤੀ ਜਾਂਦੀ ਹੈ। ਪੰਜਾਬ ਦੇ ਦੱਖਣ-ਪੱਛਮੀ ਜਿ਼ਲ੍ਹਿਆਂ ਵਿੱਚ ਫ਼ਸਲੀ ਵੰਨ-ਸਵੰਨਤਾ ਲਈ ਨਰਮਾ/ਕਪਾਹ ਵਧੀਆ ਬਦਲ ਹੈ। ਬਿਜਾਈ ਸਮੇਂ ਨਹਿਰੀ ਪਾਣੀ ਦੀ ਬੰਦੀ ਅਤੇ ਜ਼ਮੀਨੀ ਹੇਠਲਾ ਮਾੜਾ ਪਾਣੀ ਨਰਮੇ/ਕਪਾਹ ਉਤਪਾਦਕਾਂ ਲਈ ਵੱਡੀ ਔਕੜ ਹਨ। ਪਿਛਲੇ ਦੋ ਸਾਲਾਂ ਤੋਂ ਕਿਸਾਨ ਨਰਮੇ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦਾ ਸਾਹਮਣਾ ਕਰ ਰਹੇ ਹਨ। ਗੁਲਾਬੀ ਸੁੰਡੀ ਨਾਲ ਨਜਿੱਠਣ ਲਈ ਕੁਝ ਕਿਸਾਨਾਂ ਨੇ ਗ਼ੈਰ-ਸਿਫ਼ਾਰਸ਼ੀ ਗੁਜਰਾਤੀ ਬੀਜ ਵੀ ਬੀਜਿਆ ਜੋ ਪੱਤਾ ਮਰੋੜ ਬਿਮਾਰੀ ਅਤੇ ਰਸ ਚੂਸਣ ਵਾਲੇ ਕੀੜਿਆਂ ਲਈ ਬਹੁਤ ਸੰਵੇਦਨਸ਼ੀਲ ਹੈ; ਇਸ ਕਾਰਨ ਫ਼ਸਲ ਦੀ ਪੈਦਾਵਾਰ ਬਹੁਤ ਘੱਟ ਹੋਈ। ਹੁਣ ਕਿਸਾਨਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਗ਼ੈਰ-ਸਿਫ਼ਾਰਸ਼ੀ ਗੁਜਰਾਤੀ ਬੀਜ ਗੁਲਾਬੀ ਸੁੰਡੀ ਦਾ ਹੱਲ ਨਹੀਂ ਹੈ। ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀਆਂ ਸਮੱਸਿਆਵਾਂ ਤੋਂ ਸਿਵਾਇ ਬਹੁਤ ਸਾਰੇ ਕਿਸਾਨਾਂ ਦੀ ਇਹ ਗ਼ਲਤ ਧਾਰਨਾ ਹੈ ਕਿ ਫ਼ਸਲ ਨੂੰ ਸਿਫ਼ਾਰਸ਼ ਮਾਤਰਾ ਤੋਂ ਘੱਟ ਖਾਦ ਪਾਉਣ ਨਾਲ ਕੀੜੇ-ਮਕੌੜਿਆਂ ਦਾ ਹਮਲਾ ਘੱਟ ਹੁੰਦਾ ਹੈ। ਇਸ ਕਾਰਨ ਫ਼ਸਲ ਦਾ ਵਿਕਾਸ ਬਹੁਤ ਮਾੜਾ ਹੁੰਦਾ ਹੈ, ਨਤੀਜੇ ਵਜੋਂ ਪੈਦਾਵਾਰ ਵਿੱਚ ਵੱਡਾ ਨੁਕਸਾਨ ਹੁੰਦਾ ਹੈ। ਇਸ ਲਈ ਨਰਮੇ/ਕਪਾਹ ਦੀ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੀਆਂ ਸਿਫ਼ਾਰਸ਼ ਕੀਤੀਆਂ ਤਕਨੀਕਾਂ ਦੀ ਪਾਲਣਾ ਜ਼ਰੂਰੀ ਹੈ।
ਖਾਦਾਂ ਦੀ ਵਰਤੋਂ: ਦਰਮਿਆਨੀ ਉਪਜਾਊ ਜ਼ਮੀਨ ਲਈ ਪੀਏਯੂ ਨੇ 30 ਕਿਲੋ ਨਾਈਟ੍ਰੋਜਨ (65 ਕਿਲੋ ਯੂਰੀਆ) ਦੀ ਸਿਫ਼ਾਰਸ਼ ਸਾਰੀਆਂ ਗ਼ੈਰ-ਬੀਟੀ ਕਿਸਮਾਂ ਲਈ ਅਤੇ 37 ਕਿਲੋਗ੍ਰਾਮ ਨਾਈਟ੍ਰੋਜਨ (80 ਕਿਲੋ ਯੂਰੀਆ) ਦੀ ਸਿਫ਼ਾਰਸ਼ ਬੀਟੀ ਕਿਸਮਾਂ (ਪੀਏਯੂ ਬੀਟੀ 2 ਅਤੇ ਪੀਏਯੂ ਬੀਟੀ 3) ਲਈ ਪ੍ਰਤੀ ਏਕੜ ਦੇ ਆਧਾਰ ’ਤੇ ਕੀਤੀ ਹੈ। ਦੋਗਲੀਆਂ (ਬੀਟੀ ਅਤੇ ਗ਼ੈਰ-ਬੀਟੀ) ਕਿਸਮਾਂ ਲਈ ਪ੍ਰਤੀ ਏਕੜ 42 ਕਿਲੋਗ੍ਰਾਮ ਨਾਈਟ੍ਰੋਜਨ (90 ਕਿਲੋ ਯੂਰੀਆ) ਦੀ ਸਿਫ਼ਾਰਸ਼ ਹੈ। ਨਾਈਟ੍ਰੋਜਨ ਦੀ ਪਹਿਲੀ ਕਿਸ਼ਤ ਪਹਿਲੀ ਸਿੰਜਾਈ ਤੋਂ ਬਾਅਦ ਅਤੇ ਬਾਕੀ ਅੱਧੀ ਨੂੰ ਫੁੱਲ-ਡੋਡੀ ਪੈਣ ’ਤੇ ਦਿਓ। ਜੇ ਨਰਮੇ ਤੋਂ ਪਹਿਲਾਂ ਕਣਕ ਨੂੰ ਫਾਸਫੋਰਸ ਦੀ ਸਿਫ਼ਾਰਸ਼ ਮਾਤਰਾ ਦਿੱਤੀ ਗਈ ਹੋਵੇ, ਨਰਮੇ ਨੂੰ ਫਾਸਫੋਰਸ ਦੀ ਕੋਈ ਜ਼ਰੂਰਤ ਨਹੀਂ। ਦੂਜੀ ਹਾਲਤ ਵਿੱਚ ਨਰਮੇ ਕਪਾਹ ਨੂੰ 12 ਕਿਲੋ ਫਾਸਫੋਰਸ (75 ਕਿਲੋ ਸੁਪਰ ਜਾਂ 27 ਕਿਲੋ ਡੀਏਪੀ) ਪ੍ਰਤੀ ਏਕੜ ਬਿਜਾਈ ਸਮੇਂ ਪਾਉ। ਜਿੱਥੇ ਫਾਸਫੋਰਸ ਲਈ 27 ਕਿਲੋ ਡੀਏਪੀ ਵਰਤਿਆ ਗਿਆ ਹੋਵੇ, ਉੱਥੇ ਯੂਰੀਆ 10 ਕਿਲੋ ਘੱਟ ਕਰ ਦੇਵੋ। ਹਲਕੀਆਂ ਜ਼ਮੀਨਾਂ ਵਿੱਚ 20 ਕਿਲੋ ਪੋਟਾਸ਼ ਅਤੇ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21 ਫ਼ੀਸਦੀ) ਜਾਂ 6.5 ਕਿਲੋਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ (33 ਫ਼ੀਸਦੀ) ਪ੍ਰਤੀ ਏਕੜ ਜ਼ਰੂਰ ਪਾਉ। ਫਾਸਫੋਰਸ, ਪੋਟਾਸ਼ ਅਤੇ ਜ਼ਿੰਕ ਖਾਦਾਂ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾ ਦਿਓ। ਘੱਟ ਉਪਜਾਊ ਜ਼ਮੀਨਾਂ ਵਿੱਚ ਨਾਈਟ੍ਰੋਜਨ ਦੀ ਇੱਕ ਕਿਸ਼ਤ ਬਿਜਾਈ ਸਮੇਂ ਪਾ ਦੇਣੀ ਚਾਹੀਦੀ ਹੈ। ਲੋੜ ਅਨੁਸਾਰ ਯੂਰੀਆ ਪਾਉਣ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮੈਗਨੀਸ਼ੀਅਮ ਸਲਫੇਟ 25 ਕਿਲੋ ਬਿਜਾਈ ਸਮੇਂ ਪਾ ਦਿਓ।
ਬੋਰੋਨ ਦੀ ਘਾਟ ਵਾਲੀਆਂ ਜ਼ਮੀਨਾਂ (0.5 ਕਿਲੋ/ਏਕੜ ਤੋਂ ਘੱਟ ਬੋਰੋਨ) ਜਿਸ ਵਿੱਚ 2 ਫ਼ੀਸਦੀ ਜਾਂ ਵਧੇਰੇ ਕੈਲਸ਼ੀਅਮ ਕਾਰਬੋਨੇਟ ਹੋਣ ਵਿੱਚ ਬਿਜਾਈ ਦੇ ਸਮੇਂ 400 ਗ੍ਰਾਮ ਬੋਰੋਨ (4 ਕਿਲੋ ਬੋਰੈਕਸ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਬੋਰੋਨ ਨੂੰ ਅੰਨ੍ਹੇਵਾਹ ਢੰਗ ਨਾਲ ਸਾਰੀਆਂ ਜ਼ਮੀਨਾਂ ਵਿੱਚ ਨਹੀਂ ਪਾਉਣਾ ਚਾਹੀਦਾ ਕਿਉਂਕਿ ਜ਼ਮੀਨ ਵਿੱਚ ਬਹੁਤ ਜ਼ਿਆਦਾ ਬੋਰੋਨ ਫ਼ਸਲ ਲਈ ਜ਼ਹਿਰੀਲਾ ਸਾਬਤ ਹੋ ਸਕਦਾ ਹੈ।
ਨਰਮੇ ਤੋਂ ਵਧੇਰੇ ਝਾੜ ਲੈਣ ਲਈ ਪੋਟਾਸ਼ੀਅਮ ਨਾਈਟ੍ਰੇਟ ਦੇ 4 ਛਿੜਕਾਅ ਕਰਨ ਨਾਲ ਫੁੱਲ ਡੋਡੀ ਅਤੇ ਕੱਚੇ ਟੀਂਡੇ ਨਹੀਂ ਝੜਦੇ, ਜਿਸ ਨਾਲ ਪੈਦਾਵਾਰ ਵਿੱਚ ਚੋਖਾ ਵਾਧਾ ਹੁੰਦਾ ਹੈ। ਫੁੱਲਾਂ ਦੀ ਸ਼ੁਰੂਆਤ ਤੋਂ ਲੈ ਕੇ 2 ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ (13:0:45) ਦੇ ਚਾਰ ਛਿੜਕਾਅ ਹਫ਼ਤੇ ਦੇ ਵਕਫ਼ੇ ’ਤੇ ਕਰੋ। ਦੋ ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ ਲਈ 2 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ 100 ਲਿਟਰ ਪਾਣੀ ਵਿੱਚ ਘੋਲ ਲਓ। ਬੀਟੀ ਨਰਮੇ ਵਿੱਚ ਪੱਤਿਆਂ ਦੀ ਲਾਲੀ ਦੀ ਰੋਕਥਾਮ ਲਈ, 1 ਫ਼ੀਸਦੀ ਮੈਗਨੀਸ਼ੀਅਮ ਸਲਫੇਟ (1 ਕਿਲੋ ਮੈਗਨੀਸ਼ਅਮ ਸਲਫੇਟ ਨੂੰ 100 ਲਿਟਰ ਪਾਣੀ ਵਿਚ ਘੋਲ ਲਓ) ਦੇ ਦੋ ਛਿੜਕਾਅ ਫੁੱਲ ਡੋਡੀ ਅਤੇ ਟੀਂਡੇ ਬਣਨ ਦੀ ਹਾਲਤ ਦੌਰਾਨ 15 ਦਿਨਾਂ ਦੇ ਵਕਫ਼ੇ ’ਤੇ ਕਰੋ। ਜਿਹੜੇ ਖੇਤਾਂ ਵਿੱਚ ਪਿਛਲੇ ਸਾਲ ਨਰਮੇ ’ਤੇ ਲਾਲੀ ਆਈ ਹੋਵੇ, ਉੱਥੇ ਪੱਤਿਆਂ ’ਤੇ ਲਾਲੀ ਪ੍ਰਗਟ ਹੋਣ ਤੋਂ ਪਹਿਲਾਂ ਪਹਿਲਾ 1 ਫ਼ੀਸਦੀ ਮੈਗਨੀਸ਼ਅਮ ਸਲਫੇਟ ਦੇ ਦੋ ਛਿੜਕਾਅ ਜ਼ਰੂਰ ਕਰੋ।
ਘੱਟ ਉਪਜਾਊ ਜ਼ਮੀਨਾਂ ਵਿੱਚ ਫੁੱਲ ਡੋਡੀ ਆਉਣ ਅਤੇ ਟੀਂਡੇ ਬਣਨ ਸਮੇਂ ਖ਼ਾਸ ਕਰ ਕੇ ਬੀਟੀ ਨਰਮਾ ਕੁਮਲਾਉਣ, ਸੜਨ ਜਾਂ ਸੁੱਕਣ ਲੱਗ ਜਾਂਦਾ ਹੈ। ਇਸ ਸਮੇਂ ਦੌਰਾਨ ਜ਼ਮੀਨ ਵਿੱਚ ਪਏ ਤੱਤ ਫ਼ਸਲ ਦੀ ਲੋੜ ਪੂਰੀ ਕਰਨ ਵਿੱਚ ਅਸਮਰੱਥ ਹੁੰਦੇ ਹਨ। ਬੀਟੀ ਨਰਮੇ ਨੂੰ ਉੱਪਰ ਦੱਸੇ ਅਨੁਸਾਰ ਖਾਦਾਂ ਸੰਤੁਲਤ ਤਰੀਕੇ ਨਾਲ ਪਾਉਣ ਨਾਲ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
ਨਦੀਨਾਂ ਦੀ ਸੁਚੱਜੀ ਰੋਕਥਾਮ: ਇਟਸਿਟ, ਮਧਾਣਾ, ਮੱਕੜਾ, ਚੁਲਾਈ, ਤਾਂਦਲਾ, ਭੱਖੜਾ, ਕੰਗੀ ਬੂਟੀ, ਪੀਲੀ ਬੂਟੀ ਆਦਿ ਨਰਮੇ/ਕਪਾਹ ਦੇ ਪ੍ਰਮੁੱਖ ਨਦੀਨ ਹਨ। ਇਨ੍ਹਾਂ ਨਦੀਨਾਂ ਦੀ ਰੋਕਥਾਮ 2-3 ਗੋਡੀਆਂ ਜਾਂ ਫਿਰ ਨਦੀਨਨਾਸ਼ਕਾਂ ਨਾਲ ਕੀਤੀ ਜਾ ਸਕਦੀ ਹੈ। ਤ੍ਰਿਫਾਲੀ ਜਾਂ ਟਰੈਕਟਰ ਟਿੱਲਰ (ਸੀਲਰ) ਨਾਲ ਨਦੀਨਾਂ ਦੀ ਰੋਕਥਾਮ ਫ਼ਸਲ ਦੇ ਸ਼ੁਰੂਆਤੀ ਪੜਾਅ ਵਿੱਚ ਕੀਤੀ ਜਾ ਸਕਦੀ ਹੈ ਪਰ ਉਨ੍ਹਾਂ ਦੀ ਵਰਤੋਂ ਫੁੱਲ ਪੈਣ ਉਪਰੰਤ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਫੁੱਲ-ਡੋਡੀ ਝੜ ਜਾਂਦੀ ਹੈ। ਨਦੀਨਾਂ ਦੀ ਰੋਕਥਾਮ ਸਟੌਂਪ 30 ਈਸੀ (ਪੈਂਡੀਮੈਥਾਲਿਨ) 1 ਲਿਟਰ ਨੂੰ 200 ਲਿਟਰ ਪਾਣੀ/ਏਕੜ ਦੇ ਹਿਸਾਬ ਨਾਲ ਬਿਜਾਈ ਦੇ 24 ਘੰਟਿਆਂ ਦੇ ਅੰਦਰ-ਅੰਦਰ ਛਿੜਕਾਅ ਕਰ ਕੇ ਵੀ ਕੀਤੀ ਜਾ ਸਕਦੀ ਹੈ। ਜੇ ਪਹਿਲੀ ਸਿੰਜਾਈ ਜਾਂ ਮੀਂਹ ਤੋਂ ਬਾਅਦ ਨਦੀਨਾਂ ਦੇ ਜਿ਼ਆਦਾ ਜੰਮਣ ਦਾ ਖ਼ਦਸ਼ਾ ਹੋਵੇ ਤਾਂ ਵੀ ਚੰਗੇ ਵੱਤਰ ’ਤੇ ਇਹੋ ਦਵਾਈ ਨਦੀਨ ਉੱਗਣ ਤੋਂ ਪਹਿਲਾਂ ਖੇਤ ਵਿੱਚ ਛਿੜਕਾਅ ਕੀਤੀ ਜਾ ਸਕਦੀ ਹੈ। ਸਟੌਂਪ ਰਸਾਇਣ ਉੱਗੇ ਹੋਏ ਨਦੀਨਾਂ ਅਤੇ ਫ਼ਸਲ ਨੂੰ ਨਹੀਂ ਮਾਰਦਾ। ਨਦੀਨਨਾਸ਼ਕ ਦਾ ਛਿੜਕਾਅ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਨਾਲ ਕਰੋ। ਸਟੌਂਪ ਦੇ ਛਿੜਕਾਅ ਤੋਂ ਬਾਅਦ ਉੱਗੇ ਨਦੀਨਾਂ ਨੂੰ ਬਿਜਾਈ ਤੋਂ 45 ਦਿਨਾਂ ਬਾਅਦ ਇੱਕ ਗੋਡੀ ਜਾਂ ਤ੍ਰਿਫਾਲੀ ਜਾਂ ਸੀਲਰ ਨਾਲ ਕਾਬੂ ਕੀਤਾ ਜਾ ਸਕਦਾ ਹੈ।
ਨਰਮੇ ਦੀ ਫ਼ਸਲ ਵਿੱਚ ਪਹਿਲੇ ਪਾਣੀ ਤੋਂ ਬਾਅਦ ਖੇਤ ਵੱਤਰ ਆਉਣ ’ਤੇ 500 ਮਿਲੀਲਿਟਰ ਹਿਟਵੀਡ ਮੈਕਸ (10 ਐਮਈਸੀ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ’ਤੇ ਘਾਹ ਵਾਲੇ ਅਤੇ ਚੌੜੇ ਪੱਤੇ ਵਾਲੇ ਮੌਸਮੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਖ਼ਾਸ ਤੌਰ ’ਤੇ ਬਰਸਾਤੀ ਮੌਸਮ ਦੌਰਾਨ ਗੋਡੀ ਜਾਂ ਤ੍ਰਿਫਾਲੀ ਤੋਂ ਬਿਨਾਂ ਨਦੀਨਾਂ ਦੀ ਰੋਕਥਾਮ ਲਈ 500 ਮਿਲੀਲਿਟਰ ਗਰੈਮਕਸੋਨ 24% ਐਸਐਲ (ਪੈਰਾਕੁਐਟ) ਜਾਂ 900 ਮਿਲੀਲਿਟਰ ਸਵੀਪ ਪਾਵਰ 13.5% ਐਸਐਲ (ਗਲੂਫੋਸੀਨੇਟ ਅਮੋਨੀਅਮ) ਨੂੰ 100 ਲਿਟਰ ਪਾਣੀ ਵਿੱਚ ਬਿਜਾਈ ਤੋਂ 6-8 ਹਫ਼ਤਿਆਂ ਬਾਅਦ ਜਦੋਂ ਫ਼ਸਲ ਦਾ ਕੱਦ 40-45 ਸੈਂਟੀਮੀਟਰ ਹੋਵੇ, ਕਤਾਰਾਂ ਵਿਚਕਾਰ ਛਿੜਕਾਅ ਕਰੋ। ਇਹ ਦੋਵੇਂ ਨਦੀਨਨਾਸ਼ਕ ਗ਼ੈਰ-ਚੋਣਵੀ ਨਦੀਨਨਾਸ਼ਕ ਹਨ, ਸੋ ਛਿੜਕਾਅ ਫ਼ਸਲ ਉੱਪਰ ਨਹੀਂ ਪੈਣੀ ਚਾਹੀਦੀ। ਛਿੜਕਾਅ ਕਰਨ ਸਮੇਂ ਨੋਜ਼ਲ ਜ਼ਮੀਨ ਤੋਂ 15-20 ਸੈਂਟੀਮੀਟਰ ਉੱਪਰ ਹੋਣੀ ਚਾਹੀਦੀ ਹੈ ਅਤੇ ਛਿੜਕਾਅ ਕਰਨ ਲਈ ਸੁਰੱਖਿਅਤ ਹੁੱਡ ਦੀ ਵਰਤੋਂ ਜ਼ਰੂਰ ਕਰੋ। ਵਗਦੀ ਹਵਾ ਵਿੱਚ ਇਨ੍ਹਾਂ ਨਦੀਨਨਾਸ਼ਕਾਂ ਦਾ ਛਿੜਕਾਅ ਨਾ ਕਰੋ।
ਬੂਟਿਆਂ ਦੇ ਅਣਚਾਹੇ ਵਾਧੇ ਨੂੰ ਰੋਕਣਾ: ਜ਼ਿਆਦਾ ਉਪਜਾਊ ਜ਼ਮੀਨਾਂ ਵਿੱਚ ਨਰਮੇ ਦਾ ਅਣਚਾਹਿਆ ਵਾਧਾ ਸਮੱਸਿਆ ਬਣ ਜਾਂਦਾ ਹੈ। ਇਸ ਨਾਲ ਫੁੱਲ ਘੱਟ ਪੈਂਦੇ ਹਨ। ਬੂਟਿਆਂ ਦੇ ਅਣਚਾਹੇ ਵਾਧੇ ਨੂੰ ਰੋਕਣ ਲਈ ਚਮਤਕਾਰ (ਮੈਪੀਕੁਐਟ ਕਲੋਰਾਈਡ 5 ਫ਼ੀਸਦੀ) ਦੇ ਦੋ ਛਿੜਕਾਅ 300 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਰਤ ਕੇ ਬਿਜਾਈ ਤੋਂ ਕਰੀਬ 60 ਅਤੇ 75 ਦਿਨਾਂ ਬਾਅਦ ਕਰੋ।
ਪੱਤੇ ਝਾੜਨਾ: ਟੀਂਡੇ ਅਗੇਤੇ ਅਤੇ ਇਕਸਾਰ ਖਿੜਾਉਣ ਲਈ ਅਕਤੂਬਰ ਦੇ ਆਖਰੀ ਹਫ਼ਤੇ ਵਿੱਚ 500 ਮਿਲੀਲਿਟਰ ਈਥਰਲ 39 ਫ਼ੀਸਦੀ (ਇਥੀਫੋਨ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਛਿੜਕਾਅ ਤੋਂ 7-10 ਦਿਨਾਂ ਮਗਰੋਂ ਬਹੁਤੇ ਪੱਤੇ ਝੜ ਜਾਂਦੇ ਹਨ ਜਿਸ ਨਾਲ ਨਰਮੇ ਦੀ ਗੁਣਵੱਤਾ ਅਤੇ ਉਤਪਾਦਨ ਵਿੱਚ ਵਾਧਾ ਹੁੰਦਾ ਹੈ।
*ਪੀਏਯੂ, ਖੇਤਰੀ ਖੋਜ ਕੇਦਰ, ਬਠਿੰਡਾ।
**ਪੀਏਯੂ, ਖੇਤਰੀ ਖੋਜ ਕੇਦਰ, ਫ਼ਰੀਦਕੋਟ।