For the best experience, open
https://m.punjabitribuneonline.com
on your mobile browser.
Advertisement

ਮਹੂਆ ਮੋਇਤਰਾ ਦੇ ਟਿਕਾਣਿਆਂ ’ਤੇ ਸੀਬੀਆਈ ਵੱਲੋਂ ਛਾਪੇ

07:07 AM Mar 24, 2024 IST
ਮਹੂਆ ਮੋਇਤਰਾ ਦੇ ਟਿਕਾਣਿਆਂ ’ਤੇ ਸੀਬੀਆਈ ਵੱਲੋਂ ਛਾਪੇ
Advertisement

ਨਵੀਂ ਦਿੱਲੀ: ਸੀਬੀਆਈ ਨੇ ਲੋਕ ਸਭਾ ’ਚ ਨਕਦੀ ਬਦਲੇ ਸਵਾਲ ਪੁੱਛਣ ਦੇ ਮਾਮਲੇ ’ਚ ਟੀਐੱਮਸੀ ਦੀ ਸਾਬਕਾ ਸੰਸਦ ਮੈਂਬਰ ਮਹੂਆ ਮੋਇਤਰਾ ਦੇ ਕੋਲਕਾਤਾ ਸਮੇਤ ਹੋਰ ਕਈ ਟਿਕਾਣਿਆਂ ’ਤੇ ਅੱਜ ਛਾਪੇ ਮਾਰ ਕੇ ਤਲਾਸ਼ੀ ਲਈ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਦੀਆਂ ਟੀਮਾਂ ਨੇ ਮਹੂਆ ਦੀ ਕੋਲਕਾਤਾ ਰਿਹਾਇਸ਼ ਅਤੇ ਹੋਰ ਸ਼ਹਿਰਾਂ ’ਚ ਅੱਜ ਸਵੇਰੇ ਪਹੁੰਚ ਕੇ ਤਲਾਸ਼ੀ ਮੁਹਿੰਮ ਚਲਾਈ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਟੀਐੱਮਸੀ ਆਗੂ ਖ਼ਿਲਾਫ਼ ਵੀਰਵਾਰ ਨੂੰ ਲੋਕਪਾਲ ਦੇ ਨਿਰਦੇਸ਼ਾਂ ’ਤੇ ਐੱਫਆਈਆਰ ਦਰਜ ਕੀਤੀ ਸੀ ਜਿਸ ਨੇ ਏਜੰਸੀ ਨੂੰ ਛੇ ਮਹੀਨਿਆਂ ਦੇ ਅੰਦਰ ਰਿਪੋਰਟ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਵੱਲੋਂ ਮਹੂਆ ਖ਼ਿਲਾਫ਼ ਲਾਏ ਗਏ ਦੋਸ਼ਾਂ ਦੀ ਮੁੱਢਲੀ ਜਾਂਚ ਦੀਆਂ ਲੱਭਤਾਂ ਮਿਲਣ ਮਗਰੋਂ ਲੋਕਪਾਲ ਨੇ ਸੀਬੀਆਈ ਨੂੰ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ। ਮਹੂਆ ਨੂੰ ਅਨੈਤਿਕ ਵਿਹਾਰ ਲਈ ਦਸੰਬਰ ’ਚ ਲੋਕ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਸਾਬਕਾ ਸੰਸਦ ਮੈਂਬਰ ਨੇ ਆਪਣੀ ਮੁਅੱਤਲੀ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ। ਉਹ ਮੌਜੂਦਾ ਚੋਣਾਂ ’ਚ ਵੀ ਪੱਛਮੀ ਬੰਗਾਲ ਦੀ ਕ੍ਰਿਸ਼ਨਾਨਗਰ ਸੀਟ ਤੋਂ ਟੀਐੱਮਸੀ ਉਮੀਦਵਾਰ ਬਣਾਈ ਗਈ ਹੈ। -ਪੀਟੀਆਈ

Advertisement

ਕ੍ਰਿਸ਼ਨਾਨਗਰ ਵਿੱਚ ਮਹੂਆ ਮੋਇਤਰਾ ਦੇ ਦਫ਼ਤਰ ’ਤੇ ਸੀਬੀਆਈ ਦੇ ਛਾਪੇ ਦੌਰਾਨ ਪਹਿਰਾ ਦੇ ਰਹੇ ਸੁਰੱਖਿਆ ਜਵਾਨ। -ਫੋੋਟੋ: ਪੀਟੀਆਈ

ਛਾਪੇ ਬਦਲਾਖੋਰੀ ਦੀ ਸਿਆਸਤ: ਟੀਐੱਮਸੀ

ਕੋਲਕਾਤਾ: ਟੀਐੱਮਸੀ ਨੇ ਪਾਰਟੀ ਆਗੂ ਮਹੂਆ ਮੋਇਤਰਾ ਦੇ ਟਿਕਾਣਿਆਂ ’ਤੇ ਸੀਬੀਆਈ ਵੱਲੋਂ ਮਾਰੇ ਗਏ ਛਾਪਿਆਂ ਨੂੰ ਬਦਲਾਖੋਰੀ ਦੀ ਸਿਆਸਤ ਕਰਾਰ ਦਿੱਤਾ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਭਾਜਪਾ ਚੋਣਾਂ ਤੋਂ ਪਹਿਲਾਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਟੀਐੱਮਸੀ ਦੇ ਸੀਨੀਅਰ ਆਗੂ ਸ਼ਾਂਤਨੂ ਸੇਨ ਨੇ ਕਿਹਾ ਕਿ ਇਹ ਲੋਕਾਂ ਅਤੇ ਮੀਡੀਆ ਦਾ ਧਿਆਨ ਵੱਖ ਵੱਖ ਭਖ਼ਦੇ ਮਸਲਿਆਂ ਤੋਂ ਧਿਆਨ ਵੰਡਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੀ ਵਧ ਰਹੀ ਨਾਰਾਜ਼ਗੀ ਨੂੰ ਦੇਖਦਿਆਂ ਬਿਰਤਾਂਤ ਬਦਲਣ ਲਈ ਹਰ ਹਰਬਾ ਵਰਤ ਰਹੀ ਹੈ। ਟੀਐੱਮਸੀ ਆਗੂ ਨੇ ਕਿਹਾ ਕਿ ਭਾਜਪਾ ਵਿਰੋਧੀ ਧਿਰ ਨੂੰ ਡਰਾਉਣ ਲਈ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਚੋਣ ਜ਼ਾਬਤਾ ਲੱਗਾ ਹੋਇਆ ਹੈ ਤਾਂ ਭਾਜਪਾ ਆਪਣੇ ਸਭ ਤੋਂ ਭਰੋਸੇਮੰਦ ਭਾਈਵਾਲਾਂ ਸੀਬੀਆਈ ਅਤੇ ਈਡੀ ਨੂੰ ਟੀਐੱਮਸੀ ਦੇ ਉਮੀਦਵਾਰਾਂ ’ਤੇ ਛਾਪੇ ਮਾਰਨ ਲਈ ਭੇਜ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਇਨ੍ਹਾਂ ਛਾਪਿਆਂ ਦਾ ਨੋਟਿਸ ਲੈਣਾ ਚਾਹੀਦਾ ਹੈ। ਉਧਰ ਪੱਛਮੀ ਬੰਗਾਲ ਭਾਜਪਾ ਨੇ ਸਾਰੇ ਦੋਸ਼ਾਂ ਨੂੰ ਆਧਾਰਹੀਣ ਕਰਾਰ ਦਿੰਦਿਆਂ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਭਾਜਪਾ ਤਰਜਮਾਨ ਸਾਮਿਕ ਭੱਟਾਚਾਰਿਆ ਨੇ ਕਿਹਾ ਕਿ ਮਹੂਆ ਮੋਇਤਰਾ ਨੇ ਜੋ ਕੁਝ ਕੀਤਾ ਹੈ, ਉਹ ਲੋਕਤੰਤਰ ਲਈ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਪੂਰੀ ਟੀਐੱਮਸੀ ਭ੍ਰਿਸ਼ਟਾਚਾਰ ’ਚ ਡੁੱਬੀ ਹੋਈ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×