ਮਹਿੰਦਰਾ ਦੇ ਸਾਬਕਾ ਪੀਏ ਬਹਾਦਰ ਖਾਨ ਤੇ ਹੋਰ ਭਾਜਪਾ ’ਚ ਰਲੇ
ਖੇਤਰੀ ਪ੍ਰਤੀਨਿਧ
ਪਟਿਆਲਾ, 28 ਮਾਰਚ
ਪਿਛਲੀ ਕਾਂਗਰਸ ਸਰਕਾਰ ਦੌਰਾਨ ਮੰਤਰੀ ਹੁੰਦਿਆਂ ਸੀਨੀਅਰ ਕਾਂਗਰਸ ਆਗੂ ਬ੍ਰਹਮ ਮਹਿੰਦਰਾ ਦੇ ਪੀ.ਏ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਪਟਿਆਲਾ ਵਾਸੀ ਬਹਾਦਰ ਖਾਨ ਧਬਲਾਨ ਅੱਜ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਏ ਹਨ। ਉਹ ਪੰਜਾਬ ਸਰਕਾਰ ਦੌਰਾਨ ਹੀ ਸਰਕਾਰੀ ਪੱਧਰ ’ਤੇ ‘ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਪੰਜਾਬ’ ਦੇ ਸੂਬਾਈ ਮੈਂਬਰ ਵੀ ਰਹੇ ਹਨ ਜਦਕਿ ਹੁਣ ਵੀ ਮੁਸਲਿਮ ਮਹਾਂਸਭਾ ਪੰਜਾਬ ਦੇ ਸੂਬਾਈ ਚੇਅਰਮੈਨ ਹਨ। ਉਨ੍ਹਾਂ ਨੇ ਪਟਿਆਲਾ ਦੇ ਸੰਸਦ ਮੈਂਬਰ ਅਤੇ ਭਾਜਪਾ ਆਗੂ ਪਰਨੀਤ ਕੌਰ ਦੀ ਪ੍ਰੇਰਨਾ ਸਦਕਾ ਅੱਜ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ।
ਇਹ ਜਾਣਕਾਰੀ ਅੱਜ ਇਥੋਂ ਪਰਨੀਤ ਕੌਰ ਦੀ ਰਿਹਾਹਿਸ਼ ਨਿਊ ਮੋਤੀ ਬਾਗ ਪੈਲੇਸ ਤੋਂ ਜਾਰੀ ਕੀਤੀ ਗਈ ਹੈ। ਭਾਜਪਾ ’ਚ ਸ਼ਾਮਲ ਹੋਣ ’ਤੇ ਬਹਾਦਰ ਖਾਨ ਦਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ, ਜਸਪਾਲ ਗਗਰੌਲਾ, ਸੁਰਿੰਦਰ ਖੇੜਕੀ, ਜਿੰਮੀ ਡਕਾਲਾ ਸਮੇਤ ਕਈ ਹੋਰ ਭਾਜਪਾ ਆਗੂਆਂ ਨੇ ਸਵਾਗਤ ਕੀਤਾ ਹੈ। ਭਾਜਪਾ ਵਿੱਚ ਸਾਬਕਾ ਪ੍ਰਿੰਸੀਪਲ ਗੌਰਮਿੰਟ ਟੀਚਰਜ਼ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਹਰਪਾਲ ਸਿੰਘ ਤੇਜਾ, ਸੰਜੀਵ ਗਰਗ ਅਤੇ ਮਾਰਕੀਟ ਕਮੇਟੀ ਨਾਭਾ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੱਟੜਾ ਵੀ ਸ਼ਾਮਲ ਹੋਏ।