ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਥਨੀ ਤੇ ਕਰਨੀ ਦਾ ਮੁਜੱਸਮਾ ਮਹਿੰਦਰ ਸਿੰਘ ਸਰਨਾ

06:11 AM Sep 08, 2023 IST
ਤਸਵੀਰ ਲਈ ਧੰਨਵਾਦ: ਨਵਤੇਜ ਸਿੰਘ ਸਰਨਾ

ਡਾ. ਰਵੇਲ ਸਿੰਘ

ਪੰਜਾਬੀ ਕਹਾਣੀ ਦੇ ਵਿਕਾਸ ਵਿਚ ਤੀਜੇ ਦੌਰ ਦੇ ਕਹਾਣੀਕਾਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਕ ਸਮਾਂ ਸੀ ਜਦੋਂ ਕੁਲਵੰਤ ਸਿੰਘ ਵਿਰਕ, ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ, ਸੁਜਾਨ ਸਿੰਘ, ਸੰਤੋਖ ਸਿੰਘ ਧੀਰ, ਸਵਿੰਦਰ ਸਿੰਘ ਉੱਪਲ, ਅਜੀਤ ਕੌਰ ਆਦਿ ਨਾਮ ਪੰਜਾਬੀ ਕਹਾਣੀ ਦੇ ਅਸਮਾਨ ਵਿਚ ਛਾਏ ਹੋਏ ਸਨ। ਇਨ੍ਹਾਂ ਹੀ ਸਮਿਆਂ ਵਿਚ ਵਿਲੱਖਣ ਤੋਰ ਤੁਰਨ ਵਾਲੇ ਕਹਾਣੀਕਾਰ ਤੇ ਲੇਖਕ ਮਹਿੰਦਰ ਸਿੰਘ ਸਰਨਾ ਦੇ ਜਿ਼ਕਰ ਬਿਨਾ ਪੰਜਾਬੀ ਕਹਾਣੀ ਦਾ ਇਤਿਹਾਸ ਅਧੂਰਾ ਰਹਿੰਦਾ ਹੈ। 1923 ਵਿਚ ਸ੍ਰੀ ਭਗਵਾਨ ਸਿੰਘ ਦੇ ਘਰ ਰਾਵਲਪਿੰਡੀ (ਹੁਣ ਪਾਕਿਸਤਾਨ) ਵਿਚ ਜਨਮੇ ਮਹਿੰਦਰ ਸਿੰਘ ਸਰਨਾ ਨੇ ਅੰਗਰੇਜ਼ੀ ਦੇ ਵਿਸ਼ੇ ਵਿਚ ਬੀਏ ਆਨਰਜ਼ ਦੀ ਡਿਗਰੀ ਹਾਸਿਲ ਕੀਤੀ ਅਤੇ ਫਿਰ ਸਰਕਾਰੀ ਨੌਕਰੀ ਵਿਚ ਆ ਗਏ। ਤਰੱਕੀ ਕਰਦੇ ਕਰਦੇ ਉਹ ਇੰਡੀਅਨ ਆਡਿਟ ਐਂਡ ਅਕਾਊਂਟਸ ਸਰਵਿਸ ਦੇ ਮਹਿਕਮੇ ਵਿਚ ਅਕਾਊਂਟੈਂਟ ਜਨਰਲ ਦੇ ਸਰਵਉੱਚ ਅਹੁਦੇ ਤਕ ਪਹੁੰਚੇ। ਉਹ ਨਿਹਾਇਤ ਸ਼ਰੀਫ਼ ਇਨਸਾਨ ਸਨ ਅਤੇ ਆਪਣੇ ਸਮਕਾਲੀ ਲੇਖਕਾਂ ਦੇ ਉਲਟ ਕਥਨੀ ਤੇ ਕਰਨੀ ਵਿਚ ਸੁਮੇਲ ਬਣਾ ਕੇ ਰੱਖਣਾ ਉਨ੍ਹਾਂ ਦੀ ਸ਼ਖ਼ਸੀਅਤ ਦਾ ਵੱਡਾ ਗੁਣ ਸੀ। ਉਨ੍ਹਾਂ ਨਾਵਲ, ਵਾਰਤਕ ਅਤੇ ਮਹਾਂਕਾਵਿ ਦੇ ਖੇਤਰ ਵਿਚ ਵੀ ਗੌਲਣਯੋਗ ਰਚਨਾ ਕੀਤੀ ਪਰ ਕਹਾਣੀਕਾਰ ਵਜੋਂ ਉਨ੍ਹਾਂ ਨੂੰ ਉਚੇਚਾ ਆਦਰ ਸਨਮਾਨ ਪ੍ਰਾਪਤ ਹੋਇਆ। ਉਨ੍ਹਾਂ ਦੇ ਪ੍ਰਕਾਸ਼ਿਤ ਕਹਾਣੀ ਸੰਗ੍ਰਹਿਆਂ ਵਿਚ 235 ਕਹਾਣੀਆਂ ਮਿਲਦੀਆਂ ਹਨ। ਉਨ੍ਹਾਂ ਦੀਆਂ ਕਥਾ ਰਚਨਾਵਾਂ ਹਨ: ਪੱਥਰ ਦੇ ਆਦਮੀ, ਸ਼ਗਨਾਂ ਭਰੀ ਸਵੇਰ, ਸੁਪਨਿਆਂ ਦੀ ਸੀਮਾ, ਵੰਝਲੀ ਅਤੇ ਵਿਲਕਣੀ, ਛਵੀਆਂ ਦੀ ਰੁੱਤ, ਕਾਲਿੰਗਾ, ਸੁੰਦਰ ਘਾਟੀ ਦੀ ਸਹੁੰ, ਸੂਹਾ ਸਾਲੂ-ਸੂਹਾ ਗੁਲਾਬ, ਕਾਲਾ ਬੱਦਲ ਕੂਲੀ ਧੁੱਪ, ਨਵੇਂ ਯੁੱਗ ਦੇ ਵਾਰਿਸ, ਔਰਤ ਈਮਾਨ, ਮੇਰੀਆਂ ਚੋਣਵੀਆਂ ਕਹਾਣੀਆਂ, ਗਾਥਾ ਗ਼ਮ ਦੇ ਮਾਰਿਆਂ ਦੀ। ਮਹਿੰਦਰ ਸਿੰਘ ਸਰਨਾ ਅਜਿਹੇ ਇਨਸਾਨ ਸਨ ਜੋ ਕਦੇ ਇਨਾਮਾਂ ਸਨਮਾਨਾਂ ਦੀ ਦੌੜ ਵਿਚ ਨਹੀਂ ਪਏ ਅਤੇ ਸਿਰ ਸੁੱਟ ਕੇ ਆਪਣੀ ਕਲਮ ਚਲਾਉਣ ਵਿਚ ਰੁੱਝੇ ਰਹੇ। 1994 ਵਿਚ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਨਵੇਂ ਯੁੱਗ ਦੇ ਵਾਰਿਸ’ ਨੂੰ ਸਾਹਿਤ ਅਕਾਦਮੀ ਪੁਰਸਕਾਰ ਲਈ ਚੁਣਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਚਾਰ ਨਾਵਲ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਏ ਜਿਨ੍ਹਾਂ ਦੇ ਨਾਮ ਹਨ: ਪੀੜਾਂ ਮੱਲੇ ਰਾਹ, ਕਾਂਗਾਂ ਕੰਢੇ ਰਾਹ ਅਤੇ ਸੂਹਾ ਰੰਗ ਮਜੀਠ ਦਾ। ਸਿੱਖ ਇਤਿਹਾਸ ਵਿਚ ਉਨ੍ਹਾਂ ਦੀ ਵਿਸ਼ੇਸ਼ ਦਿਲਚਸਪੀ ਸੀ ਜਿਸ ਦੇ ਫਲਸਰੂਪ ਉਨ੍ਹਾਂ ਚਮਕੌਰ, ਸਾਕਾ ਜਿਨ ਕੀਆ, ਪਾਉਂਟਾ ਅਤੇ ਅਬ ਜੂਝਣ ਕੋ ਦਾਓ ਸਿਰਲੇਖਾਂ ਹੇਠ ਚਾਰ ਮਹਾ-ਕਾਵਿ ਵੀ ਰਚੇ।
ਉਨ੍ਹਾਂ ਭਾਵੇਂ ਕਈ ਵਿਧਾਵਾਂ ਵਿਚ ਰਚਨਾ ਕੀਤੀ ਪਰ ਕਹਾਣੀਕਾਰ ਵਜੋਂ ਉਨ੍ਹਾਂ ਨੂੰ ਵਧੇਰੇ ਮਾਨਤਾ ਪ੍ਰਾਪਤ ਹੋਈ ਤੇ ਉਹ ਤੀਜੀ ਪੀੜ੍ਹੀ ਦੇ ਮੁੱਖ ਤੇ ਮੋਢੀ ਕਹਾਣੀਕਾਰ ਵਜੋਂ ਸਥਾਨ ਬਣਾਉਂਦੇ ਹਨ। ਉਹ ਜੀਵਨ ਦੇ ਹਰ ਪਹਿਲੂ ਖੁਸ਼ੀ-ਗ਼ਮੀ, ਨਿੱਕੀ ਤੋਂ ਨਿੱਕੀ ਘਟਨਾ, ਸਧਾਰਨ ਜੀਵਨ ਵਿਚ ਵਾਪਰਦੇ ਹਾਦਸਿਆਂ, ਦੱਬੀਆਂ ਘੁੱਟੀਆਂ ਭਾਵਨਾਵਾਂ, ਚੀਸਾਂ, ਪੁਕਾਰਾਂ ਅਤੇ ਉਮੀਦਾਂ-ਬੇਉਮੀਦਾਂ ਨੂੰ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਉਂਦੇ ਹਨ। 1947 ਦੀ ਦੇਸ਼ ਵੰਡ ਵੇਲੇ ਉਹ ਭਰ ਜਵਾਨੀ ਵਿਚ ਸਨ ਅਤੇ ਇਸ ਕਾਲੇ ਦੌਰ ਦਾ ਸੰਤਾਪ ਉਨ੍ਹਾਂ ਆਪਣੇ ਸਿਰ ’ਤੇ ਹੰਢਾਇਆ ਵੀ ਅਤੇ ਚਾਰੇ ਪਾਸੇ ਫੈਲੀ ਨਫ਼ਰਤ ਤੇ ਹਿੰਸਾ ਦੀ ਅੱਗ ਦੇ ਉਹ ਚਸ਼ਮਦੀਦ ਗਵਾਹ ਸਨ। ਇਹੋ ਕਾਰਨ ਹੈ ਕਿ ਉਹ ‘ਛਵੀਆਂ ਦੀ ਰੁੱਤ’, ‘ਪੈਧੇ ਵਾਲਾ ਵੜੈਚ’ ਅਤੇ ‘ਇਕ ਬਾਲੜੀ ਦੋ ਪਤਾਸੇ’ ਵਰਗੀਆਂ ਸ਼ਾਹਕਾਰ ਕਹਾਣੀਆਂ ਦੀ ਰਚਨਾ ਕਰ ਸਕੇ। ਉਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੀਆਂ ਕਹਾਣੀਆਂ ਵਿਚ ਦੇਸ਼ ਵੰਡ ਵੇਲੇ ਹੋਈ ਹਿੰਸਾ ਦਾ ਇਲਜ਼ਾਮ ਆਮ ਲੋਕਾਂ ਦੇ ਸਿਰ ’ਤੇ ਨਹੀਂ ਮੜ੍ਹਦੇ ਸਗੋਂ ਉਹ ਤਾਂ ਭੀੜਤੰਤਰ ਖਿ਼ਲਾਫ਼ ਅਜਿਹੇ ਜਿਊਂਦੇ ਜਾਗਦੇ ਪਾਤਰ ਖੜ੍ਹੇ ਕਰਦੇ ਹਨ ਜੋ ਮਾਨਵੀ ਕਦਰਾਂ-ਕੀਮਤਾਂ ਨਾਲ ਭਰੇ ਹੋਏ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਹਨ। ਇਨ੍ਹਾਂ ਕਹਾਣੀਆਂ ਵਿਚ ਉਹ ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਤੇ ਦੇਸ਼ ਵਿਚ ਉੱਭਰ ਰਹੀ ਨਵੀਂ ਰਾਜਨੀਤਕ ਲੀਡਰਸ਼ਿਪ ਨੂੰ ਕਟਿਹਰੇ ਵਿਚ ਖੜ੍ਹੇ ਕਰਦੇ ਹਨ।
ਉਨ੍ਹਾਂ ਨੇ ਭਾਵੇਂ ਕਹਾਣੀ ਦੇ ਖੇਤਰ ਵਿਚ ਵਧੇਰੇ ਨਾਮਣਾ ਖੱਟਿਆ ਪਰ ਨਾਵਲਕਾਰ ਵਜੋਂ ਵੀ ਮਹਿੰਦਰ ਸਿੰਘ ਸਰਨਾ ਦੀਆਂ ਪ੍ਰਾਪਤੀਆਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਆਪਣੇ ਨਾਵਲਾਂ ਵਿਚ ਉਹ ਆਪਣੇ ਤੋਂ ਪੂਰਵਲੇ ਨਾਵਲਕਾਰਾਂ ਨਾਲੋਂ ਵਿੱਥ ਸਿਰਜਦੇ ਹਨ ਅਤੇ ਆਦਰਸ਼ ਸਿਰਜਣਾ ਤੋਂ ਮੁਕਤੀ ਪ੍ਰਾਪਤ ਕਰਦਿਆਂ ਯਥਾਰਥ ਅਤੇ ਹਕੀਕੀ ਸਿਰਜਣ ਤੇ ਚਿਤਰਨ ਨੂੰ ਆਪਣੀ ਸਿਰਜਣਾ ਦਾ ਕੇਂਦਰ ਬਣਾਉਂਦੇ ਹਨ। ਉਨ੍ਹਾਂ ਦੇ ਘੜੇ ਪਾਤਰ ਨਾਵਲ ਪ੍ਰਸੰਗਾਂ ਪ੍ਰਤੀ ਰੁਮਾਂਸਮਈ ਵਰਤਾਓ ਧਾਰਨ ਕਰਨ ਦੀ ਥਾਂ ਵਸਤੂ-ਯਥਾਰਥ ਦੇ ਘਟਨਾਤਮਕ ਵਿਵੇਕ ਉੱਤੇ ਆਧਾਰਿਤ ਬਿਰਤਾਂਤ-ਪ੍ਰਸੰਗਾਂ ਦੀ ਉਸਾਰੀ ਕਰਦੇ ਹਨ। ਨਾਲ ਹੀ ਆਪਣੇ ਨਾਵਲਾਂ ਦਾ ਘਟਨਾਤਮਕ ਉਸਾਰ ਕਰਦਿਆਂ ਭਾਵਾਤਮਕ ਅਤੇ ਉਪਦੇਸ਼ਾਤਮਕ ਵਿਸਤਾਰ ਵਿਚ ਪੈਣ ਦੀ ਥਾਂ ਸਥਿਤੀਆਂ ਦੀ ਕਰੂਰਤਾ ਨੂੰ ਬਾਖੂਬੀ ਪੇਸ਼ ਕਰਦੇ ਹਨ। ਮਹਿੰਦਰ ਸਿੰਘ ਸਰਨਾ ਦੇ ਨਾਵਲ ਜਗਤ ਦੀ ਖ਼ਾਸੀਅਤ ਉਨ੍ਹਾਂ ਦੀ ਬੇਬਾਕੀ ਹੈ, ਵਿਸ਼ੇਸ਼ ਕਰ ਕੇ ਉਦੋਂ ਜਦੋਂ ਉਹ ਮਨੁੱਖੀ ਭਾਵਨਾਵਾਂ, ਅਕਾਂਖਿਆਵਾਂ ਅਤੇ ਰੀਝਾਂ-ਸੁਪਨਿਆਂ ਦਾ ਚਿਤਰਨ ਕਰਦਿਆਂ ਸਪੱਸ਼ਟਤਾ ਤੋਂ ਕੰਮ ਲੈਂਦੇ ਹਨ ਅਤੇ ਇਸ ਪੇਸ਼ਕਾਰੀ ਵਿਚ ਝਿਜਕ ਤੋਂ ਮੁਕਤ ਹੋ ਜਾਂਦੇ ਹਨ। ਉਨ੍ਹਾਂ ਦੇ ਨਾਵਲਾਂ ਦੀ ਬਿਰਤਾਂਤਕਾਰੀ ਵਿਅਕਤੀਗਤ ਪ੍ਰਸੰਗਾਂ ਦੀ ਪੇਸ਼ਕਾਰੀ ਕਰਨ ਦੀ ਬਜਾਇ ਯੁੱਗ-ਬੋਧ ਦੇ ਵੰਨ-ਸਵੰਨੇ ਪ੍ਰਸੰਗਾਂ ਦੀ ਸਿਰਜਣਾ ਵੱਲ ਰੁਚਿਤ ਰਹਿੰਦੀ ਹੈ। ਉਨ੍ਹਾਂ ਦੇ ਨਾਵਲਾਂ ‘’ਚ ਪਾਠਕ ਨੂੰ ਮੁਕਾਮੀ ਰੰਗ, ਹਾਸ-ਵਿਅੰਗ ਤੇ ਪ੍ਰੀਤ ਦੇ ਰੁਮਾਂਟਿਕ ਅਦਰਸ਼ਵਾਦੀ ਸਰੂਪ ਦੇ ਦਰਸ਼ਨ ਹੁੰਦੇ ਹਨ; ਨਾਲ ਦੀ ਨਾਲ ਉਹ ਸਮਕਾਲੀ ਸਮਾਜ ਦਾ ਯਥਾਰਥ ਵੀ ਪੇਸ਼ ਕਰਦੇ ਹਨ। ਉਨ੍ਹਾਂ ਦੇ ਨਾਵਲਾਂ ਦੇ ਇਹ ਗੁਣ ਉਨ੍ਹਾਂ ਨੂੰ ਦੂਸਰੇ ਨਾਵਲਕਾਰਾਂ ਤੋਂ ਵਿਲੱਖਣ ਬਣਾਉਂਦੇ ਹਨ।
ਮਹਿੰਦਰ ਸਿੰਘ ਸਰਨਾ ਖ਼ੁਦ ਆਪਣੀਆਂ ਕਹਾਣੀਆਂ ਦੇ ਪਾਤਰਾਂ ਬਾਰੇ ਲਿਖਦੇ ਹਨ: “ਮੈਂ ਸਦਾ ਉਨ੍ਹਾਂ ਲਈ ਲਿਖਣਾ ਚਾਹਿਆ ਜਿਨ੍ਹਾਂ ਨੂੰ ਜਿ਼ੰਦਗੀ ਨੇ ਕੁਝ ਨਹੀਂ ਦਿੱਤਾ।” ਉਹ ਆਪਣੇ ਦ੍ਰਿਸ਼ਟੀਕੋਣ ਨੂੰ ‘ਕੱਟੜ ਆਸ਼ਾਵਾਦ’ ਦਾ ਨਾਂ ਦਿੰਦਾ ਹੈ ਅਤੇ ਇਨਸਾਨਪ੍ਰਸਤੀ ਤੇ ਵਿਅੰਗ ਨੂੰ ਆਪਣੇ ਗਲਪ ਦੇ ਮੁੱਖ ਹਥਿਆਰ ਮੰਨਦਾ ਹੈ।
2001 ਵਿਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੀ ਪਤਨੀ ਸ੍ਰੀਮਤੀ ਸੁਰਜੀਤ ਸਰਨਾ ਨੇ ਉਨ੍ਹਾਂ ਦੀ ਕਲਮ ਦੀ ਸਿਆਹੀ ਨੂੰ ਸੁੱਕਣ ਨਹੀਂ ਦਿੱਤਾ ਅਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਕਵਿਤਾ ਤੇ ਕਹਾਣੀ ਦੇ ਨਾਲ ਨਾਲ ਅਨੁਵਾਦ ਦਾ ਕੰਮ ਕਰਦੇ ਰਹੇ ਹਨ। ਉਨ੍ਹਾਂ ਦੇ ਪੁੱਤਰ ਨਵਤੇਜ ਸਿੰਘ ਸਰਨਾ ਦਾ ਨਾਮ ਸਫਲ ਡਿਪਲੋਮੈਟ ਹੋਣ ਦੇ ਨਾਲ ਨਾਲ ਦੇਸ਼ ਦੇ ਨਾਮੀ ਗਰਾਮੀ ਸਾਹਿਤਕਾਰਾਂ ਵਿਚ ਸ਼ੁਮਾਰ ਹੈ। ਮਹਿੰਦਰ ਸਿੰਘ ਸਰਨਾ ਭਾਵੇਂ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੁਆਰਾ ਰਚਿਤ ਸਾਹਿਤ ਵਿਸ਼ੇਸ਼ ਕਰ ਕੇ ਦੇਸ਼ ਵੰਡ ਨਾਲ ਸਬੰਧਿਤ ਕਹਾਣੀਆਂ ਪੰਜਾਬੀ ਸਾਹਿਤ ਦਾ ਅਮੁੱਲਾ ਅਤੇ ਸਾਂਭਣਯੋਗ ਸਰਮਾਇਆ ਹਨ।
ਸੰਪਰਕ: 92120-21195

Advertisement

Advertisement