ਮਹਿਮਾ ਭਗਵਾਨਾ ਦੀ ਧੀ ਨੇ ਟਰੈਕਟਰ ਚਲਾ ਕੇ ਕੀਤੀ ਕਾਫ਼ਲੇ ਦੀ ਅਗਵਾਈ
ਮਹਿਮਾ ਸਰਜਾ (ਬਠਿੰਡਾ) (ਮਨੋਜ ਸ਼ਰਮਾ): ਕਿਸਾਨ ਅੰਦੋਲਨ ਦੀ ਵਾਗਡੋਰ ਪੰਜਾਬ ਦੀਆਂ ਧੀਆਂ ਨੂੰ ਫੜਨੀ ਪੈ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਕਿਸਾਨ ਵਿਰੋਧੀ ਕਾਨੂੰਨ ਨਾ ਘੜੇ ਹੁੰਦੇ ਤਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਭਗਵਾਨਾ ਦੀ ਧੀ ਨੂੰ ਪੜ੍ਹਨ ਦੀ ਉਮਰੇ ਸੰਘਰਸ਼ ਦੇ ਰਾਹ ਨਾ ਪੈਣਾ ਪੈਂਦਾ। ਅੱਜ ਕੇਂਦਰ ਦੀ ਬੋਲੀ ਸਰਕਾਰ ਦੇ ਕੰਨ ਖੋਲ੍ਹਣ ਲਈ ਕਿਸਾਨਾਂ ਦੇ ਟਰੈਕਟਰ ਅੰਦੋਲਨ ਦੀ ਅਗਵਾਈ ਖ਼ੁਦ ਟਰੈਕਟਰ ਚਲਾ ਕੇ ਕੀਤੀ ਤਾਂ ਕਿਸਾਨੀ ਕਾਫ਼ਲੇ ਨੂੰ ਨਵਾਂ ਬਲ ਮਿਲਿਆ। ਬਲਦੀਪ ਦਾ ਫੋਰਡ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਝੰਡੇ ਹੇਠ ਜਦੋਂ ਪਿੰਡ ਮਹਿਮਾ ਸਰਜਾ ਦੇ ਫੋਕਲ ਪੁਆਇੰਟ ਤੋਂ ਚੱਲਿਆ ਤਾਂ ਕਾਫ਼ਲਾ ਦੇਖਣ ਵਾਲਾ ਸੀ। ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਭਗਵਾਨਾ ਦੇ ਜਗਸੀਰ ਸਿੰਘ ਦੀ ਧੀ ਦਾ ਭਰਾ ਨਾ ਹੋਣ ਕਾਰਨ ਨਿਆਣੀ ਉਮਰੇ ਟਰੈਕਟਰ ਦਾ ਸਟੇਰਿੰਗ ਫੜਨਾ ਪਿਆ ਤਾਂ ਖੇਤ ਜੋਤਦੀ ਬਲਦੀਪ ਨੂੰ ਦੇਖ ਹਰ ਕੋਈ ਕਹਿੰਦਾ ਜਗਸੀਰ ਸਹਿਓਂ ਦਿਲ ਛੋਟਾ ਨਾ ਕਰਿਆ ਕਰ ਤੇਰੀ ਬਲਦੀਪ ਤਾਂ ਮੰਡਿਆਂ ਤੋਂ ਘੱਟ ਨਹੀਂ। ਪਿਤਾ ਨਾਲ ਪਾਣੀ ਲਵਾਉਣ ਤੋਂ ਲੈ ਕੇ ਖੇਤ ਦਾ ਹਰ ਕੰਮ ਬਲਦੀਪ ਕਰਦੀ ਹੈ। ਬਲਦੀਪ ਦਾ ਦਾਦਾ ਜਰਨੈਲ ਸਿੰਘ ਅਤੇ ਦਾਦੀ ਬਲਦੇਵ ਕੌਰ ਤਾਂ ਕਿਸਾਨੀ ਦੇ ਹਰ ਸੰਘਰਸ਼ ਵਿਚ ਯੋਗਦਾਨ ਪਾਉਂਦੇ ਹਨ ਤਾਂ ਪੋਤੀ ਕਿਵੇਂ ਰਹਿ ਸਕਦੀ ਹੈ