ਮਹਿਲਾ ਕਾਂਗਰਸ ਵੱਲੋਂ ਜੰਤਰ-ਮੰਤਰ ’ਤੇ ਮੁਜ਼ਾਹਰਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੁਲਾਈ
ਮਹਿਲਾ ਰਾਖਵਾਂਕਰਨ ਬਿੱਲ, ਮਹਿਲਾਵਾਂ ਦੀ ਸੁਰੱਖਿਆ ਅਤੇ ਵੱਧ ਰਹੀ ਮਹਿੰਗਾਈ ਦੇ ਮੁੱਦੇ ਉੱਤੇ ਆਲ ਇੰਡੀਆ ਮਹਿਲਾ ਕਾਂਗਰਸ ਵੱਲੋਂ ਕੌਮੀ ਪ੍ਰਧਾਨ ਅਲਕਾ ਲਾਂਬਾ ਦੀ ਅਗਵਾਈ ਹੇਠ ਜੰਤਰ ਮੰਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਤੇ ਆਬਜ਼ਰਵਰ ਨਤਾਸ਼ਾ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਦੀਆਂ ਮਹਿਲਾ ਕਾਂਗਰਸ ਆਗੂਆਂ ਨੇ ਵੀ ਹਿੱਸਾ ਲਿਆ। ਇਸ ਦੌਰਾਨ ਲਾਲ ਸੂਟ ਪਾ ਕੇ ਦਿੱਲੀ ਪੁੱਜੀਆਂ ਮਹਿਲਾਵਾਂ ਦਾ ਜੋਸ਼ ਦੇਖਣ ਵਾਲਾ ਸੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਾਜਪਾ ਨੇ 2024 ਵਿੱਚ ਆਪਣੀ ਸਰਕਾਰ ਬਣਾਉਣ ਲਈ ਔਰਤਾਂ ਸਾਹਮਣੇ 33 ਫ਼ੀਸਦੀ ਰਿਜ਼ਰਵੇਸ਼ਨ ਬਿੱਲ ਨੂੰ ਲੋਕ ਸਭਾ ਤੇ ਰਾਜ ਸਭਾ ਵਿੱਚ ਪਾਸ ਕਰਕੇ ਬਿੱਲ ਲਾਗੂ ਕਰਨ ਦਾ ਜੁਮਲਾ ਪੇਸ਼ ਕੀਤਾ ਪਰ ਮਗਰੋਂ 2026 ਵਿੱਚ ਜਨਗਣਨਾ ਤੋਂ ਬਾਅਦ ਬਿੱਲ ਲਾਗੂ ਕਰਨ ਦਾ ਬਹਾਨਾ ਬਣਾ ਕੇ ਠੰਢੇ ਬਸਤੇ ਵਿੱਚ ਪਾ ਦਿੱਤਾ। ਉਨ੍ਹਾਂ ਕਿਹਾ ਜਦੋਂ ਤੱਕ ਭਾਜਪਾ 33 ਫ਼ੀਸਦ ਰਿਜ਼ਰਵੇਸ਼ਨ ਬਿੱਲ ਵਿੱਚ ਓਬੀਸੀ ਭੈਣਾਂ ਦਾ ਕੋਟਾ ਯਕੀਨੀ ਬਣਾ ਕੇ ਇਹ ਬਿੱਲ ਲਾਗੂ ਨਹੀਂ ਕਰਦੀ ਮਹਿਲਾ ਕਾਂਗਰਸ ਚੁੱਪ ਕਰਕੇ ਨਹੀਂ ਬੈਠੇਗੀ। ਇਸ ਮੁੱਦੇ ਨੂੰ ਸੂਬਿਆਂ ਤੋਂ ਜ਼ਿਲ੍ਹਿਆਂ ਤੇ ਫੇਰ ਬਲਾਕਾਂ ਵਿੱਚ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਫਿਰ ਇਹ ਅੰਦੋਲਨ ਹਰ ਪਿੰਡ ਹਰ ਗਲੀ ਤੋਂ ਹਰ ਘਰ ਤੱਕ ਪੁੱਜੇਗਾ। ਇਸ ਲਈ ਭਾਜਪਾ ਸਰਕਾਰ ਨੂੰ ਸਮਾਂ ਰਹਿੰਦਿਆਂ ਇਹ ਬਿੱਲ ਲਾਗੂ ਕਰ ਦੇਣਾ ਚਾਹੀਦਾ ਹੈ। ਅੱਜ ਦੇਸ਼ ਦੀ ਹਰ ਮਹਿਲਾ ਆਪਣੀ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਦੇਸ਼ ਵਿੱਚ ਕਈ ਔਰਤਾਂ ਦਾ ਅਪਮਾਨ ਕੀਤਾ ਗਿਆ ਹੈ ਜਿਸ ਨਾਲ ਦੇਸ਼ ਦਾ ਸਿਰ ਦੁਨੀਆਂ ਭਰ ਵਿੱਚ ਸ਼ਰਮਸਾਰ ਹੋਇਆ ਹੈ।
ਮਨੀਪੁਰ ਦੀਆਂ ਸੜਕਾਂ ’ਤੇ ਧੀਆਂ ਨੂੰ ਨੰਗਾ ਘੁਮਾਉਣ ਤੋਂ ਲੈ ਕੇ, ਮੱਧ ਪ੍ਰਦੇਸ਼ ਦੇ ਰੀਵਾ ਦੀ ਜ਼ਮੀਨ ਵਿੱਚ ਗੱਡੀਆਂ ਦੋ ਸਕੀਆਂ ਭੈਣਾਂ ਦਾ ਅਪਮਾਨ ਦੇਸ਼ ਕਦੀ ਨਹੀਂ ਭੁੱਲੇਗਾ। ਅੱਜ ਦੇ ਇਸ ਧਰਨੇ ਵਿੱਚ ਜਲੰਧਰ, ਮੂਨਕ, ਢੋਲੇਵਾਲ, ਨਵਾਂਸ਼ਹਿਰ, ਮੋਗਾ, ਲੁਧਿਆਣਾ, ਰਾਜਪੁਰਾ, ਫ਼ਰੀਦਕੋਟ, ਪਾਤੜਾਂ ਸਣੇ ਪੰਜਾਬ ਦੇ ਹੋਰ ਇਲਾਕਿਆਂ ਤੋਂ ਬੀਬੀਆਂ ਸ਼ਾਮਲ ਹੋਈਆਂ।