For the best experience, open
https://m.punjabitribuneonline.com
on your mobile browser.
Advertisement

ਮਹਾਯੁਤੀ ਦੇ ਨੇਤਾ ਤੈਅ ਕਰਨਗੇ ਅਗਲਾ ਮੁੱਖ ਮੰਤਰੀ: ਬਾਵਨਕੁਲੇ

07:01 AM Nov 25, 2024 IST
ਮਹਾਯੁਤੀ ਦੇ ਨੇਤਾ ਤੈਅ ਕਰਨਗੇ ਅਗਲਾ ਮੁੱਖ ਮੰਤਰੀ  ਬਾਵਨਕੁਲੇ
ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਮੁੰਬਈ, 24 ਨਵੰਬਰ
ਭਾਰਤੀ ਜਨਤਾ ਪਾਰਟੀ ਦੀ ਮਹਾਰਾਸ਼ਟਰ ਇਕਾਈ ਦੇ ਮੁਖੀ ਚੰਦਰਸ਼ੇਖਰ ਬਾਵਨਕੁਲੇ ਨੇ ਅੱਜ ਕਿਹਾ ਕਿ ਹਾਕਮ ਮਹਾਯੁਤੀ ਗੱਠਜੋੜ ਦੇ ਨੇਤਾ ਅਤੇ ਭਾਜਪਾ ਦੀ ਲੀਡਰਸ਼ਿਪ ਇਹ ਤੈਅ ਕਰੇਗੀ ਕਿ ਸੂਬੇ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ।
ਬਾਵਨਕੁਲੇ ਨੇ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਜਨਤਾ ਨੇ ਭਾਜਪਾ ਦੀ ਹਮਾਇਤ ਕੀਤੀ ਅਤੇ ਕਾਂਗਰਸ ਨੂੰ ਖਾਰਜ ਕਰ ਦਿੱਤਾ ਹੈ ਅਤੇ ਇਸ ਦੀ ਸੂਬਾ ਇਕਾਈ ਦੇ ਮੁਖੀ ਨਾਨਾ ਪਟੋਲੇ ਸਿਰਫ਼ 200 ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਮਹਾਰਾਸ਼ਟਰ ’ਚ 288 ਮੈਂਬਰੀ ਵਿਧਾਨ ਸਭਾ ਲਈ ਹੋਈਆਂ ਚੋਣਾਂ ’ਚ ਮਹਾਯੁਤੀ ਗੱਠਜੋੜ ਨੇ 230 ਸੀਟਾਂ ਜਿੱਤ ਕੇ ਸੱਤਾ ਬਰਕਰਾਰ ਰੱਖੀ ਹੈ। ਚੋਣ ਨਤੀਜੇ ਬੀਤੇ ਦਿਨ ਐਲਾਨੇ ਗਏ। ਮਹਾਯੁਤੀ ਗੱਠਜੋੜ ’ਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਤੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਦੀ ਐੱਨਸੀਪੀ ਵੀ ਸ਼ਾਮਲ ਹੈ। ਵਿਰੋਧੀ ਧਿਰ ਮਹਾਵਿਕਾਸ ਅਘਾੜੀ ਗੱਠਜੋੜ ਸਿਰਫ਼ 46 ਸੀਟਾਂ ਹੀ ਜਿੱਤ ਸਕਿਆ। ਐੱਮਵੀਏ ’ਚ ਕਾਂਗਰਸ, ਐੱਨਸੀਪੀ (ਸ਼ਰਦ ਚੰਦਰ ਪਵਾਰ) ਤੇ ਸ਼ਿਵ ਸੈਨਾ (ਯੂਬੀਟੀ) ਸ਼ਾਮਲ ਹਨ। ਭਾਜਪਾ ਨੂੰ 132, ਸ਼ਿਵ ਸੈਨਾ ਨੂੰ 57 ਜਦਕਿ ਐੱਨਸੀਪੀ ਨੂੰ 41 ਸੀਟਾਂ ਮਿਲੀਆਂ ਹਨ। ਐੱਮਵੀਏ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਚੰਦਰ ਪਵਾਰ) ਨੂੰ 10, ਕਾਂਗਰਸ ਨੂੰ ਛੇ ਅਤੇ ਸ਼ਿਵ ਸੈਨਾ (ਯੂਬੀਟੀ) ਨੂੰ 20 ਸੀਟਾਂ ਮਿਲੀਆਂ ਹਨ।
ਸੂਬੇ ਦੇ ਅਗਲੇ ਮੁੱਖ ਮੰਤਰੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਬਾਵਨਕੁਲੇ ਨੇ ਕਿਹਾ, ‘ਇਸ ਸਬੰਧੀ ਫ਼ੈਸਲਾ ਮਹਾਯੁਤੀ ਦੇ ਆਗੂਆਂ ਤੇ ਭਾਜਪਾ ਸੰਸਦੀ ਬੋਰਡ ਵੱਲੋਂ ਲਿਆ ਜਾਵੇਗਾ।’ ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਗੱਠਜੋੜ ਦੀ ਸ਼ਾਸਨ ਯੋਜਨਾ ਅਨੁਸਾਰ ਹੋਵੇਗੀ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੀ ਜਨਤਾ ਨੇ ਕਾਂਗਰਸ ਨੂੰ ਖਾਰਜ ਕਰ ਦਿੱਤਾ ਹੈ ਅਤੇ ਪਟੋਲੇ ਨੂੰ ਆਪਣੇ ਕੁਝ ਸਹਿਯੋਗੀਆਂ ਦੀ ਗੱਲ ’ਤੇ ਧਿਆਨ ਦੇਣਾ ਚਾਹੀਦਾ ਹੈ ਜੋ ਪ੍ਰਦੇਸ਼ ਕਾਂਗਰਸ ਦੇ ਮੁਖੀ ਦੇ ਅਹੁਦੇ ਤੋਂ ਉਨ੍ਹਾਂ ਦਾ ਅਸਤੀਫਾ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਲਈ ਕਿਸੇ ਵੀ ਪਾਰਟੀ ਕੋਲ ਲੋੜੀਂਦੀਆਂ ਸੀਟਾਂ ਨਾ ਹੋਣ ਲਈ ਕਾਂਗਰਸ ਦੇ ਝੂਠ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। -ਪੀਟੀਆਈ

Advertisement

ਐੱਨਸੀਪੀ ਨੇ ਅਜੀਤ ਪਵਾਰ ਨੂੰ ਵਿਧਾਨ ਸਭਾ ’ਚ ਪਾਰਟੀ ਦਾ ਨੇਤਾ ਚੁਣਿਆ

ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ ਪਾਰਟੀ ਪ੍ਰਧਾਨ ਅਜੀਤ ਪਵਾਰ ਨੂੰ ਅੱਜ ਵਿਧਾਨ ਸਭਾ ’ਚ ਪਾਰਟੀ ਦਾ ਨੇਤਾ ਚੁਣਿਆ ਹੈ। ਪਾਰਟੀ ਦੀ ਸੂਬਾਈ ਇਕਾਈ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਨੀਲ ਤਤਕਰੇ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਪਵਾਰ ਨੂੰ ਵਿਧਾਇਕ ਦਲ ਦਾ ਨੇਤਾ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਦੇ ਸਹਿਯੋਗੀ ਅਨਿਲ ਪਾਟਿਲ ਨੂੰ ਮੁੜ ਚੀਫ ਵ੍ਹਿਪ ਚੁਣਿਆ ਗਿਆ ਹੈ। ਪਾਟਿਲ ਸਦਨ ਦੇ ਸੈਸ਼ਨਾਂ ਦੌਰਾਨ ਵਿਧਾਇਕਾਂ ਦੀ ਹਾਜ਼ਰੀ ’ਤੇ ਨਜ਼ਰ ਰੱਖਣਗੇ ਅਤੇ ਵੱਖ ਵੱਖ ਵਿਸ਼ਿਆਂ ’ਤੇ ਬੋਲਣ ਦੀ ਉਨ੍ਹਾਂ ਦੀ ਮੰਗ ’ਤੇ ਵਿਚਾਰ ਕਰਨਗੇ। -ਪੀਟੀਆਈ

Advertisement

Advertisement
Author Image

Advertisement