ਮਹਾਯੁਤੀ ਗੱਠਜੋੜ ਵੱਲੋਂ ਸੀਟਾਂ ਦੀ ਵੰਡ ਬਾਰੇ ਐਲਾਨ ਜਲਦੀ: ਸ਼ਿੰਦੇ
ਨਵੀਂ ਦਿੱਲੀ/ਜਾਲਨਾ(ਮਹਾਰਾਸ਼ਟਰ), 19 ਅਕਤੂੁਬਰ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਕਿਹਾ ਕਿ ਸੱਤਾਧਾਰੀ ਮਹਾਯੁਤੀ ਗੱਠਜੋੜ 20 ਨਵੰਬਰ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਲਈ ਸੀਟਾਂ ਦੀ ਵੰਡ ਬਾਰੇ ਫਾਰਮੂਲਾ ‘ਇਕ ਦੋ ਦਿਨਾਂ’ ਵਿਚ ਐਲਾਨ ਦੇਵੇਗਾ। ਉਨ੍ਹਾਂ ਕਿਹਾ ਕਿ ਸੀਟਾਂ ਦੀ ਵੰਡ ਬਾਰੇ ਗੱਲਬਾਤ ਆਖਰੀ ਪੜਾਅ ’ਤੇ ਹੈ। ਮੁੱਖ ਮੰਤਰੀ ਸ਼ਿੰਦੇ ਤੇ ਦੋ ਉਪ ਮੁੱਖ ਮੰਤਰੀਆਂ ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ ਨੇ ਸ਼ੁੱਕਰਵਾਰ ਦੇਰ ਰਾਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੈਠਕ ਕਰਕੇ ਸੀਟਾਂ ਦੀ ਵੰਡ ਬਾਰੇ ਭਾਜਪਾ, ਸ਼ਿਵ ਸੈਨਾ ਤੇ ਐੱਨਸੀਪੀ ਦਰਮਿਆਨ ਵੱਖਰੇਵਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਸ਼ਿੰਦੇ ਨੇ ਕਿਹਾ, ‘‘ਗੱਠਜੋੜ ਭਾਈਵਾਲਾਂ ਦਰਮਿਆਨ ਕੋਈ ਸਮੱਸਿਆ ਨਹੀਂ ਹੈ। ਗੱਲਬਾਤ ਉਸਾਰੂ ਰਹੀ, ਜੋ ਆਖਰੀ ਪੜਾਅ ’ਤੇ ਹੈ।
ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਕੇਸ ਵਿਚ ਮੁਲਜ਼ਮ ਸ੍ਰੀਕਾਂਤ ਪੰਗਾਰਕਰ ਅਗਾਮੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਵਿਚ ਸ਼ਾਮਲ ਹੋ ਗਿਆ। ਪੰਗਾਰਕਰ 2001 ਤੋਂ 2006 ਦੇ ਅਰਸੇ ਦੌਰਾਨ ਜਾਲਨਾ ਤੋਂ ਅਣਵੰਡੀ ਸ਼ਿਵ ਸੈਨਾ ਦਾ ਕੌਂਸਲਰ ਸੀ। ਉਸ ਨੂੰ ਗੌਰੀ ਲੰਕੇਸ਼ ਕਤਲ ਕੇਸ ਵਿਚ ਅਗਸਤ 2018 ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਕਰਨਾਟਕ ਹਾਈ ਕੋਰਟ ਨੇ ਇਸ ਸਾਲ 4 ਸਤੰਬਰ ਨੂੰ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ। -ਪੀਟੀਆਈ
ਸ਼ਿਵ ਸੈਨਾ ਤੇ ਐੱਨਸੀਪੀ ਦਰਮਿਆਨ ਸੀਟਾਂ ਦੀ ਵੰਡ ਬਾਰੇ ਗੱਲਬਾਤ ਪੂਰੀ ਹੋਈ: ਰਾਊਤ
ਮੁੰਬਈ: ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ (ਐੱਸਪੀ) ਦਰਮਿਆਨ ਸੀਟਾਂ ਦੀ ਵੰਡ ਬਾਰੇ ਗੱਲਬਾਤ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਮਸਲਿਆਂ ਨੂੰ ਸੁਲਝਾਉਣ ਦੀ ਸੋਚ ਰੱਖਦੀਆਂ ਹਨ। -ਪੀਟੀਆਈ
ਸਮਾਜਵਾਦੀ ਪਾਰਟੀ ਨੇ 12 ਸੀਟਾਂ ਮੰਗੀਆਂ
ਧੁਲੇ: ਸਮਾਜਵਾਦੀ ਪਾਰਟੀ ਨੇ ਮਹਾਰਾਸ਼ਟਰ ਵਿਚ ਵਿਰੋਧੀ ਪਾਰਟੀਆਂ ਦੇ ਮਹਾ ਵਿਕਾਸ ਅਗਾੜੀ ਗੱਠਜੋੜ ਦੇ ਭਾਈਵਾਲ ਵਜੋਂ 12 ਸੀਟਾਂ ਦੀ ਮੰਗ ਕੀਤੀ ਹੈ। ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਪੰਜ ਸੀਟਾਂ ਲਈ ਉਮੀਦਵਾਰ ਐਲਾਨ ਦਿੱਤੇ ਹਨ। ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੁਝ ਸੀਟਾਂ ਨਾਲ ਹੀ ਸੰਤੁਸ਼ਟ ਹੈ। ਉਨ੍ਹਾਂ ਕਿਹਾ, ‘‘ਅਸੀਂ ਆਪਣੀ ਪਾਰਟੀ ਦੀ ਮਜ਼ਬੂਤ ਮੌਜੂਦਗੀ ਵਾਲੀਆਂ 12 ਸੀਟਾਂ ਹੀ ਮੰਗੀਆਂ ਹਨ।’’ -ਪੀਟੀਆਈ