Maharashtra portfolios: ਮਹਾਰਾਸ਼ਟਰ ਵਿੱਚ ਵਿਭਾਗਾਂ ਦੀ ਵੰਡ; ਫੜਨਵੀਸ ਨੇ ਗ੍ਰਹਿ ਵਿਭਾਗ ਆਪਣੇ ਕੋਲ ਰੱਖਿਆ
ਮੁੰਬਈ, 21 ਦਸੰਬਰ
ਮਹਾਰਾਸ਼ਟਰ ਵਿੱਚ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਛੇ ਦਿਨ ਬਾਅਦ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਗ੍ਰਹਿ ਵਿਭਾਗ ਸਣੇ ਆਪਣੇ ਕੋਲ ਪੰਜ ਵਿਭਾਗ ਰੱਖੇ ਹਨ। ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਸ਼ਹਿਰੀ ਵਿਕਾਸ ਵਿਭਾਗ ਸਣੇ ਤਿੰਨ ਵਿਭਾਗ ਦਿੱਤੇ ਗਏ ਹਨ। ਉਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਵਿੱਤ ਤੇ ਫਾਇਨਾਂਸ ਤੇ ਪਲਾਨਿੰਗ ਤੇ ਸਟੇਟ ਐਕਸਾਈਜ਼ ਦਾ ਵਿਭਾਗ ਸੌਂਪਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਹੇਠਲੇ ਮਹਾਯੁਤੀ ਮੰਤਰੀ ਮੰਡਲ ਦਾ 15 ਦਸੰਬਰ ਨੂੰ ਵਿਸਤਾਰ ਕੀਤਾ ਗਿਆ ਸੀ ਤੇ 39 ਹੋਰ ਵਿਧਾਇਕਾਂ ਨੂੰ ਮੰਤਰੀ ਵਜੋਂ ਹਲਫ਼ ਦਿਵਾਇਆ ਗਿਆ ਸੀ। ਇਸ ਨਾਲ ਮਹਾਰਾਸ਼ਟਰ ਵਿਚ ਮੰਤਰੀਆਂ ਦੀ ਗਿਣਤੀ ਵਧ ਕੇ 42 ਹੋ ਗਈ ਹੈ। ਭਾਜਪਾ ਦੇ 19 ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ। ਇਸੇ ਤਰ੍ਹਾਂ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ ਦੇ 11 ਅਤੇ ਅਜੀਤ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ 9 ਵਿਧਾਇਕ ਮੰਤਰੀ ਬਣਾਏ ਗਏ ਹਨ।
ਇਨ੍ਹਾਂ ’ਚੋਂ 33 ਵਿਧਾਇਕਾਂ ਨੇ ਕੈਬਨਿਟ ਮੰਤਰੀ ਜਦਕਿ ਛੇ ਨੇ ਰਾਜ ਮੰਤਰੀ ਵਜੋਂ ਹਲਫ਼ ਲਿਆ ਸੀ। ਉਨ੍ਹਾਂ ਨੂੰ ਰਾਜਪਾਲ ਪੀਸੀ ਰਾਧਾਕ੍ਰਿਸ਼ਨਨ ਨੇ ਨਵੇਂ ਮੰਤਰੀਆਂ ਨੂੰ ਹਲਫ਼ ਦਿਵਾਇਆ ਸੀ। ਨਵੇਂ ਬਣੇ ਮੰਤਰੀਆਂ ’ਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਅਤੇ ਮੁੰਬਈ ਭਾਜਪਾ ਮੁਖੀ ਅਸ਼ੀਸ਼ ਸ਼ੇਲਾਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਦੇਵੇਂਦਰ ਫੜਨਵੀਸ, ਏਕਨਾਥ ਸ਼ਿੰਦੇ ਤੇ ਅਜੀਤ ਪਵਾਰ ਨੇ 5 ਦਸੰਬਰ ਨੂੰ ਹਲਫ਼ ਲਿਆ ਸੀ। -ਪੀਟੀਆਈ