ਮਹਾਰਾਸ਼ਟਰ: ਨਾਰਵੇਕਰ ਦਾ ਸਪੀਕਰ ਬਣਨਾ ਤੈਅ
ਮੁੰਬਈ, 8 ਦਸੰਬਰ
ਭਾਜਪਾ ਆਗੂ ਰਾਹੁਲ ਨਾਰਵੇਕਰ ਦਾ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਵਜੋਂ ਬਿਨਾਂ ਵਿਰੋਧ ਚੁਣਿਆ ਜਾਣਾ ਤਕਰੀਬਨ ਤੈਅ ਹੈ। ਵਿਰੋਧੀ ਗੱਠਜੋੜ ਮਹਾਵਿਕਾਸ ਅਘਾੜੀ ਨੇ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਨਾਰਵੇਕਰ ਜੋ 14ਵੀਂ ਵਿਧਾਨ ਸਭਾ ’ਚ ਢਾਈ ਸਾਲ ਤੱਕ ਸਪੀਕਰ ਰਹੇ ਅਤੇ ਉਨ੍ਹਾਂ ਸ਼ਿਵ ਸੈਨਾ ਤੇ ਐੱਨਸੀਪੀ ਨਾਲ ਸਬੰਧਤ ਅਹਿਮ ਫ਼ੈਸਲੇ ਦਿੱਤੇ, ਮੁੰਬਈ ਦੀ ਕੋਲਾਬਾ ਵਿਧਾਨ ਸਭਾ ਸੀਟ ਤੋਂ ਮੁੜ ਵਿਧਾਇਕ ਚੁਣੇ ਗਏ ਹਨ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀਆਂ ਏਕਨਾਥ ਸ਼ਿੰਦੇ ਤੇ ਅਜੀਤ ਪਵਾਰ ਨਾਲ ਅੱਜ ਨਾਰਵੇਕਰ ਨੇ ਵਿਧਾਨ ਸਭਾ ਦੇ ਸਕੱਤਰ ਜਿਤੇਂਦਰ ਭੋਲੇ ਕੋਲ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ। ਭਲਕੇ ਸਦਨ ’ਚ ਸਪੀਕਰ ਦੀ ਚੋਣ ਦਾ ਰਸਮੀ ਐਲਾਨ ਕੀਤਾ ਜਾਵੇਗਾ। ਇਸ ਮਗਰੋਂ ਨਵੀਂ ਸਰਕਾਰ ਨੂੰ ਬਹੁਮਤ ਸਾਬਤ ਕਰਨਾ ਪਵੇਗਾ। ਇਸ ਮਗਰੋਂ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਰਾਜ ਵਿਧਾਨ ਮੰਡਲ ਦੇ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ। ਪਿਛਲੀ ਵਿਧਾਨ ਸਭਾ ’ਚ ਸਪੀਕਰ ਵਜੋਂ ਆਪਣੇ ਕਾਰਜਕਾਲ ਦੌਰਾਨ ਨਾਰਵੇਕਰ ਨੇ ਫ਼ੈਸਲਾ ਸੁਣਾਇਆ ਸੀ ਕਿ ਬਾਲ ਠਾਕਰੇ ਵੱਲੋਂ ਸਥਾਪਤ ਪਾਰਟੀ ’ਚ ਵੰਡ ਮਗਰੋਂ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਪਾਰਟੀ ਵੈਧ ਅਤੇ ਅਸਲੀ ਸ਼ਿਵ ਸੈਨਾ ਹੈ। ਉਨ੍ਹਾਂ ਇਹ ਵੀ ਮੰਨਿਆ ਸੀ ਕਿ ਅਜੀਤ ਪਵਾਰ ਦੀ ਅਗਵਾਈ ਹੇਠਲਾ ਧੜਾ ਹੀ ਅਸਲੀ ਐੱਨਸੀਪੀ ਹੈ ਜਿਸ ਦੀ ਸਥਾਪਨਾ ਸ਼ਰਦ ਪਵਾਰ ਨੇ ਕੀਤੀ ਸੀ। -ਪੀਟੀਆਈ
ਐੱਮਵੀਏ ਨੇ ਡਿਪਟੀ ਸਪੀਕਰ ਦਾ ਅਹੁਦਾ ਮੰਗਿਆ
ਮੁੰਬਈ: ਮਹਾਰਾਸ਼ਟਰ ’ਚ ਮਹਾਵਿਕਾਸ ਅਘਾੜੀ ਦੇ ਆਗੂਆਂ ਨੇ ਅੱਜ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕਰਕੇ ਵਿਰੋਧੀ ਗੱਠਜੋੜ ’ਚ ਸ਼ਾਮਲ ਕਿਸੇ ਵੀ ਪਾਰਟੀ ਨੂੰ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਾ ਅਹੁਦਾ ਦੇਣ ਦੀ ਮੰਗ ਕੀਤੀ। ਆਗੂਆਂ ਨੇ ਫੜਨਵੀਸ ਨੂੰ ਕਿਹਾ ਕਿ ਵਿਰੋਧੀ ਧਿਰ ਵਿਧਾਨ ਸਭਾ ਦਾ ਸਪੀਕਰ ਬਿਨਾਂ ਵਿਰੋਧ ਚੁਣਿਆ ਜਾਣ ਦੇਵੇਗੀ ਪਰ ਉਹ ਚਾਹੁੰਦੇ ਹਨ ਕਿ ਸੱਤਾ ਧਿਰ ਪ੍ਰੋਟੋਕੋਲ ਦਾ ਪਾਲਣ ਕਰਦਿਆਂ ਉਸ ਨੂੰ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਾ ਅਹੁਦਾ ਦੇਵੇ। ਸ਼ਿਵ ਸੈਨਾ (ਯੂਬੀਟੀ) ਨੇਤਾ ਭਾਸਕਰ ਜਾਧਵ ਨੇ ਵਫ਼ਦ ਦੀ ਅਗਵਾਈ ਕੀਤੀ। ਬਾਅਦ ਵਿੱਚ ਐੱਮਵੀਏ ਆਗੂਆਂ ਨੇ ਵਿਧਾਨ ਸਭਾ ’ਚ ਗੱਠਜੋੜ ਦੀ ਰਣਨੀਤੀ ’ਤੇ ਚਰਚਾ ਲਈ ਇਕ ਮੀਟਿੰਗ ਕੀਤੀ। -ਪੀਟੀਆਈ