ਬੰਗਲਾਦੇਸ਼ ਦਾ ਡਿਪਟੀ ਹਾਈ ਕਮਿਸ਼ਨਰ ਤਲਬ
ਨਵੀਂ ਦਿੱਲੀ, 13 ਜਨਵਰੀ
ਵਿਦੇਸ਼ ਮੰਤਰਾਲੇ ਵੱਲੋਂ ਅੱਜ ਭਾਰਤ ਵਿੱਚ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨਰ ਮੁਹੰਮਦ ਨੂਰਲ ਇਸਲਾਮ ਨੂੰ ਤਲਬ ਕੀਤਾ ਗਿਆ। ਢਾਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਪ੍ਰਣਯ ਵਰਮਾ ਨੂੰ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਵੱਲੋਂ ਤਲਬ ਕੀਤੇ ਜਾਣ ਤੋਂ ਇਕ ਦਿਨ ਬਾਅਦ ਅੱਜ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਵੀ ਭਾਰਤ ’ਚ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਗਿਆ। ਬੰਗਲਾਦੇਸ਼ ਵਿਦੇਸ਼ ਮੰਤਰਾਲੇ ਨੇ ਭਾਰਤ-ਬੰਗਲਾਦੇਸ਼ ਸਰਹੱਦ ਦੇ ਨਾਲ ਹਾਲ ਹੀ ਵਿੱਚ ਕੀਤੀ ਚਾਰਦੀਵਾਰੀ ’ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਸੀ ਅਤੇ ਆਪਣਾ ਇਤਰਾਜ਼ ਦਾਇਰ ਕਰਨ ਲਈ ਭਾਰਤ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਸੀ।
ਬੰਗਲਾਦੇਸ਼ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ‘‘ਬੰਗਲਾਦੇਸ਼ ਦੇ ਵਿਦੇਸ਼ ਸਕੱਤਰ ਰਾਜਦੂਤ ਮੁਹੰਮਦ ਜਾਸ਼ਿਮ ਉੱਦਿਨ ਨੇ ਐਤਵਾਰ ਨੂੰ ਭਾਰਤ ਦੇ ਹਾਈ ਕਮਿਸ਼ਨਰ ਪ੍ਰਣਯ ਵਰਮਾ ਕੋਲ ਹਾਲ ਹੀ ਵਿੱਚ ਬੰਗਲਾਦੇਸ਼-ਭਾਰਤ ਸਰਹੱਦ ਦੇ ਨਾਲ ਭਾਰਤ ਦੇ ਸੀਮਾ ਸੁਰੱਖਿਆ ਬਲ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਬੰਗਲਾਦੇਸ਼ ਸਰਕਾਰ ਵੱਲੋਂ ਡੂੰਘੀ ਚਿੰਤਾ ਜ਼ਾਹਿਰ ਕੀਤੀ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ ਸੀ ਕਿ ਅਜਿਹੀਆਂ ਗਤੀਵਿਧੀਆਂ, ਖ਼ਾਸ ਕਰ ਕੇ ਚਾਰਦੀਵਾਰੀ ਵਰਗੀ ਗੈਰ-ਕਾਨੂੰਨੀ ਕੋਸ਼ਿਸ਼ ਅਤੇ ਬੀਐੱਸਐੱਫ ਵੱਲੋਂ ਅਜਿਹੀਆਂ ਹੋਰ ਕਾਰਵਾਈਆਂ ਕੀਤੇ ਜਾਣ ਕਾਰਨ ਸਰਹੱਦ ਦੇ ਨਾਲ ਤਣਾਅ ਤੇ ਗੜਬੜ ਪੈਦਾ ਹੋ ਗਈ ਹੈ। -ਏਐੱਨਆਈ