ਮਹਾਰਾਸ਼ਟਰ: ਐੱਮਵੀਏ ਦੇ ਭਾਈਵਾਲ 85-85 ਸੀਟਾਂ ’ਤੇ ਲੜਨਗੇ ਚੋਣ
ਮੁੰਬਈ, 23 ਅਕਤੂਬਰ
ਕਾਂਗਰਸ, ਐੱਨਸੀਪੀ (ਐੱਸਪੀ) ਅਤੇ ਸ਼ਿਵ ਸੈਨਾ (ਯੂਬੀਟੀ) ਦੇ ਗੱਠਜੋੜ ‘ਮਹਾਵਿਕਾਸ ਅਘਾੜੀ’ (ਐੱਮਵੀਏ) ਨੇ ਅੱਜ ਮਹਾਰਾਸ਼ਟਰ ’ਚ 85-85 ਸੀਟਾਂ ’ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਹਾਲਾਂਕਿ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇਣ ਬਾਰੇ ਵਿਚਾਰ-ਚਰਚਾ ਜਾਰੀ ਹੈ। ਇਸੇ ਦੌਰਾਨ ਸ਼ਿਵ ਸੈਨਾ (ਯੂਬੀਟੀ) ਨੇ ਆਪਣੇ 65 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕੁੱਲ 288 ਸੀਟਾਂ ’ਚੋਂ 270 ’ਤੇ ਸਹਿਮਤੀ ਬਣ ਗਈ ਹੈ। ਉਨ੍ਹਾਂ ਕਿਹਾ, ‘ਅਸੀਂ ਸਮਾਜਵਾਦੀ ਪਾਰਟੀ, ਪੀਡਬਲਿਊਪੀ, ਸੀਪੀਐੱਮ, ਸੀਪੀਆਈ ਅਤੇ ‘ਆਪ’ ਨੂੰ ਸ਼ਾਮਲ ਕਰਾਂਗੇ। ਬਾਕੀ ਸੀਟਾਂ ਲਈ ਚਰਚਾ ਚੱਲ ਰਹੀ ਹੈ। ਅਸੀਂ ਸੁਹਿਰਦਤਾ ਭਰੇ ਮਾਹੌਲ ’ਚ 270 ਸੀਟਾਂ ’ਤੇ ਸਹਿਮਤ ਹੋਏ ਹਾਂ। ਮਹਾਯੁਤੀ ਸਰਕਾਰ ਨੂੰ ਹਰਾਉਣ ਲਈ ਐੱਮਵੀਏ ਇਕਜੁੱਟ ਹੈ।’ ਮਹਾਰਾਸ਼ਟਰ ਕਾਂਗਰਸ ਦੇ ਮੁਖੀ ਨਾਨਾ ਪਟੋਲੇ ਨੇ ਕਿਹਾ ਕਿ ਬਾਕੀ ਸੀਟਾਂ ਛੋਟੀਆਂ ਪਾਰਟੀਆਂ ਲਈ ਛੱਡੀਆਂ ਜਾਣਗੀਆਂ।
ਸ਼ਿਵ ਸੈਨਾ (ਯੂਬੀਟੀ) ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 65 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ’ਚ ਆਦਿੱਤਿਆ ਠਾਕਰੇ ਨੂੰ ਮੱਧ ਮੁੰਬਈ ’ਚ ਵਰਲੀ ਵਿਧਾਨ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ। ਥਾਣੇ ਦੀ ਕੋਪਰੀ-ਪੰਚਪਾਖੜੀ ਸੀਟ ਜਿੱਥੋਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਮੈਦਾਨ ’ਚ ਹਨ, ਤੋਂ ਸ਼ਿਵ ਸੈਨਾ (ਯੂਬੀਟੀ) ਨੇ ਕੇਦਾਰ ਦੀਘੇ ਨੂੰ ਮੈਦਾਨ ’ਚ ਉਤਾਰਿਆ ਹੈ। -ਪੀਟੀਆਈ
ਐੱਨਸੀਪੀ ਵੱਲੋਂ 38 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਮੁੰਬਈ: ਐੱਨਸੀਪੀ ਨੇ ਅੱਜ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 38 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਅਨੁਸਾਰ ਉਪ ਮੁੱਖ ਮੰਤਰੀ ਅਤੇ ਪਾਰਟੀ ਮੁਖੀ ਅਜੀਤ ਪਵਾਰ ਪੁਣੇ ਜ਼ਿਲ੍ਹੇ ’ਚ ਬਾਰਾਮਤੀ ਸੀਟ ਤੋਂ ਚੋਣ ਲੜਨਗੇ। ਐੱਨਸੀਪੀ ਦੀ ਉਮੀਦਵਾਰਾਂ ਦੀ ਪਹਿਲੀ ਸੂਚੀ ’ਚ ਮੰਤਰੀਆਂ ਸਮੇਤ ਉਨ੍ਹਾਂ 26 ਵਿਧਾਇਕਾਂ ਨੂੰ ਇਸ ਵਾਰ ਵੀ ਉਮੀਦਵਾਰ ਬਣਾਇਆ ਗਿਆ ਹੈ ਜੋ ਹਾਕਮ ਖੇਮੇ ’ਚ ਸ਼ਾਮਲ ਹੋਣ ਸਮੇਂ ਅਜੀਤ ਪਵਾਰ ਦੇ ਨਾਲ ਸਨ। ਐੱਨਸੀਪੀ ਨੇ ਅਮਰਾਵਤੀ ਦੇ ਮੌਜੂਦਾ ਵਿਧਾਇਕ ਸੁਲਭਾ ਖੋੜਕੇ ਅਤੇ ਇਗਤਪੁਰੀ ਤੋਂ ਹੀਰਾਮਨ ਖੋਸਕਰ ਨੂੰ ਵੀ ਉਮੀਦਵਾਰ ਬਣਾਇਆ ਹੈ। -ਪੀਟੀਆਈ