Maharashtra Government - Video: ਫੜਨਵੀਸ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ, ਸ਼ਿੰਦੇ ਤੇ ਪਵਾਰ ਨੇ ਉਪ ਮੁੱਖ ਮੰਤਰੀਆਂ ਵਜੋਂ ਸਹੁੰ ਚੁੱਕੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਈ ਕੇਂਦਰੀ ਮੰਤਰੀਆਂ ਅਤੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਮਹਾਯੁਤੀ ਦੇ ਹਜ਼ਾਰਾਂ ਸਮਰਥਕਾਂ ਦੀ ਸ਼ਮੂਲੀਅਤ ਵਾਲਾ ਇਹ ਹਲਫ਼ਦਾਰੀ ਸਮਾਗਮ ਬੀਤੀ 23 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਕਰੀਬ ਦੋ ਹਫ਼ਤੇ ਬਾਅਦ ਇਥੋਂਂ ਦੇ ਆਜ਼ਾਦ ਮੈਦਾਨ ਵਿੱਚ ਹੋਇਆ।
ਨਾਗਪੁਰ ਦੱਖਣੀ ਪੱਛਮੀ ਹਲਕੇ ਤੋਂ ਵਿਧਾਇਕ ਚੁਣੇ ਗਏ 54 ਸਾਲਾ ਫੜਨਵੀਸ ਤੀਜੀ ਵਾਰ ਮੁੱਖ ਮੰਤਰੀ ਬਣੇ ਹਨ। ਭਾਜਪਾ ਨੇਤਾ ਸੁਧੀਰ ਮੁਨਗੰਟੀਵਾਰ ਨੇ ਦਿਨ ਦੇ ਸ਼ੁਰੂ ਵਿਚ ਕਿਹਾ ਸੀ ਕਿ ਸੰਭਵ ਤੌਰ ’ਤੇ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਕੈਬਨਿਟ ਦੇ ਹੋਰ ਮੈਂਬਰ ਵੀ ਸਹੁੰ ਚੁੱਕਣਗੇ।
ਫੜਨਵੀਸ ਬੀਤੀ 20 ਨਵੰਬਰ ਨੂੰ ਹੋਈਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਮੁਹਿੰਮ ਦਾ ਚਿਹਰਾ ਸਨ ਅਤੇ ਉਨ੍ਹਾਂ ਦੀ ਅਗਾਵਾਈ ਹੇਠ ਭਾਜਪਾ ਨੇ 288 ਮੈਂਬਰੀ ਵਿਧਾਨ ਸਭਾ ਵਿਚ ਨੂੰ 132 ਸੀਟਾਂ 'ਤੇ ਜ਼ੋਰਦਾਰ ਜਿੱਤ ਹਾਸਲ ਕੀਤੀ ਅਤੇ ਇਹੋ ਕੁਝ ਉਨ੍ਹਾਂ ਨੂੰ ਮੁੜ ਮੁੱਖ ਮੰਤਰੀ ਬਣਾਉਣ ਵਿਚ ਸਹਾਈ ਹੋਇਆ। ਵਿਧਾਨ ਸਭਾ ਵਿਚ ਭਾਜਪਾ-ਸ਼ਿਵ ਸੈਨਾ-ਐੱਨਸੀਪੀ ਦੇ 'ਮਹਾਯੁਤੀ' ਗੱਠਜੋੜ ਕੋਲ 230 ਸੀਟਾਂ ਦਾ ਭਾਰੀ ਬਹੁਮਤ ਹੈ। -ਪੀਟੀਆਈ