ਮਹਾਰਾਸ਼ਟਰ ਦੇ ਕਿਸਾਨ ਸਭ ਤੋਂ ਵੱਧ ਅਣਗੌਲੇ: ਕਾਂਗਰਸ
ਨਵੀਂ ਦਿੱਲੀ, 3 ਨਵੰਬਰ
ਕਾਂਗਰਸ ਨੇ ਅੱਜ ਮਹਾਰਾਸ਼ਟਰ ’ਚ ਹਾਕਮ ਮਹਾਯੁਤੀ ਗੱਠਜੋੜ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਹ ਗੱਠਜੋੜ ‘ਧੋਖੇ’ ਦੇ ਆਧਾਰ ’ਤੇ ਬਣਿਆ ਹੈ ਅਤੇ ਸੂਬੇ ਦੀ ਜਨਤਾ ਵਾਅਦੇ ਪੂਰੇ ਨਾ ਕਰਨ ਲਈ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਸੂਬੇ ’ਚ ਕਿਸਾਨ ਸਭ ਤੋਂ ਵੱਧ ਅਣਗੌਲੇ ਹਨ ਕਿਉਂਕਿ ਉਨ੍ਹਾਂ ਨਾਲ ਕੀਤੇ ਗਏ ਵੱਡੇ-ਵੱਡੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਹਰ ਪਿੰਡ ’ਚ ਪਾਈਪ ਰਾਹੀਂ ਪੀਣ ਵਾਲਾ ਪਾਣੀ ਮੁਹੱਈਆ ਕਰਨ ਲਈ ਮਰਾਠਵਾੜਾ ’ਚ ਜਲ ਗਰਿੱਡ ਬਣਾਉਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ।
ਰਮੇਸ਼ ਨੇ ‘ਐਕਸ’ ’ਤੇ ਇੱਕ ਪੋਸਟ ’ਚ ਦੋਸ਼ ਲਾਇਆ, ‘ਮਹਾਯੁਤੀ ਇੱਕ ਅਜਿਹੀ ਸਰਕਾਰ ਹੈ ਜੋ ਧੋਖੇ ਦੇ ਆਧਾਰ ’ਤੇ ਬਣੀ ਹੈ। ਭਰੋਸੇ ’ਚ ਧੋਖਾ, ਵਿਚਾਰਧਾਰਾ ’ਚ ਧੋਖਾ ਅਤੇ ਖੁਦ ਮਹਾਰਾਸ਼ਟਰ ਦੇ ਲੋਕਾਂ ਨਾਲ ਧੋਖੇ ਦੇ ਆਧਾਰ ’ਤੇ। ਇਨ੍ਹਾਂ ਦੇ ਰਾਜ ’ਚ ਸਭ ਤੋਂ ਵੱਧ ਕਿਸਾਨ ਅਣਗੌਲੇ ਕੀਤੇ ਗਏ। ਸਰਕਾਰ ਨੇ ਉਨ੍ਹਾਂ ਨਾਲ ਸਿਰਫ਼ ਵੱਡੇ ਵੱਡੇ ਵਾਅਦੇ ਕੀਤੇ ਹਨ, ਹਾਸਲ ਕੁਝ ਵੀ ਨਹੀਂ ਹੋਇਆ।’ ਕਾਂਗਰਸ ਆਗੂ ਨੇ ਕਿਹਾ, ‘ਜਿਨ੍ਹਾਂ ਲੋਕਾਂ ਨੇ ਜਲਯੁਕਤ ਸ਼ਿਵਾਰ ਦਾ ਵਾਅਦਾ ਕੀਤਾ ਸੀ, ਉਨ੍ਹਾਂ ਨੂੰ ਸਿਰਫ਼ ਜਲਯੁਕਤ ਸ਼ਿਵਾਰ ਹੀ ਦਿੱਤਾ ਹੈ। ਮਹਾਰਾਸ਼ਟਰ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ।’ ਉਨ੍ਹਾਂ ਦਾਅਵਾ ਕੀਤਾ ਕਿ ਸਾਲ 2019 ’ਚ ਮਹਾਰਾਸ਼ਟਰ ਦੇ ਤਤਕਾਲੀ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮਰਾਠਵਾੜ ਤੋਂ ਇੱਕ ਜਲ ਗਰਿੱਡ ਬਣਾਉਣ ਲਈ 20 ਤੋਂ 25 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਵਾਅਦਾ ਕੀਤਾ ਸੀ। -ਪੀਟੀਆਈ