ਮਹਾਰਾਸ਼ਟਰ ਚੋਣਾਂ: ਐੱਨਸੀਪੀ (ਐੱਸਪੀ) ਵੱਲੋਂ ਤੀਜੀ ਸੂਚੀ ਜਾਰੀ
ਮੁੰਬਈ, 27 ਅਕਤੂਬਰ
ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਸਪੀ) ਨੇ ਅੱਜ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਨੌਂ ਸੀਟਾਂ ਲਈ ਆਪਣੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਅਦਾਕਾਰਾ ਸਵਾਰਾ ਭਾਸਕਰ ਦੇ ਪਤੀ ਫਹਾਦ ਅਹਿਮਦ ਦਾ ਨਾਂ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਸਮਾਜਵਾਦੀ ਪਾਰਟੀ ਦੇ ਯੁਵਾ ਵਿੰਗ ਦਾ ਸੂਬਾ ਪ੍ਰਧਾਨ ਫਹਾਦ ਅਹਿਮਦ ਐਨਸੀਪੀ (ਐਸਪੀ) ਵਿੱਚ ਸ਼ਾਮਲ ਹੋ ਗਿਆ ਸੀ। ਉਸ ਨੂੰ ਅਨੁਸ਼ਕਤੀ ਨਗਰ ਸੀਟ ਤੋਂ ਟਿਕਟ ਦਿੱਤੀ ਗਈ ਹੈ। ਉਹ ਅਜੀਤ ਪਵਾਰ ਦੀ ਅਗਵਾਈ ਵਾਲੀ ਐਨਸੀਪੀ ਦੀ ਸਨਾ ਮਲਿਕ (ਸਾਬਕਾ ਮੰਤਰੀ ਨਵਾਬ ਮਲਿਕ ਦੀ ਧੀ) ਨਾਲ ਮੁਕਾਬਲਾ ਕਰੇਗਾ। ਦੱਸਣਾ ਬਣਦਾ ਹੈ ਕਿ ਮਲਿਕ ’ਤੇ ਗੈਂਗਸਟਰ ਦਾਊਦ ਅਬਰਾਹਿਮ ਦੀ ਭੈਣ ਦੀ ਮਦਦ ਨਾਲ ਕੁਰਲਾ ਵਿਚ ਇਕ ਜਾਇਦਾਦ ’ਤੇ ਕਬਜ਼ਾ ਕਰਨ ਦੇ ਦੋਸ਼ ਲੱਗੇ ਸਨ। ਉਸ ਨੂੰ ਫਰਵਰੀ 2022 ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਸਪੀ) ਪਾਰਟੀ ਵੱਲੋਂ ਮਹਾਰਾਸ਼ਟਰ ਇਕਾਈ ਦੇ ਮੁਖੀ ਜਯੰਤ ਪਾਟਿਲ ਨੇ ਅੱਜ ਨੌਂ ਨਾਵਾਂ ਦਾ ਐਲਾਨ ਕੀਤਾ। ਅੱਜ ਦੀ ਤੀਜੀ ਸੂਚੀ ਨਾਲ ਪਾਰਟੀ ਵੱਲੋਂ ਹੁਣ ਤਕ ਕੁੱਲ 76 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ਰਦ ਪਵਾਰ ਦੀ ਅਗਵਾਈ ਵਾਲੀ ਪਾਰਟੀ ਨੇ ਵਾਸ਼ਿਮ ਜ਼ਿਲ੍ਹੇ ਦੀ ਕਾਰੰਜਾ ਸੀਟ ਤੋਂ ਭਾਜਪਾ ਦੇ ਮਰਹੂਮ ਵਿਧਾਇਕ ਰਾਜੇਂਦਰ ਪਟਨੀ ਦੇ ਪੁੱਤਰ ਦਾਨਯਕ ਪਟਨੀ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਪਾਰਟੀ ਵੱਲੋਂ ਐਲਾਨੇ ਗਏ ਹੋਰ ਉਮੀਦਵਾਰਾਂ ਵਿੱਚ ਅਤੁਲ ਵਾਂਗਦਲੇ, ਰਮੇਸ਼ ਬਾਂਗ, ਰਾਹੁਲ ਕਲਾਟੇ, ਅਜੀਤ ਗਵਾਨੇ, ਮੋਹਨ ਜਗਤਾਪ, ਰਾਜਾਸਾਹਿਬ ਦੇਸ਼ਮੁਖ ਤੇ ਸਿੱਧੀ ਰਮੇਸ਼ ਕਦਮ ਸ਼ਾਮਲ ਹਨ। ਪੀਟੀਆਈ