ਮਹਾਰਾਸ਼ਟਰ ਚੋਣਾਂ: ਸ਼ਿਵ ਸੈਨਾ ਵੱਲੋਂ 20 ਉਮੀਦਵਾਰਾਂ ਦੀ ਸੂਚੀ ਜਾਰੀ
ਮੁੰਬਈ, 27 ਅਕਤੂਬਰ
ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਅੱਜ 20 ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ।
ਇਸ ਸੂਚੀ ਵਿੱਚ ਮਿਲਿੰਦ ਦਿਓੜਾ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਵਰਲੀ ਵਿੱਚ ਸ਼ਿਵ ਸੈਨਾ (ਯੂਬੀਟੀ) ਦੇ ਆਗੂ ਆਦਿੱਤਿਆ ਠਾਕਰੇ ਵਿਰੁੱਧ ਚੋਣ ਲੜਨਗੇ। ਸੰਜੇ ਨਿਰੂਪਮ ਨੂੰ ਡਿੰਡੋਸ਼ੀ ਹਲਕੇ ਤੋਂ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਰਾਣੇ ਦੇ ਪੁੱਤਰ ਨੀਲੇਸ਼ ਰਾਣੇ ਨੂੰ ਕੁਡਾਲ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਮਿਲਿੰਦ ਦਿਓੜਾ ਇਸ ਵੇਲੇ ਰਾਜ ਸਭਾ ਮੈਂਬਰ ਹਨ ਅਤੇ ਦੱਖਣੀ ਮੁੰਬਈ ਤੋਂ ਤਿੰਨ ਵਾਰ ਸੰਸਦ ਮੈਂਬਰ ਰਹੇ ਹਨ। ਉਨ੍ਹਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਵਰਲੀ ਦਾ ਇੰਚਾਰਜ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਅੱਜ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਾਓਸਾਹਿਬ ਪਾਟਿਲ ਦਾਨਵੇ ਦੀ ਧੀ ਸੰਜਨਾ ਜਾਧਵ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਵਿੱਚ ਸ਼ਾਮਲ ਹੋ ਗਈ।
ਸੰਜਨਾ ਜਾਧਵ ਨਾਲ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਰਾਜੇਂਦਰ ਗਾਵਿਤ ਅਤੇ ਭਾਜਪਾ ਦੇ ਸਾਬਕਾ ਕਾਰਪੋਰੇਟਰ ਮੁਰਜੀ ਪਟੇਲ ਵੀ ਪਾਰਟੀ ’ਚ ਸ਼ਾਮਲ ਹੋਏ। ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਲਈ ਵੋਟਾਂ 20 ਨਵੰਬਰ ਨੂੰ ਪੈਣਗੀਆਂ ਤੇ ਵੋਟਾਂ ਦੇ ਨਤੀਜੇ 23 ਨਵੰਬਰ ਨੂੰ ਆਉਣਗੇ।
ਐੱਨਸੀਪੀ (ਐੱਸਪੀ) ਵੱਲੋਂ ਤੀਜੀ ਸੂਚੀ ਜਾਰੀ
ਮੁੰਬਈ: ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਸਪੀ) ਨੇ ਅੱਜ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਨੌਂ ਸੀਟਾਂ ਲਈ ਆਪਣੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਅਦਾਕਾਰਾ ਸਵਰਾ ਭਾਸਕਰ ਦੇ ਪਤੀ ਫਹਾਦ ਅਹਿਮਦ ਦਾ ਨਾਂ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਸਮਾਜਵਾਦੀ ਪਾਰਟੀ ਦੇ ਯੁਵਾ ਵਿੰਗ ਦਾ ਸੂਬਾ ਪ੍ਰਧਾਨ ਫਹਾਦ ਅਹਿਮਦ ਐਨਸੀਪੀ (ਐਸਪੀ) ਵਿੱਚ ਸ਼ਾਮਲ ਹੋ ਗਿਆ ਸੀ। ਉਸ ਨੂੰ ਅਨੁਸ਼ਕਤੀ ਨਗਰ ਸੀਟ ਤੋਂ ਟਿਕਟ ਦਿੱਤੀ ਗਈ ਹੈ। ਉਹ ਅਜੀਤ ਪਵਾਰ ਦੀ ਅਗਵਾਈ ਵਾਲੀ ਐਨਸੀਪੀ ਦੀ ਸਨਾ ਮਲਿਕ (ਸਾਬਕਾ ਮੰਤਰੀ ਨਵਾਬ ਮਲਿਕ ਦੀ ਧੀ) ਨਾਲ ਮੁਕਾਬਲਾ ਕਰੇਗਾ। ਦੱਸਣਾ ਬਣਦਾ ਹੈ ਕਿ ਮਲਿਕ ’ਤੇ ਗੈਂਗਸਟਰ ਦਾਊਦ ਅਬਰਾਹਿਮ ਦੀ ਭੈਣ ਦੀ ਮਦਦ ਨਾਲ ਕੁਰਲਾ ਵਿਚ ਇਕ ਜਾਇਦਾਦ ’ਤੇ ਕਬਜ਼ਾ ਕਰਨ ਦੇ ਦੋਸ਼ ਲੱਗੇ ਸਨ। ਉਸ ਨੂੰ ਫਰਵਰੀ 2022 ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਸਪੀ) ਵੱਲੋਂ ਮਹਾਰਾਸ਼ਟਰ ਇਕਾਈ ਦੇ ਮੁਖੀ ਜਯੰਤ ਪਾਟਿਲ ਨੇ ਅੱਜ ਨੌਂ ਨਾਵਾਂ ਦਾ ਐਲਾਨ ਕੀਤਾ। ਅੱਜ ਦੀ ਤੀਜੀ ਸੂਚੀ ਨਾਲ ਪਾਰਟੀ ਵੱਲੋਂ ਹੁਣ ਤਕ ਕੁੱਲ 76 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ਰਦ ਪਵਾਰ ਦੀ ਅਗਵਾਈ ਵਾਲੀ ਪਾਰਟੀ ਨੇ ਵਾਸ਼ਿਮ ਜ਼ਿਲ੍ਹੇ ਦੀ ਕਾਰੰਜਾ ਸੀਟ ਤੋਂ ਭਾਜਪਾ ਦੇ ਮਰਹੂਮ ਵਿਧਾਇਕ ਰਾਜੇਂਦਰ ਪਟਨੀ ਦੇ ਪੁੱਤਰ ਦਾਨਯਕ ਪਟਨੀ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਪਾਰਟੀ ਵੱਲੋਂ ਐਲਾਨੇ ਗਏ ਹੋਰ ਉਮੀਦਵਾਰਾਂ ਵਿੱਚ ਅਤੁਲ ਵਾਂਗਦਲੇ, ਰਮੇਸ਼ ਬਾਂਗ, ਰਾਹੁਲ ਕਲਾਟੇ, ਅਜੀਤ ਗਵਾਨੇ, ਮੋਹਨ ਜਗਤਾਪ, ਰਾਜਾਸਾਹਿਬ ਦੇਸ਼ਮੁਖ ਤੇ ਸਿੱਧੀ ਰਮੇਸ਼ ਕਦਮ ਸ਼ਾਮਲ ਹਨ। ਪੀਟੀਆਈ