ਮਹਾਰਾਸ਼ਟਰ ਚੋਣਾਂ: ਭਾਜਪਾ ਤੇ ਐੱਨਸੀਪੀ (ਐੱਸਪੀ) ਵੱਲੋਂ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ
ਮੁੰਬਈ, 28 ਅਕਤੂਬਰ
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਅੱਜ 25 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ, ਜਦਕਿ ਐੱਨਸੀਪੀ (ਐੱਸਪੀ) ਨੇ 7 ਹੋਰ ਉਮੀਦਵਾਰਾਂ ਦਾ ਨਾਂ ਐਲਾਨ ਦਿੱਤਾ ਹੈ। ਭਾਜਪਾ ਵੱਲੋਂ ਐਲਾਨੀ ਗਈ ਸੂਚੀ ਵਿੱਚ ਕਾਂਗਰਸ ਛੱਡ ਕੇ ਆਏ ਦੋ ਆਗੂਆਂ ਦੇ ਨਾਂ ਵੀ ਸ਼ਾਮਲ ਹਨ। ਭਾਜਪਾ ਨੇ ਨਾਗਪੁਰ-ਪੱਛਮੀ ਤੋਂ ਸੁਧਾਕਰ ਕੋਹਲੇ ਅਤੇ ਨਾਗਪੁਰ-ਉੱਤਰੀ ਤੋਂ ਮਿਲਿੰਦ ਪਾਂਡੁਰੰਗ ਮਾਨੇ ਨੂੰ ਉਮੀਦਵਾਰ ਐਲਾਨਿਆ ਹੈ। ਅੱਜ ਦੀ ਸੂਚੀ ਮਗਰੋਂ ਭਾਜਪਾ ਵੱਲੋਂ ਕੁੱਲ 146 ਸੀਟਾਂ ਤੋਂ ਉਮੀਦਵਾਰਾਂ ਦਾ ਨਾਂ ਐਲਾਨ ਦਿੱਤਾ ਗਿਆ ਹੈ। ਦੂਜੇ ਪਾਸੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਪਵਾਰ) ਨੇ ਅੱਜ ਸੱਤ ਹੋਰ ਉਮੀਦਵਾਰਾਂ ਦਾ ਨਾਂ ਐਲਾਨ ਦਿੱਤਾ ਹੈ। ਇਸ ਨਾਲ ਪਾਰਟੀ ਵੱਲੋਂ ਹੁਣ ਤੱਕ 83 ਉਮੀਦਵਾਰਾਂ ਦੇ ਨਾਂ ਜਾਰੀ ਕਰ ਦਿੱਤੇ ਗਏ ਹਨ। ਪਾਰਟੀ ਨੇ ਮੌਜੂਦਾ ਵਿਧਾਇਕ ਅਨਿਲ ਦੇਸ਼ਮੁਖ ਦੀ ਥਾਂ ਉਸ ਦੇ ਪੁੱਤਰ ਸਲੀਲ ਦੇਸ਼ਮੁਖ ਨੂੰ ਕਟੋਲ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਹੈ। ਇਸੇ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਕੋਪਰੀ-ਪਾਚਪਾਖੜੀ ਹਲਕੇ ਤੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਹਨ। ਉਪ ਮੁੱਖ ਮੰਤਰੀ ਤੇ ਐੱਨਸੀਪੀ ਮੁਖੀ ਅਜੀਤ ਪਵਾਰ ਨੇ ਬਾਰਾਮਤੀ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਹੈ। ਦੂਜੇ ਪਾਸੇ ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ ਦੇ ਪੜਪੋਤੇ ਯੁਗੇਂਦਰ ਪਵਾਰ ਨੇ ਬਾਰਾਮਤੀ ਤੋਂ ਕਾਗਜ਼ ਦਾਖਲ ਕੀਤੇ। -ਪੀਟੀਆਈ