For the best experience, open
https://m.punjabitribuneonline.com
on your mobile browser.
Advertisement

Maharashtra Elections: ਮਹਾਰਾਸ਼ਟਰ ’ਚ ਕਾਂਗਰਸ ਜਿੱਤੀ ਤਾਂ ਸੂਬਾ ਬਣ ਜਾਵੇਗਾ 'ਸ਼ਾਹੀ ਪਰਿਵਾਰ' ਦਾ ATM: ਮੋਦੀ

03:31 PM Nov 09, 2024 IST
maharashtra elections  ਮਹਾਰਾਸ਼ਟਰ ’ਚ ਕਾਂਗਰਸ ਜਿੱਤੀ ਤਾਂ ਸੂਬਾ ਬਣ ਜਾਵੇਗਾ  ਸ਼ਾਹੀ ਪਰਿਵਾਰ  ਦਾ atm  ਮੋਦੀ
ਮਹਾਰਾਸ਼ਟਰ ਦੇ ਅਕੋਲਾ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਏਐੱਨਆਈ
Advertisement

ਅਕੋਲਾ (ਮਹਾਰਾਸ਼ਟਰ), 9 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਜਿੱਥੇ ਵੀ ਕਾਂਗਰਸ ਦੀ ਸਰਕਾਰ ਬਣਦੀ ਹੈ, ਉਹ ਰਾਜ ਪਾਰਟੀ ਦੇ 'ਸ਼ਾਹੀ ਪਰਿਵਾਰ' ਦਾ ਏਟੀਐਮ (ਆਟੋਮੇਟਿਡ ਟੈਲਰ ਮਸ਼ੀਨ) ਬਣ ਜਾਂਦਾ ਹੈ। ਇਥੇ ਭਾਜਪਾ ਦੇ ਹੱਕ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ  ਉਨ੍ਹਾਂ ਕਿਹਾ, ‘‘ਅਸੀਂ ਮਹਾਰਾਸ਼ਟਰ ਨੂੰ ਕਾਂਗਰਸ ਦਾ ਏਟੀਐਮ ਨਹੀਂ ਬਣਨ ਦੇਵਾਂਗੇ।’’
ਮਹਰਾਸ਼ਟ ਵਿਧਾਨ ਸਭਾ ਦੀਆਂ ਚੋਣਾਂ 20 ਨਵੰਬਰ ਨੂੰ ਹੋਣੀਆਂ ਹਨ, ਜਦੋਂਕਿ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ ਤੇ ਨਤੀਜੇ ਐਲਾਨੇ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕਾਂਗਰਸ ਚੋਣਾਂ ਜਿੱਤਣ ਲਈ ਇੰਨਾ ਭ੍ਰਿਸ਼ਟਾਚਾਰ ਕਰ ਸਕਦੀ ਹੈ, ਤਾਂ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਕਿੰਨਾ ਭ੍ਰਿਸ਼ਟਚਾਰ ਕਰੇਗੀ।
ਉਨ੍ਹਾਂ ਕਿਹਾ, ‘‘ਜਿੱਥੇ ਵੀ ਕਾਂਗਰਸ ਦੀ ਸਰਕਾਰ ਬਣਦੀ ਹੈ, ਉਹ ਰਾਜ ਪਾਰਟੀ ਦੇ ਸ਼ਾਹੀ ਪਰਿਵਾਰ ਦਾ ਏਟੀਐਮ ਬਣ ਜਾਂਦਾ ਹੈ। ਮਹਾਰਾਸ਼ਟਰ ਚੋਣਾਂ ਲਈ (ਕਾਂਗਰਸ ਸ਼ਾਸਿਤ) ਕਰਨਾਟਕ ਵਿੱਚ ਸ਼ਰਾਬ ਦੇ ਕਾਰੋਬਾਰ ਤੋਂ 700 ਕਰੋੜ ਰੁਪਏ ਦੀ ਉਗਰਾਹੀ ਕੀਤੀ ਗਈ ਹੈ। ਇਸੇ ਤਰ੍ਹਾਂ ਤਿਲੰਗਾਨਾ ਅਤੇ ਹਿਮਾਚਲ ਪ੍ਰਦੇਸ਼ ਵੀ ਸ਼ਾਹੀ ਪਰਿਵਾਰ ਦੇ ਏਟੀਐਮ ਬਣ ਚੁੱਕੇ ਹਨ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਯੁਤੀ (ਮਹਾਰਾਸ਼ਟਰ ਦਾ ਹਾਕਮ ਗਠਜੋੜ, ਜਿਸ ਵਿਚ ਭਾਜਪਾ ਵੀ ਸ਼ਾਮਲ ਹੈ) ਦਾ ਮੈਨੀਫੈਸਟੋ ਔਰਤਾਂ ਦੀ ਸੁਰੱਖਿਆ, ਨੌਕਰੀਆਂ ਦੇ ਮੌਕਿਆਂ, ‘ਲੜਕੀ ਭੈਣ’ ਯੋਜਨਾ ਦੇ ਵਿਸਤਾਰ 'ਤੇ ਕੇਂਦਰਿਤ ਹੈ, ਜਦੋਂ ਕਿ ਕਾਂਗਰਸ, ਸ਼ਿਵ ਸੈਨਾ (ਯੂਬੀਟੀ) ਅਤੇ ਸ਼ਰਦ ਪਵਾਰ ਦੀ ਐੱਨਸੀਪੀ ਦੀ ਸ਼ਮੂਲੀਅਤ ਵਾਲੇ ਗੱਠਜੋੜ ‘ਮਹਾ ਵਿਕਾਸ ਅਗਾੜੀ’ (MVA) ਨੇ ਲੋਕਾਂ ਅੱਗੇ ਆਪਣੇ ਮੈਨੀਫੈਸਟੋ ਦੇ ਰੂਪ ਵਿਚ ‘ਘੁਟਾਲਾ ਪੱਤਰ’ ਪੇਸ਼ ਕੀਤਾ ਹੈ।
ਉਨ੍ਹਾਂ ਕਿਹਾ, ‘‘ਸਾਰਾ ਦੇਸ਼ ਜਾਣਦਾ ਹੈ ਕਿ MVA ਦਾ ਮਤਲਬ ਭ੍ਰਿਸ਼ਟਾਚਾਰ, ਟੋਕਨ ਮਨੀ ਅਤੇ ਟ੍ਰਾਂਸਫਰ ਪੋਸਟਿੰਗ (ਤਬਾਦਲਿਆਂ ਦਾ) ਕਾਰੋਬਾਰ ਹੈ।" ਕਾਂਗਰਸ 'ਤੇ ਹਮਲਾ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਪਾਰਟੀ ਦੇ ਸ਼ਾਹੀ ਪਰਿਵਾਰ ਨੂੰ ਇਹ ਸਾਬਤ ਕਰਨ ਦੀ ਚੁਣੌਤੀ ਦਿੰਦੇ ਹਨ ਕਿ ਉਨ੍ਹਾਂ ਕਦੇ ਕਦੇ ਬਾਬਾ ਸਾਹਿਬ ਅੰਬੇਡਕਰ ਦੇ ‘ਪੰਚਤੀਰਥ’ ਦਾ ਦੌਰਾ ਕੀਤਾ ਹੈ।
ਮੋਦੀ ਨੇ ਬਾਬਾ ਸਾਹਿਬ ਡਾ. ਅੰਬੇਡਕਰ ਨਾਲ ਸਬੰਧਤ ਪੰਜ ਅਹਿਮ ਸਥਾਨਾਂ ਲਈ ਸਾਂਝੇ ਤੌਰ ’ਤੇ ‘ਪੰਚਤੀਰਥ’ ਸ਼ਬਦ ਦੀ ਵਰਤੋਂ ਕੀਤੀ ਹੈ। ਇਨ੍ਹਾਂ ਵਿਚ ਸ਼ਾਮਲ ਹਨ - ਮੱਧ ਪ੍ਰਦੇਸ਼ ਦਾ ਮਹੂ ਭਾਵ ਬਾਬਾ ਸਾਹਿਬ ਦਾ ਜਨਮ ਸਥਾਨ, ਲੰਡਨ ਵਿੱਚ ਉਹ ਸਥਾਨ ਜਿੱਥੇ ਉਹ ਯੂਕੇ ਵਿੱਚ ਪੜ੍ਹਦੇ ਸਮੇਂ ਰਹੇ ਸਨ, ਨਾਗਪੁਰ ਸਥਿਤ ‘ਦੀਕਸ਼ਾ ਭੂਮੀ’ ਜਿੱਥੇ ਉਨ੍ਹਾਂ ਬੁੱਧ ਧਰਮ ਅਪਣਾਇਆ ਸੀ, ਦਿੱਲੀ ਵਿੱਚ ਸਥਿਤ ‘ਮਹਾਂਪਰਿਨਿਰਵਾਣ ਸਥਲ’ ਜਿਥੇ ਬਾਬਾ ਸਾਹਿਬ ਨੇ ਆਖ਼ਰੀ ਸਾਹ ਲਿਆ ਅਤੇ ਮੁੰਬਈ ਸਥਿਤ ‘ਚੈਤਿਆ ਭੂਮੀ’ ਜਿਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਉਨ੍ਹਾਂ ਕਾਂਗਰਸ ਉਤੇ ਦੋਸ਼ ਲਾਉਂਦਿਆਂ ਕਿਹਾ, ‘‘ਉਹ ਬਾਬਾ ਸਾਹਿਬ ਨੂੰ ਇਸ ਲਈ ਨਫ਼ਰਤ ਕਰਦੇ ਹਨ ਕਿ ਉਹ ਇੱਕ ਦਲਿਤ ਸਨ ਅਤੇ ਕਿਉਂਕਿ ਉਨ੍ਹਾਂ ਨੂੰ ਸੰਵਿਧਾਨ ਦਾ ਖਰੜਾ ਤਿਆਰ ਕਰਨ ਦਾ ਸਿਹਰਾ ਜਾਂਦਾ ਹੈ।... ਬਾਬਾ ਸਾਹਿਬ ਮੇਰੇ, ਭਾਜਪਾ ਅਤੇ ਮੇਰੀ ਸਰਕਾਰ ਲਈ ਇੱਕ ਪ੍ਰੇਰਨਾ ਸਰੋਤ ਹਨ। ਸਾਡੀ ਸਰਕਾਰ ਨੇ ਉਨ੍ਹਾਂ ਦੀ ਵਿਰਾਸਤ ਨਾਲ ਜੁੜੇ ਸਥਾਨਾਂ ਦਾ ਵਿਕਾਸ ਕੀਤਾ ਹੈ। ਮੈਂ ਦੇਸ਼ ਦੀ ਯੂਪੀਆਈ ਦਾ ਨਾਮ ‘ਭੀਮ ਯੂਪੀਆਈ’ (BHIM UPI) ਰੱਖਿਆ ਹੈ।’’
ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਜਾਤਾਂ ਅਤੇ ਫਿਰਕਿਆਂ ਨੂੰ ਇੱਕ ਦੂਜੇ ਦੇ ਵਿਰੁੱਧ ਖੜ੍ਹਾ ਕਰਨ ਦੀਆਂ ਚਾਲਾਂ ਚੱਲਦੀ ਹੈ, ਉਹ ਦਲਿਤਾਂ ਅਤੇ ਪਛੜੇ ਵਰਗਾਂ ਨੂੰ ਇੱਕਜੁੱਟ ਨਹੀਂ ਹੋਣ ਦੇਣਾ ਚਾਹੁੰਦੀ, ਪਰ ਹਰਿਆਣਾ ਦੇ ਲੋਕਾਂ ਨੇ ਇਸ ਦੀ ਥਾਂ 'ਏਕ ਹੈਂ ਤੋ ਸੇਫ ਹੈਂ' ਮੰਤਰ ਅਪਣਾ ਕੇ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਜਾਣਦੀ ਹੈ ਕਿ ਦੇਸ਼ ਨੂੰ ਕਮਜ਼ੋਰ ਕਰਨ 'ਤੇ ਹੀ ਉਹ ਮਜ਼ਬੂਤ ​​ਹੋਵੇਗੀ। ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਪਿਛਲੇ ਦੋ ਕਾਰਜਕਾਲਾਂ 'ਚ ਉਨ੍ਹਾਂ ਦੀ ਸਰਕਾਰ ਚਾਰ ਕਰੋੜ ਗਰੀਬ ਲੋਕਾਂ ਨੂੰ ਘਰ ਮੁਹੱਈਆ ਕਰਾਉਣ 'ਚ ਕਾਮਯਾਬ ਰਹੀ ਹੈ, ਜਦਕਿ ਤਿੰਨ ਕਰੋੜ ਹੋਰ ਘਰ ਬਣਾਏ ਜਾਣਗੇ। ਉਨ੍ਹਾਂ ਕਿਹਾ, “2019 ਵਿੱਚ ਅੱਜ ਦੇ ਦਿਨ, ਦੇਸ਼ ਦੀ ਸੁਪਰੀਮ ਕੋਰਟ ਨੇ ਰਾਮ ਮੰਦਰ ਬਾਰੇ ਆਪਣਾ ਫੈਸਲਾ ਦਿੱਤਾ। 9 ਨਵੰਬਰ ਦੀ ਇਹ ਤਾਰੀਖ ਇਸ ਲਈ ਵੀ ਯਾਦ ਰੱਖੀ ਜਾਵੇਗੀ ਕਿਉਂਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹਰ ਧਰਮ ਦੇ ਲੋਕਾਂ ਨੇ ਬਹੁਤ ਸੰਵੇਦਨਸ਼ੀਲਤਾ ਦਿਖਾਈ ਸੀ।” -ਪੀਟੀਆਈ

Advertisement

Advertisement
Advertisement
Author Image

Balwinder Singh Sipray

View all posts

Advertisement