ਮਹਾਰਾਸ਼ਟਰ ਚੋਣਾਂ: ਇੱਕ ਲੱਖ ਤੋਂ ਵੱਧ ਵੋਟਾਂ ਲੈਣ ਵਾਲੇ 58 ਉਮੀਦਵਾਰ ਕਰੀਬੀ ਮੁਕਾਬਲੇ ’ਚ ਹਾਰੇ
ਮੁੰਬਈ, 25 ਨਵੰਬਰ
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਦੋ ਗੱਠਜੋੜਾਂ ਵਿੱਚ ਸ਼ਾਮਲ ਛੇ ਮੁੱਖ ਪਾਰਟੀਆਂ ਦਰਮਿਆਨ ਮੁਕਾਬਲਾ ਕਰੀਬੀ ਰਿਹਾ, ਜਿਸ ਵਿੱਚ 58 ਉਮੀਦਵਾਰ ਇੱਕ ਲੱਖ ਤੋਂ ਵੱਧ ਵੋਟਾਂ ਲੈਣ ਦੇ ਬਾਵਜੂਦ ਹਾਰ ਗਏ। ਇਸ ਤੋਂ ਸਭ ਤੋਂ ਵੱਧ ਨੁਕਸਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਨੂੰ ਹੋਇਆ। ਚੋਣ ਕਮਿਸ਼ਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਜਿਹੇ ਮੁੱਖ ਆਗੂਆਂ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਬਾਲਾਸਾਹਿਬ ਥੋਰਾਟ ਅਤੇ ਧੀਰਜ ਦੇਸ਼ਮੁਖ ਸ਼ਾਮਲ ਹਨ। ਸੁਨੀਲ ਟਿੰਗਰੇ (ਐੱਨਸੀਪੀ), ਸੰਗਰਾਮ ਥੋਪਟੇ ਅਤੇ ਧੀਰਜ ਦੇਸ਼ਮੁਖ (ਦੋਵੇਂ ਕਾਂਗਰਸ) ਅਤੇ ਰਾਮ ਸ਼ਿੰਦੇ (ਭਾਜਪਾ) ਵੀ ਭਾਰੀ ਸਮਰਥਨ ਮਿਲਣ ਦੇ ਬਾਵਜੂਦ ਜਿੱਤ ਤੋਂ ਖੁੰਝ ਗਏ।
ਹਾਰਨ ਵਾਲਿਆਂ ਦੀ ਗਿਣਤੀ ਪੁਣੇ ਤੇ ਛਤਰਪਤੀ ਸੰਭਾਜੀਨਗਰ ਜ਼ਿਲ੍ਹਿਆਂ ’ਚ ਸਭ ਤੋਂ ਵੱਧ
ਪੁਣੇ ਅਤੇ ਛਤਰਪਤੀ ਸੰਭਾਜੀਨਗਰ ਵਰਗੇ ਜ਼ਿਲ੍ਹਿਆਂ ਵਿੱਚ ਅਜਿਹੇ ਕਰੀਬੀ ਮੁਕਾਬਲਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਰਹੀ। ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਵਿੱਚ ਅਜਿਹੇ ਸਭ ਤੋਂ ਵੱਧ 22 ਉਮੀਦਵਾਰ ਹਾਰੇ, ਜਿਨ੍ਹਾਂ ਨੂੰ ਇੱਕ ਲੱਖ ਤੋਂ ਵੱਧ ਵੋਟਾਂ ਮਿਲੀਆਂ। ਕਾਂਗਰਸ ਦੇ 16 ਉਮੀਦਵਾਰਾਂ ਦਾ ਵੀ ਇਹੋ ਹਾਲ ਸੀ। ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂਬੀਟੀ) ਦੇ ਅਜਿਹੇ ਸੱਤ ਉਮੀਦਵਾਰ ਹਾਰੇ, ਜਦੋਂਕਿ ਭਾਜਪਾ ਦੇ ਚਾਰ ਉਮੀਦਵਾਰ ਇੱਕ ਲੱਖ ਤੋਂ ਵੱਧ ਵੋਟਾਂ ਲੈਣ ਦੇ ਬਾਵਜੂਦ ਹਾਰ ਗਏ। ਅਜੀਤ ਪਵਾਰ ਦੀ ਐੱਨਸੀਪੀ ਦੇ ਦੋ ਅਤੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦਾ ਇੱਕ ਉਮੀਦਵਾਰ ਇਸ ਸੂਚੀ ਵਿੱਚ ਸ਼ਾਮਲ ਹਨ। -ਪੀਟੀਆਈ