ਮਹਾਰਾਸ਼ਟਰ: ਡਿਪਟੀ ਸਪੀਕਰ ਨੇ ਸਕੱਤਰੇਤ ਦੇ ਸੁਰੱਖਿਆ ਜਾਲ ’ਚ ਮਾਰੀ ਛਾਲ
ਮੁੰਬਈ, 4 ਅਕਤੂਬਰ
ਦੱਖਣੀ ਮੁੰਬਈ ਸਥਿਤ ਸੂਬਾ ਸਕੱਤਰੇਤ ’ਚ ਅੱਜ ਉਸ ਸਮੇਂ ਅਜੀਬ ਸਥਿਤੀ ਪੈਦਾ ਹੋ ਗਈ, ਜਦੋਂ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰੀ ਝਿਰਵਾਲ ਸਮੇਤ ਕੁਝ ਕਬਾਇਲੀ ਆਗੂਆਂ ਨੇ ਧਨਗਰ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦਿੱਤੇ ਜਾਣ ਦੇ ਰੋਸ ਵਜੋਂ ਮੰਤਰਾਲੇ ’ਚ ਬਣੇ ਸੁਰੱਖਿਆ ਜਾਲ ’ਤੇ ਛਾਲ ਮਾਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ’ਚ ਕੋਈ ਜ਼ਖ਼ਮੀ ਨਹੀਂ ਹੋਇਆ। ਮੁਜ਼ਾਹਰਾਕਾਰੀਆਂ ’ਚ ਸੂਬੇ ’ਚ ਹਾਕਮ ਮਹਾਯੁਤੀ ਗੱਠਜੋੜ ਦੇ ਦੋ ਵਿਧਾਇਕ ਤੇ ਇੱਕ ਸੰਸਦ ਮੈਂਬਰ ਸ਼ਾਮਲ ਸਨ। ਐੱਨਸੀਪੀ ਵਿਧਾਇਕ ਝਿਰਵਾਲ ਤੇ ਕਿਰਨ ਲਹਾਮਾਟੇ ਅਤੇ ਭਾਜਪਾ ਦੇ ਕਬਾਇਲੀ ਸੰਸਦ ਮੈਂਬਰ ਹੇਮੰਤ ਸਵਰਾ ਉਨ੍ਹਾਂ ਲੋਕਾਂ ’ਚ ਸ਼ਾਮਲ ਹਨ, ਜਿਨ੍ਹਾਂ ਤੀਜੀ ਮੰਜ਼ਿਲ ਤੋਂ ਸੁਰੱਖਿਆ ਜਾਲ ’ਚ ਛਾਲ ਮਾਰੀ ਸੀ। ਪੁਲੀਸ ਨੇ ਜਦੋਂ ਇਨ੍ਹਾਂ ਆਗੂਆਂ ਨੂੰ ਜਾਲ ਤੋਂ ਹਟਾਇਆ ਤਾਂ ਕਬਾਇਲੀ ਨੁਮਾਇੰਦੇ ਮੈਦਾਨ ’ਚ ਇਕੱਠੇ ਹੋ ਗਏ ਤੇ ਧਰਨਾ ਦੇਣ ਲੱਗੇ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਰਾਖਵਾਂਕਰਨ ਬਾਰੇ ਚਰਚਾ ਲਈ ਉਨ੍ਹਾਂ ਨਾਲ ਮੁਲਾਕਾਤ ਨਹੀਂ ਕਰ ਰਹੇ। -ਪੀਟੀਆਈ