Mahapanchayat: ਕਿਸਾਨਾਂ ਨੂੰ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ
* ਐੱਸਕੇਐੱਮ ਤੇ ਐੱਸਕੇਐੱਮ (ਗੈਰ ਸਿਆਸੀ) ਵਿਚਾਲੇ ਏਕਤਾ ਦੇ ਆਸਾਰ
* ਅੱਜ ਖਨੌਰੀ ਤੇ ਸ਼ੰਭੂ ਬਾਰਡਰ ’ਤੇ ਮਤਾ ਲਿਜਾਵੇਗੀ 6 ਮੈਂਬਰੀ ਏਕਤਾ ਕਮੇਟੀ
ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਜਨਵਰੀ
ਇੱਥੇ ਐੱਸਕੇਐੱਮ ਦੀ ਅੱਜ ਇੱਥੋਂ ਦੀ ਅਨਾਜ ਮੰਡੀ ’ਚ ਮਹਾਪੰਚਾਇਤ ’ਚ ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਭਵਿੱਖੀ ਸੰਘਰਸ਼ ਦੀ ਰਣਨੀਤੀ ਲਈ 24-25 ਜਨਵਰੀ ਨੂੰ ਦਿੱਲੀ ’ਚ ਆਪਣੀ ਕੌਮੀ ਮੀਟਿੰਗ ਸੱਦ ਲਈ ਹੈ। ਮਹਾਪੰਚਾਇਤ ਵਿਚ ਐੱਸਕੇਐੱਮ ਅਤੇ ਐੱਸਕੇਐੱਮ (ਗੈਰ ਸਿਆਸੀ) ’ਚ ਏਕਤਾ ਦੇ ਆਸਾਰ ਬਣਨ ਉੱਤੇ ਸ਼ੰਭੂ ਅਤੇ ਖਨੌਰੀ ਸਰਹੱਦ ਉੱਤੇ ਚੱਲ ਰਹੇ ਮੋਰਚੇ ਖ਼ਿਲਾਫ਼ ਕੋਈ ਵੀ ਟਿੱਪਣੀ ਨਾ ਕਰਨ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ ਕਰਵਾਉਣ, ਸਵਾਮੀਨਾਥਨ ਫਾਰਮੂਲੇ ਤਹਿਤ ਐੱਮਐੱਸਪੀ ਤੇ ਖਰੀਦ ਗਾਰੰਟੀ ਕਾਨੂੰਨ ਬਣਾਉਣ ਸਮੇਤ ਦਿੱਲੀ ਮੋਰਚੇ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਅਤੇ ਕਿਸਾਨਾਂ-ਮਜ਼ਦੂਰਾਂ ਦੀ ਕਰਜ਼ਾ ਮੁਕਤੀ, ਕਿਸਾਨ ਲਹਿਰ ਦੇ ਸਾਂਝੇ/ਤਾਲਮੇਲ ਵਾਲੇ ਸੰਘਰਸ਼ ਲਈ ਏਕਤਾ ਦਾ ਮਤਾ ਪਾਸ ਕੀਤਾ। ਇਸ ਮੌਕੇ ਡੱਲੇਵਾਲ ਦੀ ਜਾਨ ਬਚਾਉਣ ਲਈ ਕੇਂਦਰ ਸਰਕਾਰ ਨੂੰ ਤੁਰੰਤ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਮੰਗ ਕਰਦਿਆਂ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਡੱਲੇਵਾਲ ਦਾ ਕੋਈ ਨੁਕਸਾਨ ਹੋਇਆ ਤਾਂ ਮੋਰਚਾ ਸਖਤ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗਾ। ਇਸ ਮੌਕੇ ਐੱਮਐੱਸਪੀ ਤੇ ਖਰੀਦ ਗਾਰੰਟੀ ਕਾਨੂੰਨ ਬਣਾਉਣ ਸਬੰਧੀ ਸੰਸਦ ਦੀ ਸਥਾਈ ਕਮੇਟੀ ਵੱਲੋਂ ਕਿਸਾਨਾਂ ਦੀ ਮੰਗ ਸਬੰਧੀ ਸਵਾਮੀਨਾਥਨ ਫਾਰਮੂਲੇ ਨੂੰ ਵਿਸਾਰ ਕੇ ਕੀਤੀ ਗਈ ਅਧੂਰੀ ਸਿਫਾਰਸ਼ ਵੀ ਰੱਦ ਕੀਤੀ ਗਈ।
ਸੰਯੁਕਤ ਕਿਸਾਨ ਮੋਰਚਾ ਦੀ ਛੇ ਮੈਂਬਰੀ ਏਕਤਾ ਕਮੇਟੀ ਵਿੱਚ ਸ਼ਾਮਲ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰਾਮਿੰਦਰ ਸਿੰਘ ਪਟਿਆਲਾ, ਡਾ. ਦਰਸ਼ਨਪਾਲ ਤੇ ਕ੍ਰਿਸ਼ਨਾ ਪ੍ਰਸਾਦ ਭਲਕੇ 10 ਜਨਵਰੀ 101 ਕਿਸਾਨਾਂ ਦੇ ਜਥੇ ਨਾਲ ਖਨੌਰੀ ਤੇ ਸ਼ੰਭੂ ਬਾਰਡਰ ਵਿਖੇ ਏਕਤਾ ਦਾ ਮਤਾ ਲੈ ਕੇ ਜਾਣਗੇ, ਜਿਸ ਵਿੱਚ 15 ਜਨਵਰੀ ਨੂੰ ਪਟਿਆਲਾ ਦੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਸਾਂਝੀ ਮੀਟਿੰਗ ਕਰਨ ਦਾ ਸੱਦਾ ਵੀ ਸ਼ਾਮਲ ਹੈ।
ਮਹਾਪੰਚਾਇਤ ’ਚ 13 ਜਨਵਰੀ ਨੂੰ ਤਹਿਸੀਲ ਪੱਧਰ ’ਤੇ ਖੇਤੀਬਾੜੀ ਮਾਰਕੀਟਿੰਗ ਨੀਤੀ ਦੇ ਡਰਾਫਟ ਦੀਆਂ ਕਾਪੀਆਂ ਸਾੜਨ ਅਤੇ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ। ਦੋਵਾਂ ਧਿਰਾਂ ’ਚ ਸਹਿਮਤੀ ਬਣ ਜਾਂਦੀ ਹੈ ਤਾਂ ਇਹ ਪ੍ਰੋਗਰਾਮ ਸਾਂਝੇ ਤੌਰ ’ਤੇ ਵੀ ਹੋ ਸਕਦਾ ਹੈ। ਰੈਲੀ ਨੂੰ ਸੁਖਦੇਵ ਸਿੰਘ ਕੋਕਰੀ, ਰੁਲਦੂ ਸਿੰਘ ਮਾਨਸਾ, ਹਰਮੀਤ ਸਿੰਘ ਕਾਦੀਆਂ, ਬੂਟਾ ਸਿੰਘ ਬੁਰਜਗਿੱਲ, ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਧਨੇਰ, ਡਾ. ਸਤਨਾਮ ਸਿੰਘ ਅਜਨਾਲਾ, ਹਰਦੇਵ ਸਿੰਘ ਸੰਧੂ, ਪ੍ਰੇਮ ਸਿੰਘ ਭੰਗੂ, ਰਾਜਨ ਸ੍ਰੀਸਾਗਰ, ਬਲਕਰਨ ਸਿੰਘ ਬਰਾੜ, ਬਿੰਦਰ ਸਿੰਘ ਗੋਲੇਵਾਲਾ, ਜੋਗਿੰਦਰ ਨੈਨ, ਸੁਰੇਸ਼ ਕੌਥ, ਨਿਰਵੈਲ ਸਿੰਘ ਡਾਲੇਕੇ, ਹਰਜਿੰਦਰ ਸਿੰਘ ਟਾਂਡਾ, ਹਰਦੇਵ ਸਿੰਘ ਸੰਧੂ, ਨਛੱਤਰ ਸਿੰਘ ਜੈਤੋ, ਪ੍ਰੇਮ ਸਿੰਘ ਭੰਗੂ, ਸੁਖਦੇਵ ਸਿੰਘ ਅਰਾਈਆਂਵਾਲਾ, ਰੂਪ ਬਸੰਤ ਸਿੰਘ, ਮਲੂਕ ਸਿੰਘ ਹੀਰਕੇ, ਸੁਖ ਗਿੱਲ ਮੋਗਾ, ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਮੱਲੀ ਨੰਗਲ, ਹਰਵਿੰਦਰ ਕੌਰ ਬਿੰਦੂ, ਗੁਰਦੇਵ ਸਿੰਘ ਢਿੱਲੋਂ ਨੇ ਸੰਬੋਧਨ ਕੀਤਾ।
ਮੰਡੀਕਰਨ ਨੀਤੀ ਖਰੜੇ ਖ਼ਿਲਾਫ਼ ਵਿਧਾਨ ਸਭਾ ਵਿੱਚ ਮਤਾ ਲਿਆਉਣ ਦੀ ਮੰਗ
ਮਹਾਪੰਚਾਇਤ ਵਿੱਚ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ ਕਰਨ ਸਬੰਧੀ ਦਿੱਤੇ ਬਿਆਨ ਦਾ ਸਵਾਗਤ ਕਰਦਿਆਂ ਮੰਗ ਕੀਤੀ ਕਿ ਫੌਰੀ ਤੌਰ ’ਤੇ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਇਸ ਖਰੜੇ ਨੂੰ ਰੱਦ ਕਰਨ ਦਾ ਮਤਾ ਪਾਸ ਕਰਨ ਦਾ ਵਾਅਦਾ ਪੂਰਾ ਕੀਤਾ ਜਾਵੇ। ਉਨ੍ਹਾਂ ਹੋਰ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਕਿ ਉਹ ਸੰਘਵਾਦ ਦੀ ਰਾਖੀ ਲਈ ਇਸ ਖਰੜੇ ਨੂੰ ਰੱਦ ਕਰਨ ਸਬੰਧੀ ਵਿਧਾਨ ਸਭਾਵਾਂ ਵਿੱਚ ਮਤੇ ਪਾਸ ਕਰਨ। ਕੇਂਦਰ ਵਿਰੋਧੀ ਸੂਬਾਈ ਸਰਕਾਰਾਂ ਨੂੰ ਪਹਿਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਸ ਖਰੜੇ ਨੂੰ ਇਤਿਹਾਸਕ ਸੰਘਰਸ਼ ਨਾਲ ਰੱਦ ਕਰਵਾਏ ਗਏ ਤਿੰਨ ਕਾਨੂੰਨਾਂ ਦਾ ਨਵਾਂ ਅਤੇ ਖਤਰਨਾਕ ਰੂਪ ਦਸਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਵਿਸ਼ਵ ਵਪਾਰ ਸੰਸਥਾ ਦੀਆਂ ਸਾਮਰਾਜੀ ਨੀਤੀਆਂ ਤਹਿਤ ਸੰਵਿਧਾਨਕ ਸੰਘਵਾਦ ਦੀ ਭਾਵਨਾ ਦੇ ਉਲਟ ਜਾ ਕੇ ਇੱਕ ਵਾਰ ਫਿਰ ਆਪਣੇ ਕਾਰਪੋਰੇਟ ਘਰਾਣਿਆਂ ਲਈ ਦੇਸ਼ ਦੇ ਕਿਸਾਨਾਂ ਵਿਰੁੱਧ ਹਮਲਾ ਕੀਤਾ ਹੈ।
ਅਧਿਕਾਰੀਆਂ ਵੱਲੋਂ ਕਿਸਾਨ ਆਗੂ ਡੱਲੇਵਾਲ ਨੂੰ ਮੁੜ ਮਨਾਉਣ ਦੀ ਕੋਸ਼ਿਸ਼
ਪਟਿਆਲਾ /ਪਾਤੜਾਂ (ਸਰਬਜੀਤ ਸਿੰਘ ਭੰਗੂ /ਗੁਰਨਾਮ ਸਿੰਘ ਚੌਹਾਨ):
ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਵੱਲੋਂ ਕਿਸਾਨੀ ਮੰਗਾਂ ਲਈ ਡੇਢ ਮਹੀਨੇ ਤੋਂ ਢਾਬੀਗੁੱਜਰਾਂ ਬਾਰਡਰ ਉੱਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਉਣ ਦੀ ਕਵਾਇਦ ਅੱਜ ਵੀ ਜਾਰੀ ਰਹੀ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੁਮਾਰ ਰਾਹੁਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਅੱਜ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਲਾਜ ਕਰਵਾਉਣ ਦੀ ਅਪੀਲ ਕੀਤੀ। ਹਾਲਾਂਕਿ, ਕਿਸਾਨ ਆਗੂ ਨੇ ਮੰਗਾਂ ਦੀ ਪੂਰਤੀ ਤੱਕ ਮਰਨ ਵਰਤ ਜਾਰੀ ਰੱਖਣ ਦੀ ਆਪਣੀ ਦ੍ਰਿੜ੍ਹਤਾ ਮੁੜ ਦੁਹਰਾਈ। ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਨੂੰ ਕਿਸਾਨੀ ਮੰਗਾਂ ਤੇ ਸੰਘਰਸ਼ ਸਬੰਧੀ ਆਪਣੀਆਂ ਪਾਰਟੀਆਂ ਦੇ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ। ਅੰਤਰਰਾਜੀ ਬਾਰਡਰਾਂ ’ਤੇ 11 ਮਹੀਨਿਆਂ ਤੋਂ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ‘ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ)’ ਅਤੇ ‘ਕਿਸਾਨ ਮਜ਼ਦੂਰ ਮੋਰਚਾ’ ਦੀ ਤਰਫ਼ੋਂ ਸਮੂਹ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਇਹ ਚਿੱਠੀ ਜਗਜੀਤ ਸਿੰਘ ਡੱਲੇਵਾਲ ਦੇ ਦਸਤਖਤਾਂ ਹੇਠ ਜਾਰੀ ਕੀਤੀ ਗਈ ਹੈ। ਇਸ ਪੱਤਰ ਸਬੰਧੀ ਕਿਸਾਨ ਨੇਤਾ ਅਭਿਮੰਨਿਯੂ ਕੋਹਾੜ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਐੱਮਐੱਸਪੀ ਸਮੇਤ ਕਿਸਾਨਾਂ ਦੀਆਂ ਹੋਰ ਮੰਗਾਂ ਸਬੰਧੀ ਸਿਆਸੀ ਪਾਰਟੀਆਂ ਦਾ ਕੀ ਸਟੈਂਡ ਹੈ। ਕਿਸਾਨ ਆਗੂਆਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸਾਨਾਂ ਜ਼ੋਰ ਪਾਉਣ ਦੀ ਥਾਂ ਕੇਂਦਰ ਸਰਕਾਰ ਦੀ ਤਜਵੀਜ਼ ਲੈ ਕੇ ਆਉਣ। ਡੱਲੇਵਾਲ ਨੇ ਆਪਣੇ ਪਰਿਵਾਰ ਨੂੰ ਵੀ ਸੁਨੇਹਾ ਦਿੱਤਾ ਹੈ ਕਿ ਜੇਕਰ ਉਹ ਸ਼ਹੀਦੀ ਜਾਮ ਪੀ ਜਾਂਦੇ ਹਨ, ਤਾਂ ਉਸ ਦੀ ਮ੍ਰਿਤਕ ਦੇਹ ਮੋਰਚੇ ਵਿੱਚ ਹੀ ਰੱਖੀ ਜਾਵੇ।
ਮੈਡੀਕਲ ਬੋਰਡ ਨੇ ਡੱਲੇਵਾਲ ਦੇ ਖ਼ੂਨ ਦੇ ਨਮੂਨੇ ਲਏ
ਪੰਜਾਬ ਸਰਕਾਰ ਵੱਲੋਂ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਡਾ. ਗਰੀਸ਼ ਸਾਹਨੀ ਦੀ ਅਗਵਾਈ ਹੇਠ ਗਠਿਤ ਉੱਚ ਪੱਧਰੀ ਮੈਡੀਕਲ ਬੋਰਡ ਨੇ ਅੱਜ ਜਗਜੀਤ ਸਿੰਘ ਡੱਲੇਵਾਲ ਦੇ ਖੂਨ ਦੇ ਨਮੂਨੇ ਲਏ ਅਤੇ ਅਲਟਰਾ ਸਾਊਂਡ ਕੀਤਾ। ਇਸ ਦੀਆਂ ਰਿਪੋਰਟਾਂ 10 ਜਨਵਰੀ ਨੂੰ ਆਉਣਗੀਆਂ। ਸਰਕਾਰ ਵੱਲੋਂ ਇਹ ਉੱਚ ਪੱਧਰੀ ਮੈਡੀਕਲ ਬੋਰਡ 24 ਦਸੰਬਰ ਨੂੰ ਗਠਿਤ ਕੀਤਾ ਗਿਆ ਸੀ। ਕੁਝ ਦਿਨਾਂ ਤੋਂ ਡੱਲੇਵਾਲ ਦੀ ਹਾਲਤ ਵਿਗੜੀ ਹੋਈ ਹੈ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆ ਨੇ ਕਾਕਾ ਸਿੰਘ ਕੋਟੜਾ, ਅਭਿਮੰਨਿਯੂ, ਸੁਰਜੀਤ ਫੂਲ, ਸੁਖਜੀਤ ਹਰਦੋਝੰਡੇ, ਦਿਲਬਾਗ ਹਰੀਗੜ੍ਹ ਤੇ ਹੋਰਾਂ ਨਾਲ਼ ਵੀ ਮੀਟਿੰਗ ਕੀਤੀ।
ਸ਼ੰਭੂ ਮੋਰਚੇ ’ਤੇ ਇੱਕ ਹੋਰ ਕਿਸਾਨ ਵੱਲੋਂ ਖ਼ੁਦਕੁਸ਼ੀ
* ਖੁਦਕੁਸ਼ੀ ਨੋਟ ’ਚ ਮੌਤ ਲਈ ਕੇਂਦਰ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
ਪਟਿਆਲਾ (ਸਰਬਜੀਤ ਸਿੰਘ ਭੰਗੂ):
ਸ਼ੰਭੂ ਬਾਰਡਰ ’ਤੇ ਜਾਰੀ ਕਿਸਾਨ ਮੋਰਚੇ ’ਚ ਹਿੱਸਾ ਲੈ ਰਹੇ ਇੱਕ ਹੋਰ ਕਿਸਾਨ ਨੇ ਅੱਜ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ ਹੈ। ਸ਼ੰਭੂ ਮੋਰਚੇ ’ਚ ਖੁਦਕੁਸ਼ੀ ਦੀ ਵਾਪਰੀ ਇਹ ਦੂਜੀ ਘਟਨਾ ਹੈ। ਉਂਜ ਸ਼ੰਭੂ ਬਾਰਡਰ ’ਤੇ ਇਹ 42ਵੇਂ ਕਿਸਾਨ ਦੀ ਮੌਤ ਹੋਈ ਹੈ। ਮ੍ਰਿਤਕ ਰੇਸ਼ਮ ਸਿੰਘ (50) ਪੁੱਤਰ ਜਗਤਾਰ ਸਿੰਘ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪਹੂਵਿੰਡ ਦਾ ਵਸਨੀਕ ਸੀ। ਰੇਸ਼ਮ ਸਿੰਘ ਨੂੰ ਤੁਰੰਤ ਏਪੀ ਜੈਨ ਹਸਪਤਾਲ ਰਾਜਪੁਰਾ ਲਿਜਾਇਆ ਗਿਆ। ਇੱਥੋਂ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਰੈੱਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਿਸਾਨ ਆਗੂਆਂ ਮੁਤਾਬਿਕ ਰੇਸ਼ਮ ਸਿੰਘ ਦੇ ਪਰਿਵਾਰ ’ਚ ਮਾਂ ਅਤੇ ਪਤਨੀ ਸਮੇਤ ਪੁੱਤ ਤੇ ਨੂੰਹ ਹਨ। ਐੱਸਪੀ ਸਰਫਰਾਜ਼ ਆਲਮ ਤੇ ਹੋਰ ਅਧਿਕਾਰੀਆਂ ਵੱਲੋਂ ਮ੍ਰਿਤਕ ਕਿਸਾਨ ਦੇ ਵਾਰਸਾਂ ਲਈ ਢੁੱਕਵੇਂ ਮੁਆਵਜ਼ੇ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਹਾਮੀ ਭਰਨ ’ਤੇ ਹੀ ਲਾਸ਼ ਦਾ ਪੋਸਟਮਮਾਰਟਮ ਕਰਵਾਇਆ ਗਿਆ। ਮ੍ਰਿਤਕ ਕਿਸਾਨ ਦੀ ਜੇਬ ’ਚੋਂ ਖੁਦਕੁਸ਼ੀ ਪੱਤਰ ਵੀ ਮਿਲਿਆ ਹੈ ਜਿਸ ’ਚ ਉਸ ਨੇ ਆਪਣੀ ਮੌਤ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਢਾਬੀ ਗੁੱਜਰਾਂ ’ਤੇ ਕਿਸਾਨ ਝੁਲਸਿਆ
ਪਾਤੜਾਂ (ਗੁਰਨਾਮ ਸਿੰਘ ਚੌਹਾਨ):
ਢਾਬੀ ਗੁੱਜਰਾਂ ਬਾਰਡਰ ’ਤੇ ਗੁਰਦਿਆਲ ਸਿੰਘ ਵਾਸੀ ਸਮਾਣਾ ਨਾਂ ਦਾ ਇੱਕ ਕਿਸਾਨ ਅੱਗ ਨਾਲ ਝੁਲਸ ਗਿਆ। ਅੱਜ ਸਵੇਰੇ ਜਦੋਂ ਉਹ ਦੇਸੀ ਗੀਜ਼ਰ ਰਾਹੀਂ ਪਾਣੀ ਗਰਮ ਕਰ ਰਿਹਾ ਸੀ, ਅੱਗ ਦਾ ਭਬੂਕਾ ਪੈਣ ਨਾਲ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਉਸ ਨੂੰ ਤੁਰੰਤ ਹੀ ਪਾਤੜਾਂ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਪਰ ਮੁੱਢਲੀ ਸਹਾਇਤਾ ਦੇਣ ਮਗਰੋਂ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ।