Jammu and Kashmir: ‘ਇੰਡੀਆ’ ਗੱਠਜੋੜ ਜੇ ਸੰਸਦੀ ਚੋਣਾਂ ਲਈ ਸੀ ਤਾਂ ਇਸ ਨੂੰ ਖਤਮ ਕਰ ਦੇਣਾ ਚਾਹੀਦੈ: ਉਮਰ
ਜੰਮੂ, 9 ਜਨਵਰੀ
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਵਿਰੋਧੀ ਗੱਠਜੋੜ ‘ਇੰਡੀਆ’ ਦੀ ਲੀਡਰਸ਼ਿਪ ਤੇ ਏਜੰਡੇ ਬਾਰੇ ਸਪੱਸ਼ਟਤਾ ਦੀ ਘਾਟ ’ਤੇ ਅੱਜ ਨਿਰਾਸ਼ਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਜੇ ਗੱਠਜੋੜ ਸਿਰਫ਼ ਸੰਸਦੀ ਚੋਣਾਂ ਲਈ ਸੀ ਤਾਂ ਇਸ ਨੂੰ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਆਪ’, ਕਾਂਗਰਸ ਤੇ ਹੋਰ ਸਿਆਸੀ ਪਾਰਟੀਆਂ ਤੈਅ ਕਰਨਗੀਆਂ ਕਿ ਭਾਜਪਾ ਦਾ ਅਸਰਦਾਰ ਢੰਗ ਨਾਲ ਕਿਵੇਂ ਮੁਕਾਬਲਾ ਕੀਤਾ ਜਾਵੇ। ਉਨ੍ਹਾਂ ਕਿਹਾ, ‘ਦਿੱਲੀ ਵਿਧਾਨ ਸਭਾ ਚੋਣਾਂ ਮਗਰੋਂ ਉਨ੍ਹਾਂ ਨੂੰ ਗੱਠਜੋੜ ਦੇ ਸਾਰੇ ਮੈਂਬਰਾਂ ਦੀ ਮੀਟਿੰਗ ਸੱਦਣੀ ਚਾਹੀਦੀ ਹੈ। ਜੇ ਗੱਠਜੋੜ ਸਿਰਫ਼ ਸੰਸਦੀ ਚੋਣਾਂ ਲਈ ਸੀ ਤਾਂ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਅਤੇ ਅਸੀਂ ਵੱਖ ਵੱਖ ਕੰਮ ਕਰਾਂਗੇ। ਪਰ ਜੇ ਇਹ ਵਿਧਾਨ ਸਭਾ ਚੋਣਾਂ ਲਈ ਵੀ ਹੈ ਤਾਂ ਸਾਨੂੰ ਇਕੱਠਿਆਂ ਬੈਠਣਾ ਪਵੇਗਾ ਤੇ ਸਮੂਹਿਕ ਤੌਰ ’ਤੇ ਕੰਮ ਕਰਨਾ ਪਵੇਗਾ।’ ਉਧਰ, ਸਾਬਕਾ ਮੁੱਖ ਮੰਤਰੀ ਨੇ ਕਿਹਾ, ‘ਅਸੀਂ ਦਿੱਲੀ ਨਾਲ ਲੜਨਾ ਨਹੀਂ ਚਾਹੁੰਦੇ। ਅਸੀਂ ਸੂਬੇ ਦੀਆਂ ਸਮੱਸਿਆਵਾਂ ਸੁਲਝਾਉਣ ਲਈ ਦਿੱਲੀ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਲੜਾਈ ’ਚ ਸ਼ਾਮਲ ਨਹੀਂ ਹੋਣਾ ਚਾਹੁੰਦੇ। ਜੋ ਲੜਨਾ ਚਾਹੁੰਦੇ ਹਨ ਉਹ ਲੜ ਸਕਦੇ ਨੇ।’ -ਪੀਟੀਆਈ
ਇੰਡੀਆ ਗੱਠਜੋੜ ਸਥਾਈ ਹੈ: ਫਾਰੂਕ ਅਬਦੁੱਲਾ
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਨਵੀਂ ਦਿੱਲੀ ਨਾਲ ‘ਲੜਨ’ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਜੰਮੂ ਕਸ਼ਮੀਰ ਦੇ ਮਸਲਿਆਂ ਦੇ ਹੱਲ ਲਈ ਕੇਂਦਰ ਸਰਕਾਰ ਨਾਲ ਸਹਿਯੋਗ ਕਰਨਾ ਚਾਹੁੰਦੇ ਹਨ। ‘ਇੰਡੀਆ’ ਗੱਠਜੋੜ ਅੰਦਰ ਏਕਤਾ ਬਾਰੇ ਚਿੰਤਾਵਾਂ ’ਤੇ ਅਬਦੁੱਲ੍ਹਾ ਨੇ ਕਿਹਾ ਕਿ ਗੱਠਜੋੜ ਸਿਰਫ਼ ਚੋਣਾਂ ਲੜਨ ਲਈ ਨਹੀਂ ਹੈ ਬਲਕਿ ਇਹ ਭਾਰਤ ਨੂੰ ਮਜ਼ਬੂਤ ਕਰਨ ਅਤੇ ਨਫਰਤ ਖਤਮ ਕਰਨ ਲਈ ਹੈ। ਉਨ੍ਹਾਂ ਕਿਹਾ, ‘ਗੱਠਜੋੜ ਸਥਾਈ ਹੈ। ਇਹ ਹਰ ਦਿਨ ਹਰ ਪਲ ਲਈ ਹੈ।’ ਉਹ ਵੱਖ ਵੱਖ ਮੁੱਦਿਆਂ ’ਤੇ ਮੀਡੀਆ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ ਜਿਨ੍ਹਾਂ ’ਚ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੂੰ ‘ਨਵੀਂ ਦਿੱਲੀ ਦਾ ਆਦਮੀ’ ਕਿਹਾ ਜਾਣਾ, ‘ਆਪ’ ਅਤੇ ਕਾਂਗਰਸ ਵੱਲੋਂ ਦਿੱਲੀ ਚੋਣਾਂ ਵੱਖ-ਵੱਖ ਲੜਨ ਕਾਰਨ ‘ਇੰਡੀਆ’ ਗੱਠਜੋੜ ’ਚ ਉੱਭਰੀ ਤਰੇੜ ਸ਼ਾਮਲ ਸਨ।