ਏਕਤਾ ਦਾ ਮਹਾਯੱਗ ਹੈ ਮਹਾਕੁੰਭ: ਮੋਦੀ
ਪ੍ਰਯਾਗਰਾਜ, 13 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਕੁੰਭ 2025 ਨੂੰ ‘ਏਕਤਾ ਦਾ ਮਹਾਯੱਗ’ ਦੱਸਿਆ, ਜੋ ਦੇਸ਼ ਦੀ ਸੱਭਿਆਚਾਰਕ ਅਤੇ ਅਧਿਆਤਮਕ ਪਛਾਣ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਵੇਗਾ। ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਕੁੰਭ ਵਿੱਚ ਕਈ ਜਾਤਾਂ ਅਤੇ ਫਿਰਕਿਆਂ ਦੇ ਮਤਭੇਦ ਖਤਮ ਹੋ ਜਾਂਦੇ ਹਨ। ਉਨ੍ਹਾਂ ਕਿਹਾ, ‘ਮਹਾਕੁੰਭ ਏਕਤਾ ਦਾ ਮਹਾਯੱਗ ਹੈ। ਇਹ ਦੇਸ਼ ਦੀ ਸੱਭਿਆਚਾਰਕ ਅਤੇ ਅਧਿਆਤਮਕ ਪਛਾਣ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਵੇਗਾ।’ ਪ੍ਰਧਾਨ ਮੰਤਰੀ ਨੇ ਅੱਜ ਇੱਥੇ 2025 ਦੇ ਮਹਾਕੁੰਭ ਮੇਲੇ ਲਈ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ 5,500 ਕਰੋੜ ਰੁਪਏ ਦੇ 167 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰਾਜੈਕਟਾਂ ਵਿੱਚ ਮਹਾਕੁੰਭ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਲਈ ਸੰਚਾਰ ਨੂੰ ਸੁਚਾਰੂ ਬਣਾਉਣ ਲਈ ਮਸਨੂਈ ਬੌਧਿਕਤਾ (ਏਆਈ) ਆਧਾਰਤ ਪਲੇਟਫਾਰਮ ‘ਸਹਾਇਕ’ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਗੰਗਾ, ਯਮੁਨਾ ਅਤੇ ਸਰਸਵਤੀ ਨਦੀਆਂ ਦੇ ਸੰਗਮ ’ਤੇ ਪੂਜਾ ਕੀਤੀ। ਪੂਜਾ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ। ਇਸ ਮਗਰੋਂ ਪ੍ਰਧਾਨ ਮੰਤਰੀ ਨੇ ਹਨੂੰਮਾਨ ਮੰਦਰ ਅਤੇ ਸਰਸਵਤੀ ਖੂਹ ਦੇ ਦਰਸ਼ਨ ਕੀਤੇ ਤੇ ਪੂਜਾ ਕੀਤੀ। ਫਿਰ ਉਨ੍ਹਾਂ ਨੇ ਮਹਾਕੁੰਭ ਪ੍ਰਦਰਸ਼ਨੀ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਤੋਂ ਇਸ ਬਾਰੇ ਜਾਣਕਾਰੀ ਲਈ। ਜ਼ਿਕਰਯੋਗ ਹੈ ਕਿ 2025 ਦਾ ਮਹਾਕੁੰਭ ਮੇਲਾ ਪ੍ਰਯਾਗਰਾਜ ਵਿੱਚ 13 ਜਨਵਰੀ ਤੋਂ 26 ਫਰਵਰੀ ਤੱਕ ਪ੍ਰਯਾਗਰਾਜ ਵਿੱਚ ਹੋਵੇਗਾ। -ਪੀਟੀਆਈ