ਧਨਖੜ ਖ਼ਿਲਾਫ਼ ਬੇਭਰੋਸਗੀ ਦੇ ਨੋਟਿਸ ’ਤੇ ਰਾਜ ਸਭਾ ’ਚ ਹੰਗਾਮਾ
* ਕਾਂਗਰਸ ’ਤੇ ਰਾਸ਼ਟਰਪਤੀਆਂ ਅਤੇ ਉਪ ਰਾਸ਼ਟਰਪਤੀਆਂ ਦਾ ਅਪਮਾਨ ਕਰਨ ਦਾ ਲਾਇਆ ਦੋਸ਼
ਨਵੀਂ ਦਿੱਲੀ, 13 ਦਸੰਬਰ
ਉਪ ਰਾਸ਼ਟਰਪਤੀ ਜਗਦੀਪ ਧਨਖੜ ’ਤੇ ਮਹਾਦੋਸ਼ ਲਈ ਵਿਰੋਧੀ ਧਿਰ ਵੱਲੋਂ ਕੀਤੀ ਗਈ ਮੰਗ ’ਤੇ ਅੱਜ ਵੀ ਰਾਜ ਸਭਾ ’ਚ ਜ਼ੋਰਦਾਰ ਹੰਗਾਮਾ ਹੋਇਆ। ਵਿਰੋਧੀ ਅਤੇ ਹੁਕਮਰਾਨ ਧਿਰਾਂ ਵਿਚਕਾਰ ਤਕਰਾਰ ਦਰਮਿਆਨ ਉਪਰਲੇ ਸਦਨ ਦੀ ਕਾਰਵਾਈ ਠੱਪ ਹੋ ਕੇ ਰਹਿ ਗਈ ਜਿਸ ਕਾਰਨ ਰਾਜ ਸਭਾ ਨੂੰ ਸੋਮਵਾਰ ਸਵੇਰੇ 11 ਵਜੇ ਤੱਕ ਲਈ ਉਠਾ ਦਿੱਤਾ ਗਿਆ। ਹੰਗਾਮਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਭਾਜਪਾ ਦੇ ਰਾਧਾ ਮੋਹਨ ਦਾਸ ਅਗਰਵਾਲ ਨੇ ਇਕ ਨੁਕਤੇ ਦਾ ਜ਼ਿਕਰ ਕਰਦਿਆਂ ਵਿਰੋਧੀ ਧਿਰਾਂ ਵੱਲੋਂ ਦਿੱਤੇ ਗਏ ਮਹਾਦੋਸ਼ ਦੇ ਨੋਟਿਸ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਦੇਸ਼ ਸਗੋਂ ਉਪ ਰਾਸ਼ਟਰਪਤੀ ਅਹੁਦੇ ਅਤੇ ਕਿਸਾਨਾਂ ਦਾ ਵੀ ਅਪਮਾਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦਾ ‘ਰਾਸ਼ਟਰਪਤੀਆਂ ਅਤੇ ਉਪ ਰਾਸ਼ਟਰਪਤੀਆਂ ਦਾ ਅਪਮਾਨ’ ਕਰਨ ਦਾ ਇਤਿਹਾਸ ਰਿਹਾ ਹੈ। ਅਗਰਵਾਲ ਨੇ ਕਿਹਾ ਕਿ ਜਵਾਹਰਲਾਲ ਨਹਿਰੂ ਨੇ ਤਤਕਾਲੀ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਦਾ ਅਪਮਾਨ ਕੀਤਾ ਸੀ ਅਤੇ ਉਨ੍ਹਾਂ ਦਾ ਕੌਮੀ ਰਾਜਧਾਨੀ ’ਚ ਸਸਕਾਰ ਨਹੀਂ ਹੋਣ ਦਿੱਤਾ ਸੀ। ਇਥੋਂ ਤੱਕ ਕਿ ਤਤਕਾਲੀ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ੍ਰੀ ਪ੍ਰਸਾਦ ਦੇ ਪਟਨਾ ’ਚ ਸਸਕਾਰ ’ਚ ਸ਼ਾਮਲ ਹੋਣ ਤੋਂ ਰੋਕਣ ਦੀ ਉਨ੍ਹਾਂ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ 60 ਮੈਂਬਰਾਂ ਨੇ ਬੇਭਰੋਸਗੀ ਦੇ ਮਤੇ ’ਤੇ ਦਸਤਖ਼ਤ ਕੀਤੇ ਹਨ, ਉਨ੍ਹਾਂ ਖ਼ਿਲਾਫ਼ ਮਰਿਆਦਾ ਦੀ ਉਲੰਘਣਾ ਦਾ ਮਤਾ ਲਿਆਂਦਾ ਜਾਵੇ। ਭਾਜਪਾ ਦੇ ਹੀ ਸੁਰੇਂਦਰ ਸਿੰਘ ਨਾਗਰ ਨੇ ਕਿਹਾ ਕਿ ਕਾਂਗਰਸ ਕਿਸਾਨ ਅਤੇ ਓਬੀਸੀ ਵਿਰੋਧੀ ਹੈ ਅਤੇ ਦੇਸ਼ ਉਸ ਨੂੰ ਮੁਆਫ਼ ਨਹੀਂ ਕਰੇਗਾ। ਕਿਰਨ ਚੌਧਰੀ (ਭਾਜਪਾ) ਨੇ ਕਿਹਾ ਕਿ ਇਸ ਕਾਰਵਾਈ ਨਾਲ ਕਾਂਗਰਸ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ ਅਤੇ ਉਹ ਸਿਰਫ਼ ਇਕ ਪਰਿਵਾਰ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ। ਕਾਂਗਰਸ ਦੇ ਪ੍ਰਮੋਦ ਤਿਵਾੜੀ ਨੇ ਜਦੋਂ ਅਡਾਨੀ ਦਾ ਮੁੱਦਾ ਚੁੱਕਿਆ ਤਾਂ ਧਨਖੜ ਨੇ ਕਿਹਾ ਕਿ ਕੁਝ ਵੀ ਰਿਕਾਰਡ ’ਚ ਨਹੀਂ ਜਾਵੇਗਾ। ਜਦੋਂ ਵਿਰੋਧੀ ਧਿਰ ਦੇ ਹੋਰ ਆਗੂਆਂ ਨੇ ਬੋਲਣਾ ਸ਼ੁਰੂ ਕੀਤਾ ਤਾਂ ਹੁਕਮਰਾਨ ਧਿਰ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਮਗਰੋਂ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ। -ਪੀਟੀਆਈ
ਕਿਸਾਨ ਦਾ ਬੇਟਾ ਹਾਂ, ਕਮਜ਼ੋਰੀ ਨਹੀਂ ਦਿਖਾਵਾਂਗਾ: ਧਨਖੜ
ਹੰਗਾਮੇ ਦਰਮਿਆਨ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ, ‘‘ਕਿਸਾਨ ਦਾ ਬੇਟਾ ਹਾਂ, ਕਮਜ਼ੋਰੀ ਨਹੀਂ ਦਿਖਾਵਾਂਗਾ। ਮੈਂ ਬਹੁਤ ਕੁਝ ਸਹਿਣ ਕੀਤਾ ਹੈ। ਮੇਰੇ ਖ਼ਿਲਾਫ਼ ਰੋਜ਼ਾਨਾ ਮੁਹਿੰਮ ਚਲਾਈ ਜਾ ਰਹੀ ਹੈ। ਇਹ ਸਿਰਫ਼ ਮੇਰੇ ਖ਼ਿਲਾਫ਼ ਮੁਹਿੰਮ ਨਹੀਂ ਹੈ ਸਗੋਂ ਇਹ ਉਸ ਵਰਗ ਖ਼ਿਲਾਫ਼ ਮੁਹਿੰਮ ਹੈ ਜਿਸ ਦੀ ਮੈਂ ਨੁਮਾਇੰਦਗੀ ਕਰਦਾ ਹਾਂ।’’ ਧਨਖੜ ਨੇ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਵੱਲੋਂ ਉਨ੍ਹਾਂ ਖ਼ਿਲਾਫ਼ ਮੁਹਿੰਮ ਚਲਾਏ ਜਾਣ ਤੋਂ ਉਹ ਦੁਖੀ ਹਨ ਕਿਉਂਕਿ ਉਹ ਸੰਵਿਧਾਨਕ ਰਵਾਇਤਾਂ ਤੋਂ ਥਿੜਕ ਗਈ ਹੈ। ਕਾਂਗਰਸ ਆਗੂ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਜੇ ਚੇਅਰਮੈਨ ਕਿਸਾਨ ਦੇ ਪੁੱਤ ਹਨ ਤਾਂ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਖੇਤ ਮਜ਼ਦੂਰ ਦੇ ਪੁੱਤਰ ਹਨ ਅਤੇ ਦਲਿਤ ਵੀ ਹਨ, ਜਿਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਧਨਖੜ ਨੇ ਜਦੋਂ ਕਿਹਾ ਕਿ ਖੜਗੇ ਮਸਲਾ ਸੁਲਝਾਉਣ ਲਈ ਉਨ੍ਹਾਂ ਨੂੰ ਚੈਂਬਰ ਵਿੱਚ ਮਿਲਣ ਤਾਂ ਗੁੱਸੇ ’ਚ ਨਜ਼ਰ ਆਏ ਖੜਗੇ ਨੇ ਕਿਹਾ, ‘‘ਮੈਂ ਤੁਹਾਡਾ ਸਤਿਕਾਰ ਕਿਵੇਂ ਕਰ ਸਕਦਾ ਹਾਂ। ਤੁਸੀਂ ਮੇਰਾ ਅਪਮਾਨ ਕਰ ਰਹੇ ਹੋ।’’ -ਪੀਟੀਆਈ