ਮਹਾ ਵਿਕਾਸ ਅਗਾੜੀ ਦਾ ਨਜ਼ਰੀਆ ਵਿਕਾਸ ਵਿਰੋਧੀ: ਏਕਨਾਥ ਸ਼ਿੰਦੇ
ਮੁੰਬਈ, 16 ਅਕਤੂਬਰ
ਮੁੱਖ ਮੰਤਰੀ ਏਕਨਾਥ ਸਿੰਦੇ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਵਿਰੋਧੀ ਗੱਠਜੋੜ ਮਹਾ ਵਿਕਾਸ ਅਗਾੜੀ (ਐੱਮਵੀਏ) ’ਤੇ ‘ਵਿਕਾਸ ਵਿਰੋਧੀ ਨਜ਼ਰੀਏ’ ਨਾਲ ਕੰਮ ਕਰਨ ਦਾ ਦੋਸ਼ ਲਾਇਆ। ਉਹ ਇੱਥੇ ਉਪ ਮੁੱਖ ਮੰਤਰੀਆਂ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਸਰਕਾਰ ਦੇ ਪਿਛਲੇ ਦੋ ਸਾਲਾਂ ਦੇ ਕੰਮਾਂ ਦਾ ‘ਰਿਪੋਰਟ ਕਾਰਡ’ ਵੀ ਪੇਸ਼ ਕੀਤਾ। ਫੜਨਵੀਸ ਨੇ ਕਿਹਾ ਕਿ ਸੱਤਾਧਾਰੀ ਸਹਿਯੋਗੀਆਂ ਵਿਚਾਲੇ ਸੀਟਾਂ ਦੀ ਵੰਡ ਬਾਰੇ ਗੱਲਬਾਤ ਆਖਰੀ ਪੜਾਅ ’ਤੇ ਹੈ।
ਪਿਛਲੀ ਮਹਾ ਵਿਕਾਸ ਅਗਾੜੀ ਸਰਕਾਰ ਅਤੇ ਮੌਜੂਦਾ ਮਹਾਯੁਤੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੀ ਤੁਲਨਾ ਕਰਨ ਵਾਲੇ ‘ਰਿਪੋਰਟ ਕਾਰਡ’ ਦਾ ਹਵਾਲਾ ਦਿੰਦਿਆਂ ਸ਼ਿੰਦੇ ਨੇ ਕਿਹਾ ਕਿ ਸੱਤਾਧਾਰੀ ਗੱਠਜੋੜ ਲੋਕਾਂ ਦੀ ਕਚਹਿਰੀ ਵਿੱਚ ਜਾਣ ਲਈ ਤਿਆਰ ਹੈ। ਮੁੱਖ ਮੰਤਰੀ ਨੇ ਵਿਰੋਧੀ ਧਿਰ ’ਤੇ ਮਹਾਰਾਸ਼ਟਰ ਨੂੰ ਬਦਨਾਮ ਕਰਨ ਦਾ ਦੋਸ਼ ਲਾਉਂਦਿਆਂ ਕਿਹਾ, ‘ਵਿਰੋਧੀ ਗੱਠਜੋੜ ‘ਵਿਕਾਸ ਵਿਰੋਧੀ’ ਨਜ਼ਰੀਏ ਨਾਲ ਕੰਮ ਕਰਦਾ ਹੈ।’ ਜ਼ਿਕਰਯੋਗ ਹੈ ਕਿ ਵਿਰੋਧੀ ਗੱਠਜੋੜ ਮਹਾ ਵਿਕਾਸ ਅਗਾੜੀ ਵਿੱਚ ਕਾਂਗਰਸ, ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂਬੀਟੀ) ਅਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ ਸ਼ਾਮਲ ਹੈ। -ਪੀਟੀਆਈ
‘ਮਹਾਯੁਤੀ’ ਸਰਕਾਰ ਨੇ ਸੂਬੇ ਦੇ ਹਿੱਤਾਂ ਨੂੰ ਅਣਗੌਲਿਆਂ ਕੀਤਾ: ਜੈਰਾਮ ਰਮੇਸ਼
ਨਵੀਂ ਦਿੱਲੀ:
ਕਾਂਗਰਸ ਨੇ ਅੱਜ ਮਹਾਰਾਸ਼ਟਰ ਦੀ ‘ਮਹਾਯੁਤੀ’ ਸਰਕਾਰ ’ਤੇ ਸੂਬੇ ਦੇ ਹਿੱਤਾਂ ਦਾ ਤਿਆਗ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸੂਬੇ ਦੇ ਲੋਕ ਜਲਦੀ ਹੀ ਸੂਬੇ ਨਾਲ ਧੋਖਾ ਕਰਨ ਵਾਲਿਆਂ ਕੋਲੋਂ ਬਦਲਾ ਲੈਣਗੇ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਮਹਾਰਾਸ਼ਟਰ ਨੂੰ ਵਿਕਾਸ ਪ੍ਰੋਜੈਕਟਾਂ ਤੋਂ ਲਗਾਤਾਰ ਅਣਗੌਲਿਆਂ ਕੀਤਾ ਜਾ ਰਿਹਾ ਹੈ। -ਪੀਟੀਆਈ