For the best experience, open
https://m.punjabitribuneonline.com
on your mobile browser.
Advertisement

‘ਇੰਡੀਆ’ ਗੱਠਜੋੜ ਵੱਲੋਂ ਦਿੱਲੀ ਵਿੱਚ ਮਹਾ ਰੈਲੀ 31 ਨੂੰ

06:23 AM Mar 25, 2024 IST
‘ਇੰਡੀਆ’ ਗੱਠਜੋੜ ਵੱਲੋਂ ਦਿੱਲੀ ਵਿੱਚ ਮਹਾ ਰੈਲੀ 31 ਨੂੰ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਮਾਰਚ
ਵਿਰੋਧੀ ਧਿਰ ‘ਇੰਡੀਆ’ ਗਠਜੋੜ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਲਈ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੱਕ ‘ਮਹਾ ਰੈਲੀ’ ਕੀਤੀ ਜਾਵੇਗੀ। ‘ਇੰਡੀਆ’ ਬਲਾਕ ਦੀ ਸਹਿਯੋਗੀ ਕਾਂਗਰਸ ਅਤੇ ‘ਆਪ’ ਨੇ ਦੇਸ਼ ਦੇ ਹਿੱਤਾਂ ਅਤੇ ਲੋਕਤੰਤਰ ਬਚਾਉਣ ਲਈ ਸਾਂਝੇ ਤੌਰ ’ਤੇ ਰੈਲੀ ਕਰਨ ਦਾ ਐਲਾਨ ਕੀਤਾ। ‘ਆਪ’ ਨੇਤਾ ਗੋਪਾਲ ਰਾਏ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ,‘‘ਅਸੀਂ ਦੇਸ਼ ਵਿਚ ਜੋ ਕੁਝ ਹੋ ਰਿਹਾ ਹੈ ਉਸ ਖ਼ਿਲਾਫ਼ 31 ਮਾਰਚ ਨੂੰ ਰਾਮਲੀਲਾ ਮੈਦਾਨ ਵਿਚ ਮਹਾ ਰੈਲੀ ਕਰਾਂਗੇ। ਲੋਕਤੰਤਰ ਅਤੇ ਦੇਸ਼ ਖਤਰੇ ਵਿੱਚ ਹੈ ਅਤੇ ਸਾਰੀਆਂ ਪਾਰਟੀਆਂ ਇਸ ਦੀ ਰੱਖਿਆ ਲਈ ਇਕਜੁੱਟ ਹੋਣਗੀਆਂ।’’ ਉਨ੍ਹਾਂ ਕਿਹਾ ਕਿ ਰੈਲੀ ’ਚ ‘ਇੰਡੀਆ’ ਗੱਠਜੋੜ ਦੀ ਸਿਖਰਲੀ ਲੀਡਰਸ਼ਿਪ ਵੀ ਸ਼ਮੂਲੀਅਤ ਕਰੇਗੀ।

Advertisement

ਮੀਡੀਆ ਨੂੰ ਸੰਬੋਧਨ ਕਰਦੇ ਹੋਏ ਆਤਿਸ਼ੀ, ਗੋਪਾਲ ਰਾਏ ਅਤੇ ਕਾਂਗਰਸ ਆਗੂ ਅਰਵਿੰਦਰ ਸਿੰਘ ਲਵਲੀ।

ਪ੍ਰੈੱਸ ਕਾਨਫਰੰਸ ਦੌਰਾਨ ਮੌਜੂਦ ਕਾਂਗਰਸ ਦੀ ਦਿੱਲੀ ਇਕਾਈ ਦੇ ਮੁਖੀ ਅਰਵਿੰਦਰ ਸਿੰਘ ਲਵਲੀ ਨੇ ਆਪਣੀ ਪਾਰਟੀ ਦੇ ਖਾਤੇ ਬੰਦ ਕੀਤੇ ਜਾਣ ਅਤੇ ਮੁੱਖ ਮੰਤਰੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿਰੋਧੀ ਧਿਰਾਂ ਨੂੰ ਸਰਕਾਰ ਦੇ ਅਢੁੱਕਵੇਂ ਰਵੱਈਏ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਵਲੀ ਨੇ ਕਿਹਾ, ‘‘31 ਮਾਰਚ ਦੀ ਮਹਾ ਰੈਲੀ ਸਿਰਫ਼ ਸਿਆਸੀ ਹੀ ਨਹੀਂ ਹੋਵੇਗੀ, ਸਗੋਂ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਰੁੱਧ ਆਵਾਜ਼ ਉਠਾਉਣ ਦਾ ਸੱਦਾ ਹੋਵੇਗੀ।’’ ਮਹਾ ਰੈਲੀ ਦਾ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਹੋਇਆ ਹੈ।

ਕੇਜਰੀਵਾਲ ਨੇ ਹਿਰਾਸਤ ’ਚੋਂ ਹੀ ਦਿੱਤੇ ਪਾਣੀ ਦੀ ਸਮੱਸਿਆ ਦੇ ਹੱਲ ਦੇ ਨਿਰਦੇਸ਼

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਈਡੀ ਦੀ ਹਿਰਾਸਤ ਵਿੱਚ ਰਹਿੰਦਿਆਂ ਰਾਸ਼ਟਰੀ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਪਾਣੀ ਅਤੇ ਸੀਵਰੇਜ ਦੇ ਮੁੱਦਿਆਂ ਬਾਰੇ ਪਹਿਲਾ ਨਿਰਦੇਸ਼ ਜਾਰੀ ਕੀਤਾ। ਇਸ ਨਿਰਦੇਸ਼ ਨਾਲ ਕੇਜਰੀਵਾਲ ਨੇ ਹਿਰਾਸਤ ਵਿੱਚੋਂ ਹੀ ਅਸਿੱਧੇ ਤੌਰ ’ਤੇ ਸਰਕਾਰ ਚਲਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਜਲ ਮੰਤਰੀ ਆਤਿਸ਼ੀ ਨੂੰ ਸ਼ਹਿਰ ਦੇ ਕੁਝ ਇਲਾਕਿਆਂ ’ਚ ਪਾਣੀ ਅਤੇ ਸੀਵਰੇਜ ਨਾਲ ਸਬੰਧਤ ਸਮੱਸਿਆਵਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਸ਼ਨਿਚਰਵਾਰ ਨੂੰ ਦੇਰੀ ਨਾਲ ਕੇਜਰੀਵਾਲ ਤੋਂ ਨਿਰਦੇਸ਼ ਮਿਲੇ ਹਨ। ‘ਆਪ ਖੁਦ ਮੁਸ਼ਕਲ ’ਚ ਘਿਰੇ ਹੋਣ ਦੇ ਬਾਵਜੂਦ ਕੇਜਰੀਵਾਲ ਦੀ ਦਿੱਲੀ ਦੇ ਲੋਕਾਂ ਪ੍ਰਤੀ ਵਚਨਬੱਧਤਾ ਨੂੰ ਦੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਕੇਜਰੀਵਾਲ ਨੂੰ ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਉਨ੍ਹਾਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਹੈ ਅਤੇ ਆਖਿਆ ਜਾ ਰਿਹਾ ਹੈ ਕਿ ਉਹ ਜੇਲ੍ਹ ’ਚੋਂ ਹੀ ਸਰਕਾਰ ਚਲਾਉਣਗੇ। ਹੁਣ ਉਨ੍ਹਾਂ ਵੱਲੋਂ ਜਾਰੀ ਨਿਰਦੇਸ਼ਾਂ ਤੋਂ ਇਹ ਸਪੱਸ਼ਟ ਜਾਪਦਾ ਹੈ ਕਿ ਉਹ ਈਡੀ ਦੀ ਹਿਰਾਸਤ ’ਚ ਵੀ ਸਰਕਾਰ ਚਲਾਉਂਦੇ ਰਹਿਣਗੇ। ਆਤਿਸ਼ੀ ਨੇ ਦੱਸਿਆ ਕਿ ਕੇਜਰੀਵਾਲ ਨੇ ਗਰਮੀਆਂ ਦੇ ਨੇੜੇ ਆਉਂਦੇ ਹੀ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਹੇ ਇਲਾਕਿਆਂ ਵਿੱਚ ਵਾਧੂ ਪਾਣੀ ਦੇ ਟੈਂਕਰ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਮੁੱਖ ਸਕੱਤਰ ਅਤੇ ਹੋਰ ਅਧਿਕਾਰੀਆਂ ਇਸ ਬਾਰੇ ਨਿਰਦੇਸ਼ ਜਾਰੀ ਕਰਨ ਦੀ ਹਦਾਇਤ ਕੀਤੀ ਹੈ। ਆਤਿਸ਼ੀ ਮੁਤਾਬਕ ਕੇਜਰੀਵਾਲ ਨੇ ਇਹ ਵੀ ਕਿਹਾ ਹੈ ਕਿ ਲੋੜ ਪੈਣ ’ਤੇ ਉਪ ਰਾਜਪਾਲ ਵੀ ਕੇ ਸਕਸੈਨਾ ਤੋਂ ਵੀ ਸਹਾਇਤਾ ਲਈ ਜਾਵੇ। ਕੇਜਰੀਵਾਲ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਅਧਿਕਾਰੀ ਸਮੱਸਿਆ ਦੇ ਹੱਲ ਲਈ ਪੂਰਾ ਸਹਿਯੋਗ ਦੇਣਗੇ। ਆਤਿਸ਼ੀ ਨੇ ‘ਐਕਸ’ ’ਤੇ ਲਿਖਿਆ,‘‘ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਸਿਰਫ਼ ਦਿੱਲੀ ਦੇ ਲੋਕਾਂ ਦਾ ਮੁੱਖ ਮੰਤਰੀ ਨਹੀਂ ਸਮਝਦੇ, ਉਹ ਦਿੱਲੀ ਦੇ ਹਰ ਵਸਨੀਕ ਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝਦੇ ਹਨ। ਇਸ ਲਈ ਇੱਕ ਪੁੱਤਰ, ਇੱਕ ਵੱਡਾ ਭਰਾ, ਹਿਰਾਸਤ ਵਿੱਚ ਹੋਣ ਦੇ ਬਾਵਜੂਦ ਵੀ ਉਹ 24 ਘੰਟੇ ਚਿੰਤਤ ਹਨ। ਦਿੱਲੀ ਦੇ 2 ਕਰੋੜ ਲੋਕ ਉਨ੍ਹਾਂ ਦਾ ਪਰਿਵਾਰ ਹੈ, ਉਹ ਸਿਰਫ ਦਿੱਲੀ ਦੇ ਲੋਕਾਂ ਬਾਰੇ ਸੋਚਦੇ ਹਨ।’’ ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਮੰਤਰੀਆਂ ਅਤੇ ਵਿਧਾਇਕਾਂ ਨੂੰ ਦਿੱਤੇ ਕੰਮਾਂ ਉਪਰ ਨਿਗਰਾਨੀ ਕਰਦੇ ਆਏ ਹਨ ਅਤੇ ਹੁਣ ਵੀ ਉਨ੍ਹਾਂ ਦਾ ਪੂਰਾ ਧਿਆਨ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਕਿਹਾ ਸੀ ਕਿ ਕੇਜਰੀਵਾਲ ਦੇ ਜੇਲ੍ਹ ’ਚੋਂ ਸਰਕਾਰ ਚਲਾਉਣ ਲਈ ਪ੍ਰਬੰਧ ਦੇਖੇ ਜਾਣਗੇ।

ਕੇਜਰੀਵਾਲ ਵੱੱਲੋਂ ਦਿੱਤੀਆਂ ਹਦਾਇਤਾਂ ਦਾ ਈਡੀ ਨੇ ਨੋਟਿਸ ਲਿਆ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜੇਲ੍ਹ ਵਿਚੋਂ ਦਿੱਲੀ ਸਰਕਾਰ ਨੂੰ ਜਾਰੀ ਕੀਤੀਆਂ ਹਦਾਇਤਾਂ ਦਾ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੋਟਿਸ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਏਜੰਸੀ ਇਹ ਪਤਾ ਲਗਾਉਣ ਲਈ ਜਾਂਚ ਕਰੇਗੀ ਕਿ ਕੀ ਗ੍ਰਿਫਤਾਰ ਕੀਤੇ ਗਏ ਮੁੱਖ ਮੰਤਰੀ ਦੇ ਇਹ ਨਿਰਦੇਸ਼ ਮਨੀ ਲਾਂਡਰਿੰਗ ਦੀ ਵਿਸ਼ੇਸ਼ ਰੋਕਥਾਮ ਐਕਟ (ਪੀਐਮਐਲਏ) ਅਦਾਲਤ ਦੇ ਉਸ ਦੀ ਹਿਰਾਸਤ ਸਮੇਂ ਦੌਰਾਨ ਈਡੀ ਅਤੇ ਕੇਜਰੀਵਾਲ ਨੂੰ ਜਾਰੀ ਕੀਤੇ ਗਏ ਆਦੇਸ਼ਾਂ ਨਾਲ ਸਬੰਧਤ ਸਨ। -ਪੀਟੀਆਈ

ਜੇਲ੍ਹ ’ਚੋਂ ਗਰੋਹ ਚਲਦੇ ਨੇ, ਸਰਕਾਰਾਂ ਨਹੀਂ: ਤਿਵਾੜੀ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਈਡੀ ਦੀ ਹਿਰਾਸਤ ’ਚੋਂ ਸਰਕਾਰ ਚਲਾਉਣ ਦੇ ਫ਼ੈਸਲੇ ’ਤੇ ਤਿੱਖਾ ਹਮਲਾ ਕਰਦਿਆਂ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਜੇਲ੍ਹ ’ਚੋਂ ਗਰੋਹ ਚਲਦੇ ਹਨ ਨਾ ਕਿ ਸਰਕਾਰਾਂ। ਉਨ੍ਹਾਂ ਆਬਕਾਰੀ ਨੀਤੀ ਕੇਸ ਦੇ ਸਬੰਧ ’ਚ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਤਨਜ਼ ਕਸਦਿਆਂ ਕਿਹਾ ਕਿ ਇਸ ਕਹਾਣੀ ਨੂੰ ‘ਏਕ ਸਫ਼ਰ ਸਵਰਾਜ ਸੇ ਸ਼ਰਾਬ ਤੱਕ’ ਦਾ ਨਾਮ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਸਿਰਫ਼ ਇਹ ਫਿਕਰ ਹੈ ਕਿ ਉਹ ਕਿਵੇਂ ਛੇਤੀ ਤੋਂ ਛੇਤੀ ਆਪਣੇ ‘ਰਾਜਮਹਿਲ’ ’ਚ ਪਰਤ ਸਕਦਾ ਹੈ। ਤਿਵਾੜੀ ਨੇ ਕਿਹਾ, ‘‘ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ’ਚ ਇਕ ਅਪਰਾਧੀ ਹੈ ਅਤੇ ਉਸ ਦਾ ਹਵਾਲਾ ਦੇ ਕੇ ਅੱਜ ਇਕ ਕਹਾਣੀ ਲਿਖੀ ਗਈ ਕਿ ਦਿੱਲੀ ’ਚ ਪਾਣੀ ਅਤੇ ਸੀਵਰੇਜ ਸਬੰਧੀ ਖਰਾਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਨਿਰਦੇਸ਼ ਉਦੋਂ ਆਇਆ ਹੈ ਜਦੋਂ ਦਿੱਲੀ ਵਿੱਚ ਕੋਈ ਵੀ ਉਨ੍ਹਾਂ ਦੇ ਸਮਰਥਨ ਵਿੱਚ ਨਹੀਂ ਆਇਆ। ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਜਨਤਾ ਨੇ ਕੋਈ ਦੁੱਖ ਪ੍ਰਗਟ ਨਹੀਂ ਕੀਤਾ ਹੈ ਸਗੋਂ ਉਹ ਜਸ਼ਨ ਮਨਾ ਰਹੇ ਹਨ, ਮਠਿਆਈਆਂ ਵੰਡ ਰਹੇ ਹਨ ਅਤੇ ਪਟਾਕੇ ਚਲਾ ਰਹੇ ਹਨ ਕਿ ਜਿਸ ਆਦਮ ਨੇ ਦਿੱਲੀ ਨੂੰ ਰੁਆਇਆ ਹੈ, ਉਹ ਹੁਣ ਸਲਾਖਾਂ ਪਿੱਛੇ ਹੈ।’’ ਉਧਰ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਕੇਜਰੀਵਾਲ ਸਾਰੀ ਨੈਤਿਕਤਾ ਗੁਆ ਚੁੱਕਿਆ ਹੈ। -ਏਐੱਨਆਈ/ਪੀਟੀਆਈ

Advertisement
Author Image

sukhwinder singh

View all posts

Advertisement
Advertisement
×