ਕੰਮ ਨਾ ਮਿਲਣ ਕਾਰਨ ਸਰਕਾਰ ਖ਼ਿਲਾਫ਼ ਵਰ੍ਹੇ ਮਗਨਰੇਗਾ ਕਾਮੇ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 10 ਮਾਰਚ
ਪਿੰਡ ਥਾਂਦੇਵਾਲਾ ਵਿੱਚ ਲੰਮੇ ਸਮੇਂ ਤੋਂ ਮਨਰੇਗਾ ਤਹਿਤ ਮਜ਼ਦੂਰਾਂ ਨੂੰ ਕੰਮ ਨਾ ਮਿਲਣ ਦੇ ਰੋਸ ਵਜੋਂ ਮਜ਼ਦੂਰਾਂ ਨੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਮੀਟਿੰਗ ਕੀਤੀ। ਇਸ ਮੀਟਿੰਗ ਨੂੰ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਤੇ ਜਸਵਿੰਦਰ ਸਿੰਘ ਸੰਗੂਧੌਣ ਨੇ ਸੰਬੋਧਨ ਕੀਤਾ। ਆਗੂਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਖੇਤਾਂ ਵਿੱਚ ਰੇਹਾਂ, ਸਪਰੇਹਾਂ ਤੇ ਨਵੇ ਤਕਨੀਕੀ ਸੰਦਾਂ ਨੇ ਮਜ਼ਦੂਰਾਂ ਦਾ ਰੁਜ਼ਗਾਰ ਖੋਹ ਲਿਆ ਹੈ ਜਿਸ ਕਾਰਨ ਮਜ਼ਦੂਰਾਂ ਲਈ ਚੁੱਲ੍ਹਾ ਤੱਪਦਾ ਰੱਖਣਾ ਮੁਸ਼ਕਲ ਹੋਇਆ ਪਿਆ ਹੈ। ਮਜ਼ਦੂਰਾਂ ਨੂੰ ਮਨਰੇਗਾ ਤਹਿਤ ਮਿਲਣ ਵਾਲਾ 100 ਦਿਨ ਦਾ ਕੰਮ ਵੀ ਪੂਰਾ ਨਹੀਂ ਦਿੱਤਾ ਜਾ ਰਿਹਾ। 31 ਮਾਰਚ ਤਕ ਦਾ ਸਮਾਂ ਵੀ ਪੂਰਾ ਹੋਣ ਵਾਲਾ ਹੈ| ਯੂਨੀਅਨ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਦੀ ਗਾਰੰਟੀ ਕਰਨ, ਦਿਹਾੜੀ 700 ਰੁਪਏ ਕਰਨ ਅਤੇ ਮਨਰੇਗਾ ਸਕੀਮ ਤਹਿਤ ਸਾਲ ਭਰ ਕੰਮ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਂਝ ਤਾਂ ਸਰਕਾਰ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕਰ ਰਹੀ ਹੈ ਪਰ ਮਜ਼ਦੂਰ ਵਰਗ ਦੀ ਸਾਰ ਨਹੀਂ ਲੈ ਰਹੀ ਜਿਸ ਕਾਰਨ ਉਨ੍ਹਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਇਕਾਈ ਪ੍ਰਧਾਨ ਪਰਮਜੀਤ ਕੌਰ ਥਾਂਦੇਵਾਲਾ ਨੇ ਕਿਹਾ ਕਿ ਜੇ ਜਲਦੀ ਮਨਰੇਗਾ ਦਾ ਕੰਮ ਨਾ ਚਲਾਇਆ ਗਿਆ ਤਾਂ ਮਜ਼ਦੂਰਾਂ ਵੱਲੋਂ ਵੱਡਾ ਇਕੱਠ ਕਰਕੇ ਬੀਡੀਓ ਦਫ਼ਤਰ ਮੂਹਰੇ ਧਰਨਾ ਲਾਇਆ ਜਾਵੇਗਾ। ਇਸ ਸਮੇਂ ਹਰਵਿੰਦਰ ਕੌਰ, ਗਗਨਦੀਪ ਕੌਰ, ਪਾਲਾ ਸਿੰਘ, ਸੂਬਾ ਸਿੰਘ, ਗੁਰਮੀਤ ਸਿੰਘ ਹਾਜ਼ਰ ਸਨ।