‘ਕਰਾਮਾਤੀ’ ਬਾਬੇ
ਕੇ ਸੀ ਰੁਪਾਣਾ
ਕੋਈ ਤੀਹ ਬੱਤੀ ਸਾਲ ਪੁਰਾਣੀ ਗੱਲ ਹੈ। ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਇੱਕ ਪਿੰਡ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਆਂਢ-ਗੁਆਂਢ ਮਜ਼ਦੂਰਾਂ ਅਤੇ ਛੋਟੀ ਕਿਸਾਨੀ ਵਾਲੇ ਘਰ ਸਨ। ਇੱਕ ਦਨਿ ਕਮਰੇ ਵਿਚ ਬੈਠਾ ਪੜ੍ਹ ਰਿਹਾ ਸੀ, ਗਲੀ ਵਿਚ ਸ਼ੋਰ-ਸ਼ਰਾਬੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਬਾਹਰ ਨਿਕਲ ਕੇ ਦੇਖਿਆ ਤਾਂ ਇੱਕ ਮਜ਼ਦੂਰ ਦੇ ਘਰੇ ਇਕੱਠ ਹੋਇਆ ਪਿਆ ਸੀ। ਪਤਾ ਲੱਗਿਆ, ਭੋਲੇ ਨੇ ਚੂਹੇ ਮਾਰ ਦਵਾਈ ਘੋਲ ਕੇ ਪੀ ਲਈ। ਉਹ ਜ਼ਮੀਨ ’ਤੇ ਪਿਆ ਪਸਲੇਟੇ ਮਾਰ ਰਿਹਾ ਸੀ। ਭੋਲੇ ਦੀ ਪਤਨੀ ਅਤੇ ਆਂਢ-ਗੁਆਂਢ ਦੇ ਲੋਕ ਉਸ ਦੀ ਜਾਨ ਬਚਾਉਣ ਲਈ ਰੌਲਾ ਪਾਉਣ ਦੇ ਨਾਲ ਨਾਲ ਉਹੜ-ਪੁਹੜ ਵੀ ਕਰ ਰਹੇ ਸਨ। ਇੱਕ ਬੰਦਾ ਟਰੈਕਟਰ ਟਰਾਲੀ ਲੈ ਆਇਆ। ਅਸੀਂ ਪੰਜ ਛੇ ਜਣਿਆਂ ਨੇ ਰਲ ਕੇ ਉਸ ਨੂੰ ਮੰਜੇ ’ਤੇ ਲਿਟਾ ਕੇ ਮੰਜਾ ਟਰਾਲੀ ਵਿਚ ਰੱਖ ਲਿਆ ਤੇ ਨੇੜਲੇ ਸ਼ਹਿਰ ਚੱਲ ਪਏ। ਰਸਤੇ ਵਿਚ ਵੀ ਮਾੜਾ ਮੋਟਾ ਉਹੜ-ਪੁਹੜ ਕਰਦੇ ਗਏ। ਹਸਪਤਾਲ ਪੁੱਜਣ ਸਾਰ ਡਾਕਟਰ ਨੇ ਦਵਾਈਆਂ ਵਾਲੇ ਪਾਣੀ ਨਾਲ ਉਹਦਾ ਮਿਹਦਾ ਧੋ ਦਿੱਤਾ। ਕੰਪਾਉਡਰਾਂ ਨੇ ਕਾਹਲੀ ਕਾਹਲੀ ਟੀਕੇ-ਟੱਲੇ ਲਾਏ। ਇਲਾਜ ਸ਼ੁਰੂ ਹੋ ਗਿਆ। ਤਿੰਨ ਚਾਰ ਘੰਟਿਆਂ ਬਾਅਦ ਹਾਲਤ ਖਤਰੇ ਤੋਂ ਬਾਹਰ ਜਾਪਣ ਲੱਗੀ।
ਮਨ ਅੰਦਰ ਇੱਕੋ ਪ੍ਰਸ਼ਨ ਉੱਠ ਰਿਹਾ ਸੀ: ਏਨਾ ਹੱਟਾ ਕੱਟਾ, ਸਿੱਧਾ ਸਾਦਾ, ਆਪਣੇ ਕੰਮ ਨਾਲ ਮਤਲਬ ਰੱਖਣ ਵਾਲਾ ਬੰਦਾ ਆਖਰ ਮਰਨਾ ਕਿਉਂ ਚਾਹੁੰਦਾ? ਛਾਣ ਬੀਣ ਪਿੱਛੋਂ ਪਤਾ ਲੱਗਿਆ ਕਿ ਇਹਦੀ ਪਤਨੀ ਚੁਸਤ-ਚਲਾਕ ਤੇ ਲੜਾਕੇ ਸੁਭਾਅ ਦੀ ਹੈ। ਉਸ ਦੀ ਜਿ਼ਦ ਹੈ ਕਿ ਉਹਨੇ ਤਾਂ ਕੁਆਰੇ ਦਿਉਰ ਨਾਲ ਰਹਿਣਾ ਹੈ। ਉਹਦਾ ਦਿਉਰ ਵੀ ਚੁਸਤ-ਫੁਰਤ ਤੇ ਡੀਲ ਡੌਲ ਵਾਲਾ ਸੀ। ਸਾਰਾ ਮਾਮਲਾ ਸਮਝ ਵਿਚ ਆ ਗਿਆ। ਦੋ-ਚਾਰ ਦਨਿਾਂ ਬਾਅਦ ਭੋਲੇ ਨੂੰ ਹਸਪਤਾਲੋਂ ਛੁੱਟੀ ਮਿਲ ਗਈ। ਇੱਕ ਰਿਸ਼ਤੇਦਾਰ ਉਸ ’ਤੇ ਨਿਗ੍ਹਾ ਰੱਖਣ ਲਈ ਹਰ ਵਕਤ ਕੋਲ ਰਹਿਣ ਲੱਗਾ। ਹੋਰ ਰਿਸ਼ਤੇਦਾਰ, ਆਂਢੀ-ਗੁਆਂਢੀ ਪਤਾ ਲੈ ਲੈ ਮੁੜਦੇ ਰਹੇ। ਮਸਲੇ ਦਾ ਸਭ ਨੂੰ ਪਤਾ ਹੋਣ ਦੇ ਬਾਵਜੂਦ ਕੋਈ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਸੀ। ਕਲੇਸ਼ ਨਬੇੜਨ ਲਈ ਕਈ ਰਿਸ਼ਤੇਦਾਰਾਂ ਨੇ ਚਾਰਾਜੋਈ ਕੀਤੀ ਪਰ ਅਸਫਲ। ਪਤਨੀ ਅੜੀ ਹੋਈ ਸੀ- ਏਸ ਕਮਲੇ ਨਾਲ ਨਹੀਂ ਰਹਿਣਾ; ਦੂਜੇ ਪਾਸੇ, ਉਸ ਦਾ ਪਤੀ ਮਰਨ ਦੀ ਜਿ਼ਦ ਦੁਹਰਾਈ ਗਿਆ।
ਗੁਆਂਢ ਵਿਚ ਰਹਿੰਦੇ ਇੱਕ ਭੱਦਰ ਪੁਰਸ਼ ਨੇ ਸਮਝਾਇਆ ਕਿ ਮਰਨਾ ਕੋਈ ਹੱਲ ਨਹੀਂ, ਬੁਜ਼ਦਿਲੀ ਹੈ, ਇਹ ਜੀਵਨ ਵਾਰ ਵਾਰ ਨਹੀਂ ਮਿਲਣਾ। ਆਖਰ ਉਹਨੇ ਮਰਨ ਦਾ ਵਿਚਾਰ ਤਾਂ ਤਿਆਗ ਦਿੱਤਾ ਪਰ ਕਹਿੰਦਾ- ਕਰਾਂ ਤੇ ਕੀ ਕਰਾਂ? ਭੱਦਰ ਪੁਰਸ਼ ਨੇ ਉਹਨੂੰ ਰਾਇ ਦਿੱਤੀ- ਘਰ-ਬਾਰ ਛੱਡ। ਉਹਨੇ ਉਸ ਨੂੰ ਦੋ ਭਗਵੇਂ ਚੋਲੇ ਬਣਵਾ ਦਿੱਤੇ। ਦੋ ਚਾਰ ਲੋੜੀਂਦੇ ਭਾਂਡੇ ਦੇ ਕੇ ਨੇੜਲੀ ਗਲੀ ਵਿਚ ਬਣੇ ਡੇਰੇ ਵਿਚ ਜਾ ਮੰਜਾ ਡਾਹਿਆ। ਉਸ ਡੇਰੇ ਵਿਚ ਤੁਰਦੇ ਫਿਰਦੇ ਸਾਧ ਵੀ ਕੁਝ ਦਨਿ ਰਹਿ ਜਾਂਦੇ ਸਨ। ਗਲੀ ਗੁਆਂਢ ਦੀਆਂ ਔਰਤਾਂ ਉਸ ਨੂੰ ਰੋਟੀ, ਚਾਹ, ਪਾਣੀ ਭੇਜਣ ਦੇ ਨਾਲ ਨਾਲ ਉਸ ਦੀ ਆਓ-ਭਗਤ ਵੀ ਕਰ ਛੱਡਦੀਆਂ। ਸਮਾਂ ਬੀਤਦਾ ਗਿਆ। ਹੌਲੀ ਹੌਲੀ ਉਹਨੇ ਕਿਸੇ ਨੂੰ ਫੂਕਾਂ ਮਾਰ ਕੇ ਧਾਗਾ ਅਤੇ ਕਿਸੇ ਨੂੰ ਸੁਆਹ ਦੀ ਚੂੰਢੀ ਦੇ ਦੇਣੀ। ਵਿਹੜੇ ਦੀਆਂ ਅਨਪੜ੍ਹ ਔਰਤਾਂ ਨੂੰ ਮੰਦਬੁੱਧੀ, ਸਿੱਧੜ ਬੰਦੇ ਵਿਚੋਂ ‘ਕਰਾਮਾਤੀ ਬਾਬਾ’ ਦਿਖਾਈ ਦੇਣ ਲੱਗਾ। ਹੱਦ ਤਾਂ ਉਦੋਂ ਹੋ ਗਈ ਜਦੋਂ ਉਸੇ ਦੀ ਪਤਨੀ ਨੇ ਸੰਤਾਨ ਪ੍ਰਾਪਤੀ ਦੇ ਉਪਾਅ ਲਈ ਉਸ ਅੱਗੇ ਜਾ ਮੱਥਾ ਟੇਕਿਆ। ਹੌਲੀ ਹੌਲੀ ਔਰਤਾਂ ਨੇ ਬਾਬੇ ਦੀ ਮਹਿਮਾ ਸ਼ੁਰੂ ਕਰ ਦਿੱਤੀ। ਅੱਜ ਕੱਲ੍ਹ ਉਹ ਬਾਬਾ ਨੇੜਲੇ ਪਿੰਡ ਦੇ ਡੇਰੇ ਵਿਚ ਰਹਿ ਰਿਹਾ ਹੈ। ਲੋਕ ਉਸ ਦੀ ਟਹਿਲ ਸੇਵਾ ਵਿਚ ਜੁਟੇ ਰਹਿੰਦੇ ਹਨ।
ਸੰਪਰਕ: 78140-77120