For the best experience, open
https://m.punjabitribuneonline.com
on your mobile browser.
Advertisement

ਮੈਡਮ ਤੋਂ ਮਾਂ

06:11 AM Jul 12, 2024 IST
ਮੈਡਮ ਤੋਂ ਮਾਂ
Advertisement

ਸੁੱਚਾ ਸਿੰਘ ਖੱਟੜਾ

Advertisement

ਮਾਰਚ 2022 ’ਚ ਜਦੋਂ ਲੋਦੀਪੁਰ (ਸ੍ਰੀ ਅਨੰਦਪੁਰਸਾਹਿਬ) ਦੀ ਅਧਿਆਪਕ ਜੋੜੀ ਬਲਬੀਰ ਕੌਰ ਤੇ ਗੁਰਨਿੰਦਰ ਸਿੰਘ ਦੀ ਮਾਨਵ ਸੇਵਾ ਬਾਰੇ ਲਿਖ ਰਿਹਾ ਸੀ ਤਾਂ ਮੇਰੇ ਗੁਆਂਢ ਪਰ ਹਿਮਾਚਲ ’ਚ ਪੜ੍ਹਾਉਂਦੀ ਚੰਨਣ ਕੌਰ ਤੇ ਪੰਜਾਬ ’ਚ ਪੜ੍ਹਾਉਂਦੇ ਪ੍ਰੀਤਮ ਸਿੰਘ ਰੱਕੜ ਦੀ ਜੋੜੀ ਦੀ ਯਾਦ ਉੱਭਰ ਆਈ।
ਕੁਝ ਸਮਾਂ ਪਹਿਲਾਂ ਸਤਿਕਾਰਯੋਗ ਮੁੱਖ ਅਧਿਆਪਕ ਚਰਨ ਦਾਸ ਮਹਾਜਨ ਦੀ ਪਤਨੀ ਸਰਿਤਾ ਸੱਚਰ ਦੇ ਸਦੀਵੀ ਵਿਛੋੜੇ ਦੀ ਦੁਖਦਾਈ ਖ਼ਬਰ ਰੱਕੜ ਜੀ ਨੇ ਦੱਸੀ ਕਿ ਉਹ ਭਾਵੇਂ ਦੋਨੋਂ ਜੀਅ ਮਹਾਜਨ ਸਾਹਿਬ ਨਾਲ ਦੁੱਖ ਸਾਂਝਾ ਕਰ ਆਏ ਹਨ ਪਰ ਜਦੋਂ ਜਾਣਾ ਹੋਵੇ ਤਾਂ ਉਨ੍ਹਾਂ ਨੂੰ ਆਪਣੇ ਨਾਲ ਲੈਂਦਾ ਜਾਵਾਂ। ਰੱਕੜ ਜੀ ਦਾ ਪਿੰਡ ਸੁਣੋਲੀ (ਹਿਮਾਚਲ) ਮੁੱਖ ਅਧਿਆਪਕ ਦੇ ਕਸਬਾ ਸੰਤੋਸ਼ਗੜ੍ਹ (ਹਿਮਾਚਲ) ਦੇ ਰਾਹ ਵਿੱਚ ਪੈਂਦਾ ਹੈ।
ਜਦੋਂ ਮੈਂ ਅਤੇ ਸਕੂਲ ਵਿੱਚ ਮੇਰੇ ਨਾਲ਼ ਪੜ੍ਹਾਉਂਦੇ ਮਿੱਤਰ ਰਜਿੰਦਰ ਸਿੰਘ ਪਿੰਡ ਸੁਣੋਲੀ ਵਿਖੇ ਰੱਕੜ ਜੀ ਦੀ ਵੱਡ-ਆਕਾਰੀ ਕੋਠੀ ਦੇ ਗੇਟ ਅੱਗੇ ਰੁਕੇ ਤਾਂ ਕਪਿਲ ਨੇ ਹੀ ਸਾਡੀ ਗੱਡੀ ਨੂੰ ਸੜਕ ਦੇ ਕਿਨਾਰੇ ਖੜ੍ਹੀ ਕਰਨ ਵਿੱਚ ਮਦਦ ਕੀਤੀ। ਇਹ ਕਪਿਲ ਹੀ ਹੈ ਜਿਸ ਉੱਤੇ ਅੱਜ ਦੀ ਲਿਖਤ ਕੇਂਦਰਤ ਹੈ।
ਇੰਨੀ ਦੇਰ ਨੂੰ ਰੱਕੜ ਜੀ ਗੇਟ ਵਿਚਕਾਰ ਆ ਖੜ੍ਹੇ ਸਨ। ਗੇਟ ਵੜਦਿਆਂ ਉਹ ਸਾਹਮਣੇ ਜਾਣ ਦੀ ਬਜਾਇ ਹਰੇ ਘਾਹ ਦੀ ਪਾਰਕ ਦੇ ਨਾਲ-ਨਾਲ ਸੱਜੇ ਵੱਲ ਹੋ ਤੁਰੇ। ਸਾਹਮਣੇ ਬਣੇ ਵੱਡੇ ਕਮਰੇ ਦਾ ਬੂਹਾ ਜਾ ਖੋਲ੍ਹਿਆ। ਖੁੱਲ੍ਹਾ ਕਮਰਾ, ਲੱਗੇ ਹੋਏ ਬੈੱਡ, ਇੱਕ ਪਾਸੇ ਕਿਤਾਬਾਂ-ਕੱਪੜਿਆਂ ਦੀਆਂ ਅਲਮਾਰੀਆਂ, ਪੜ੍ਹਨ ਵਾਲਾ ਟੇਬਲ; ਸਭ ਕੁਝ ਸਹੀ ਥਾਵਾਂ ਉੱਤੇ ਸਨ।
“ਕਪਿਲ ਦੇ ਵਿਆਹ ਦੀ ਤਿਆਰੀ ਵਜੋਂ ਇਹ ਕਮਰਾ ਤਿਆਰ ਕੀਤਾ ਹੈ। ਇਹ ਕਮਰਾ ਕਪਿਲ ਦੀ ਵਹੁਟੀ ਅਤੇ ਕਪਿਲ ਦਾ ਹੋਵੇਗਾ।” ਰੱਕੜ ਜੀ ਬੜੇ ਚਾਅ ਨਾਲ ਦੱਸ ਰਹੇ ਸਨ। ਕਪਿਲ ਸੰਗਦਾ ਜਿਹਾ ਕੋਠੀ ਵੱਲ ਚਲਾ ਗਿਆ।
ਸਰਵ ਸਿੱਖਿਆ ਅਭਿਆਨ ਅਧੀਨ ਪਰਵਾਸੀ ਮਜ਼ਦੂਰਾਂ ਦੇ ਬੱਚੇ ਸਕੂਲਾਂ ’ਚ ਦਾਖ਼ਲ ਕਰਨ ਦੀ ਮੁਹਿੰਮ ਅਧੀਨ ਮੈਡਮ ਚੰਨਣ ਕੌਰ ਭੱਠਾ ਮਜ਼ਦੂਰਾਂ ਦੀਆਂ ਝੌਂਪੜੀਆਂ ਵਿੱਚ ਚਲੀ ਗਈ। 8-9 ਵਰ੍ਹਿਆਂ ਦੇ ਬਾਲਕ ਨੂੰ ਕੋਲ ਬੁਲਾਇਆ, ਭੱਠੇ ’ਤੇ ਕੰਮ ਕਰ ਰਹੇ ਉਸ ਦੇ ਮਾਂ-ਬਾਪ ਨੂੰ ਬੁਲਾਉਣ ਲਈ ਉਸੇ ਬਾਲਕ ਨੂੰ ਭੇਜਿਆ ਗਿਆ। ਮਾਂ-ਬਾਪ ਨੇ ਦੱਸਿਆ- ਉਹ ਪਰਵਾਸੀ ਹਨ, ਬਰਸਾਤਾਂ ਸ਼ੁਰੂ ਹੋਣ ’ਤੇ ਯੂਪੀ ਚਲੇ ਜਾਂਦੇ ਹਨ। ਦੀਵਾਲੀ ਮਗਰੋਂ ਵਾਪਸ ਮੁੜ ਕੰਮ ਉੱਤੇ ਆ ਜਾਂਦੇ ਹਨ। ਪਰਵਾਸੀ ਹੋਣ ਕਰ ਕੇ ਉਹ ਬੱਚਿਆਂ ਨੂੰ ਕਿਸੇ ਥਾਂ ਟਿਕ ਕੇ ਪੜ੍ਹਾ ਨਹੀਂ ਸਕਦੇ।
ਮੈਡਮ ਨੇ ਬਾਲਕ ਦੇ ਮੋਢੇ ਉੱਤੇ ਹੱਥ ਰੱਖਿਆ ਅਤੇ ਮਾਂ-ਬਾਪ ਨੂੰ ਕਿਹਾ ਕਿ ਅੱਜ ਤੋਂ ਉਹ ਸਕੂਲ ਜਾਇਆ ਕਰੇਗਾ। ਜਦੋਂ ਉਨ੍ਹਾਂ ਵਾਪਸ ਯੂਪੀ ਜਾਣਾ ਹੋਵੇ ਤਾਂ ਬਾਲਕ ਨੂੰ ਨਾਲ ਲੈ ਜਾਣ। ਮੈਡਮ ਜੀ ਬਾਲਕ ਨੂੰ ਜਿਵੇਂ ਉਹ ਸੀ, ਉਵੇਂ ਹੀ ਸਕੂਲ ਲੈ ਆਏ। ਬਾਲਕ ਨੇ ਮਿਡ-ਡੇ-ਮੀਲ ਬਾਕੀ ਬੱਚਿਆਂ ਨਾਲ ਖਾਧਾ। ਕਾਪੀ-ਪੈੱਨ ਤਾਂ ਮਿਲ ਗਏ ਸਨ ਪਰ ਉਸ ਨੇ ਲਿਖਿਆ ਕੁਝ ਨਾ। ਡੌਰ-ਭੌਰ ਕਦੇ ਬਲੈਕ ਬੋਰਡ ਵੱਲ, ਕਦੇ ਕੰਧ ਨਾਲ ਲਟਕੇ ਚਾਰਟਾਂ ਵੱਲ ਤੇ ਕਦੇ ਜਮਾਤ ’ਚ ਬੈਠੇ ਬੱਚਿਆਂ ਵੱਲ ਦੇਖਣ ਲੱਗ ਪੈਂਦਾ। ਚੰਨਣ ਕੌਰ ਦੇ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਛਤਰਪੁਰ ਢਾਡਾ ਦੀ ਹੈੱਡਟੀਚਰ ਫੂਲਾਂ ਦੇਵੀ, ਪੁਸ਼ਪਾ ਦੇਵੀ, ਹਰਸ਼ੀ ਦੇਵੀ ਤੇ ਇੰਦੂ ਰਾਣੀ, ਸਭ ਨੇ ਬੱਚੇ ਨੂੰ ਰੋਜ਼ ਸਕੂਲ ਆਉਣ ਲਈ ਮਾਵਾਂ ਵਾਲੇ ਪਿਆਰ ਨਾਲ ਤਿਆਰ ਕਰ ਲਿਆ।
ਹਫ਼ਤੇ ਕੁ ਵਿੱਚ ਬਾਲਕ ਦੀ ਸਿੱਖਣ ਸਮਰੱਥਾ ਦੇਖਦਿਆਂ ਚੰਨਣ ਕੌਰ ਨੂੰ ਬਰਸਾਤ ਦੀ ਆਮਦ ਸਤਾਉਣ ਲੱਗੀ ਪਰ ਮੈਡਮ ਨੇ ਹੱਲ ਕੱਢ ਲਿਆ। ਬਾਲਕ ਦੇ ਮਾਂ-ਬਾਪ ਨੂੰ ਦੱਸ ਕੇ ਇੱਕ ਦਿਨ ਉਹ ਛੁੱਟੀ ਪਿੱਛੋਂ ਬਾਲਕ ਨੂੰ ਆਪਣੀ ਲੂਨਾ (ਸਕੂਟਰੀ) ਉੱਤੇ ਬਿਠਾ ਕੇ ਘਰ ਲੈ ਆਏ। ਰੱਕੜ ਜੀ ਜਦੋਂ ਸਕੂਲੋਂ ਘਰ ਆਏ ਤਾਂ ਬਾਲਕ ਇਨ੍ਹਾਂ ਦੇ ਆਪਣੇ ਦੋ ਪੁੱਤਰਾਂ ਨਾਲ ਰਚ-ਮਿਚ ਚੁੱਕਿਆ ਸੀ। ਰੱਕੜ-ਜੋੜੀ ਦੇ ਦੋਨੋਂ ਪੁੱਤਰ ਉਮਰ ’ਚ ਵੱਡੇ ਸਨ ਪਰ ਬਾਲਕ ਨੂੰ ਓਪਰਾਪਣ ਮਹਿਸੂਸ ਨਾ ਹੋਇਆ। ਮੈਡਮ ਚੰਨਣ ਕੌਰ ਨੇ ਬਾਲਕ ਦੇ ਪਿਛੋਕੜ ਅਤੇ ਸਿੱਖਣ ਸਮਰੱਥਾ ਬਾਰੇ ਜਾਣਕਾਰੀ ਦਿੱਤੀ। ਰੱਕੜ ਜੀ ਨੇ ਵੀ ਬਾਲਕ ਨੂੰ ਆਪਣੇ ਕੋਲ ਬੁਲਾ ਕੇ ਪੜ੍ਹਨ ਲਈ ਹੱਲਾਸ਼ੇਰੀ ਦਿੱਤੀ।
ਅਗਲੇ ਦਿਨ ਬਾਲਕ ਮੈਡਮ ਪਿੱਛੇ ਲੂਨਾ ’ਤੇ ਬੈਠ ਸਕੂਲ ਪਹੁੰਚ ਗਿਆ। ਬੱਚੇ ਨੂੰ ਲੂਨਾ ਤੋਂ ਉਤਰਦਿਆਂ ਦੇਖ ਰਹੇ ਸਨ। ਉਨ੍ਹਾਂ ਦਾ ਦੇਖਣਾ ਬਾਲਕ ਨੂੰ ਵੱਖਰਾ ਅਨੁਭਵ ਦੇ ਰਿਹਾ ਸੀ। ਬਾਲਕ ਹੁਣ ਅਕਸਰ ਮੈਡਮ ਚੰਨਣ ਕੌਰ ਨਾਲ ਉਨ੍ਹਾਂ ਦੇ ਘਰ ਆ ਜਾਂਦਾ। ਸਕੂਲ ਵਿੱਚ ਮੈਡਮਾਂ ਦੇ, ਮੈਡਮ ਦੇ ਘਰ ਰੱਕੜ ਜੀ ਅਤੇ ਬੱਚਿਆਂ, ਸਭ ਦੇ ਪਿਆਰ ਨੇ ਬਾਲਕ ਦੀ ਸਿੱਖਣ ਸਮਰੱਥਾ ਨੂੰ ਸਮਝੋ ਖੰਭ ਲਾ ਦਿੱਤੇ। ਬਰਸਾਤਾਂ ਸ਼ੁਰੂ ਹੋਈਆਂ, ਪਰਿਵਾਰ ਯੂਪੀ ਪਰਤ ਗਿਆ। ਬਾਲਕ ਰੱਕੜ ਪਰਿਵਾਰ ਪਾਸ ਹੀ ਰਿਹਾ।
ਪਹਿਲੇ ਵਰ੍ਹੇ ਦੋ ਜਮਾਤਾਂ, ਅਗਲੇ ਵਰ੍ਹੇ ਵੀ ਦੋ ਜਮਾਤਾਂ; ਬਾਲਕ ਆਪਣੀ ਉਮਰ ਦੇ ਬਾਲਕਾਂ ਦਾ ਹਮ-ਜਮਾਤੀ ਹੋ ਗਿਆ। ਭੱਠਿਆਂ ਦਾ ਕੰਮ ਸ਼ੁਰੂ ਹੋਏ ਤੋਂ ਉਹ ਮਾਂ-ਬਾਪ ਕੋਲ ਝੌਂਪੜੀਆਂ ਵਿੱਚ ਚਲਾ ਜਾਂਦਾ ਪਰ ਬਰਸਾਤਾਂ ਰੱਕੜ ਪਰਿਵਾਰ ਪਾਸ ਹੀ ਗੁਜ਼ਾਰਦਾ।
ਪੰਜਵੀਂ ਤੋਂ ਬਾਅਦ ਰੱਕੜ ਜੋੜੀ ਨੇ ਬਾਲਕ ਨੂੰ ਹਾਈ ਸਕੂਲ ਦਾਖ਼ਲ ਕਰਵਾ ਦਿੱਤਾ। ਬਹੁਤ ਹੀ ਚੰਗੇ ਨੰਬਰਾਂ ਨਾਲ ਦਸਵੀਂ, ਫ਼ਿਰ ਨਾਨ-ਮੈਡੀਕਲ ਨਾਲ ਪਲੱਸ-ਟੂ ਕਰ ਲਈ। ਰੱਕੜ ਜੋੜੀ ਨੇ ਕਪਿਲ ਨੂੰ ਸਰਕਾਰੀ ਕਾਲਜ ਭਟੋਲੀ ਬੀਐੱਸਸੀ (ਨਾਨ-ਮੈਡੀਕਲ) ਵਿੱਚ ਦਾਖ਼ਲ ਕਰਵਾ ਦਿੱਤਾ। ਬੀਐੱਸਸੀ ਪਿੱਛੋਂ ਕਪਿਲ ਨੇ ਮੈਥ ਵਿਸ਼ੇ ਵਿੱਚ ਐੱਮਐੱਸਸੀ ਫਸਟ ਡਿਵੀਜ਼ਨ ਵਿੱਚ ਪਾਸ ਕਰ ਲਈ। ਰੱਕੜ ਜੋੜੀ ਉਸ ਨੂੰ ਪੀਐੱਚਡੀ ਲਈ ਸ਼ਿਮਲਾ ਭੇਜ ਰਹੀ ਸੀ ਪਰ ਕਪਿਲ ਹੁਣ ਹੋਰ ਬੋਝ ਬਣੇ ਰਹਿਣ ਦਾ ਆਪਣੇ ਖ਼ੁਦ ਉੱਤੇ ਬੋਝ ਮਹਿਸੂਸ ਕਰਨ ਲੱਗ ਪਿਆ ਸੀ। ਸ਼ਿਮਲਾ ਜਾਣ ਤੋਂ ਇਨਕਾਰੀ ਹੋ ਗਿਆ।
ਰੱਕੜ ਜੋੜੀ ਦਾ ਇੱਕ ਪੁੱਤਰ ਆਸਟਰੇਲੀਆ ਤੇ ਦੂਜਾ ਇੰਗਲੈਂਡ ਜਾ ਚੁੱਕਿਆ ਸੀ। ਇੱਧਰ ਮੈਡਮ ਨੂੰ ਡਿਸਕ ਦੀ ਬਿਮਾਰੀ ਨੇ ਪੱਕੇ ਤੌਰ ’ਤੇ ਮੰਜੇ ਜੋਗੀ ਕਰ ਦਿੱਤਾ। ਕਪਿਲ ਰਸੋਈ ਅਤੇ ਮੱਝ ਦਾ ਕੰਮ ਦਾ ਸੰਭਾਲਦਾ, ਘਰ ਦੀ ਸਫ਼ਾਈ ਅਤੇ ਕੱਪੜਾ-ਲੀੜਾ ਧੋਣ ਦਾ ਕੰਮ ਵੀ ਕਰਦਾ, ਬਾਹਰਲਿਆਂ ਨੂੰ ਬੇਫ਼ਿਕਰ ਰਹਿਣ ਦਾ ਯਕੀਨ ਵੀ ਕਰਾਉਂਦਾ। ਸਿਹਤ ਵਿੱਚ ਸੁਧਾਰ ਹੋਣ ’ਤੇ ਮੈਡਮ ਚੰਨਣ ਕੌਰ ਨੇ ਆਪਣੇ ਪਿੰਡ ਦੇ ਸਕੂਲ ਵਿੱਚ ਬਦਲੀ ਕਰਵਾ ਲਈ। ਮੈਡਮ ਸਰਿਤਾ ਸੱਚਰ ਇਸੇ ਸਕੂਲ ਵਿੱਚ ਕੰਮ ਕਰਦੀ ਸੀ। ਇੱਥੋਂ ਹੀ ਦੋਹਾਂ ਦੀ ਸੇਵਾਮੁਕਤੀ ਹੋਈ।
ਕਪਿਲ ਹੁਣ ਸੰਤੋਸ਼ਗੜ੍ਹ ਵਿੱਚ ਕੋਚਿੰਗ ਸੈਂਟਰ ਚਲਾ ਰਿਹਾ ਹੈ। ਤਿੰਨ-ਚਾਰ ਪੜ੍ਹਾਉਣ ਵਾਲਿਆਂ ਨੂੰ ਰੁਜ਼ਗਾਰ ਦੇ ਰਿਹਾ ਹੈ, ਖ਼ੁਦ ਵੀ ਖ਼ੂਬ ਕਮਾਈ ਕਰਦਾ ਹੈ। ਕਪਿਲ ਦਾ ਪਰਿਵਾਰ ਹੁਣ ਯੂਪੀ ਨਹੀਂ ਜਾਂਦਾ। ਸੰਤੋਸ਼ਗੜ੍ਹ ਦੇ ਲਾਗਲੇ ਪਿੰਡ ਆਪਣੇ ਮਕਾਨ ਵਿੱਚ ਰਹਿੰਦਾ ਹੈ। ਕਪਿਲ ਪਿੱਛੇ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਨਿਭਾਉਂਦਾ ਹੈ ਪਰ ਰਹਿੰਦਾ ਰੱਕੜ ਜੋੜੀ ਕੋਲ ਹੀ ਹੈ।
ਰੱਕੜ ਜੋੜੀ ਇੰਗਲੈਂਡ ਆਸਟਰੇਲੀਆਂ ਆਉਂਦੀ-ਜਾਂਦੀ ਰਹਿੰਦੀ ਹੈ। ਜਦੋਂ ਭਵਿੱਖੀ ਟਿਕਾਣਿਆਂ ਬਾਰੇ ਪੁੱਛਿਆ ਤਾਂ ਮੈਡਮ ਦਾ ਕਹਿਣਾ ਸੀ, “ਕੁਝ ਪਤਾ ਹੀ ਨਹੀਂ ਲੱਗਦਾ। ਬਾਹਰ ਜਾਂਦੇ ਹਾਂ ਤਾਂ ਕਪਿਲ ਦੀ ਇਕੱਲ ਬੇ-ਅਰਾਮ ਕਰਦੀ ਹੈ, ਵਾਪਸ ਮੁੜਦੇ ਹਾਂ ਤਾਂ ਇੰਗਲੈਂਡ-ਆਸਟਰੇਲੀਆ ਵਾਲਿਆਂ ਦੀ ਯਾਦ ਸਤਾਉਂਦੀ ਹੈ। ਕਪਿਲ ਦੇ ਵਿਆਹ ਮਗਰੋਂ ਹੀ ਦੇਖਾਂਗੇ ਕੁਛ।”
ਪ੍ਰੀਤਮ ਸਿੰਘ ਰੱਕੜ ਹੁਣ ਅੰਕਲ ਨਹੀਂ ਡੈਡੀ ਹਨ, ਮੈਡਮ ਚੰਨਣ ਕੌਰ ਹੁਣ ਮੈਡਮ ਨਹੀਂ ਪਿਆਰੀ-ਪਿਆਰੀ ਮੰਮੀ ਹੈ।
ਸੰਪਰਕ: 94176-52947

Advertisement

Advertisement
Author Image

joginder kumar

View all posts

Advertisement