ਮਾਂ ਮੈਂ ਤੇਰੀ ਕਰਾਂ ‘ਤਗੀਦਾਂ’... ਸ਼ਾਦੀ ਖਾਂ ਮਾਲੇਰਕੋਟਲਾ
ਤੂੰਬੇ ਅਲਗੋਜ਼ੇ ਦੀ ਗਾਇਕੀ ਦੇ ਬਾਬਾ ਬੋਹੜ ਮਰਹੂਮ ਇਬਰਾਹੀਮ ਘੁੱਦੂ ਦੇ ਗਾਇਕੀ ਘਰਾਣੇ ਵਿਚੋਂ ਹੀ ਇਕ ਜਾਣਿਆ ਪਛਾਣਿਆ ਨਾਂ ਹੈ ਸ਼ਾਦੀ ਖਾਂ ਮਾਲੇਰਕੋਟਲਾ। ਸ਼ਾਦੀ ਖਾਂ ਘੁੱਦੂ ਦਾ ਪੋਤਾ ਚੇਲਾ ਹੈ ਜਿਸ ਨੇ ਆਪਣੇ ਗੁਰੂ ਦੇ ਨਾਲ ਨਾਲ ਆਪਣੇ ਦਾਦਾ ਗੁਰੂ ਦੀ ਸੰਘਣੀ ਛਾਂ ਵੀ ਲੰਬਾ ਸਮਾਂ ਮਾਣੀ ਹੈ।
ਸ਼ਾਦੀ ਖਾਂ ਦਾ ਜਨਮ ਮਾਲੇਰਕੋਟਲੇ ਦੇ ਨਾਲ ਲੱਗਦੇ ਪਿੰਡ ਜਮਾਲਪੁਰੇ ਵਿਖੇ 1951 ਵਿਚ ਪਿਤਾ ਰੋਸ਼ਨਦੀਨ ਤੇ ਮਾਤਾ ਉਮਰੀ ਦੇ ਘਰ ਹੋਇਆ। ਪਰਿਵਾਰ ਕੋਲ ਚੰਗੀ ਚੋਖੀ ਜੱਦੀ ਜ਼ਮੀਨ ਸੀ ਜਿਸ ਵਿਚ ਰੋਸ਼ਨਦੀਨ ਆਪਣੇ ਭਰਾਵਾਂ ਨਾਲ ਖੇਤੀਬਾੜੀ ਕਰਦਾ ਸੀ। ਇਨ੍ਹਾਂ ਦਾ ਖੂਹ ਰੋੜੇ ਵਾਲਾ ਖੂਹ ਕਰਕੇ ਮਸ਼ਹੂਰ ਸੀ।
ਘਰ ਵਿਚ ਗਾਇਕੀ ਵੱਲ ਕਿਸੇ ਦਾ ਰੁਝਾਨ ਨਹੀਂ ਸੀ, ਪ੍ਰੰਤੂ ਪਿਤਾ ਨੂੰ ‘ਗੌਣ’ ਸੁਣਨ ਦਾ ਸ਼ੌਕ ਜ਼ਰੂਰ ਸੀ। ਪਿੰਡ ਦਾ ਗਵੰਤਰੀ ਫਤਿਹਦੀਨ ਉਰਫ਼ ਫੱਤਾ ਉਸ ਦਾ ਪੱਗਵੱਟ ਭਰਾ ਬਣਿਆ ਹੋਇਆ ਸੀ। ਫਤਿਹਦੀਨ, ਇਬਰਾਹੀਮ ਘੁੱਦੂ ਦਾ ਜੇਠਾ ਸ਼ਾਗਿਰਦ ਸੀ। ਬਚਪਨ ਵਿਚ ਸ਼ਾਦੀ ਵੀ ਆਪਣੇ ਪਿਓ ਨਾਲ ਤਾਏ ਫੱਤੇ ਦੇ ਘਰ ਚਲਾ ਜਾਂਦਾ ਸੀ। ਇਸ ਤਰ੍ਹਾਂ ਛੋਟੀ ਉਮਰ ਤੋਂ ਹੀ ਉਸ ਦਾ ਰੁਝਾਨ ਇਸ ਪਾਸੇ ਹੋ ਗਿਆ। ਜਦੋਂ ਉਸ ਨੂੰ ਸਕੂਲ ਵਿਚ ਦਾਖਲ ਕਰਾਇਆ ਗਿਆ ਤਾਂ ਘਰੋਂ ਬਸਤਾ ਚੁੱਕ ਕੇ ਸਕੂਲ ਜਾਣ ਦੀ ਥਾਂ ਤਾਏ ਫੱਤੇ ਦੇ ਘਰ ਜਾ ਵੜਦਾ। ਸ਼ਾਦੀ ਦਾ ਗਾਇਕੀ ਵੱਲ ਰੁਝਾਨ ਦੇਖ ਕੇ ਪਿਤਾ ਨੇ ਉਸ ਨੂੰ ਆਪਣੇ ਦੋਸਤ ਦਾ ਸ਼ਾਗਿਰਦ ਬਣਾ ਦਿੱਤਾ।
ਸ਼ਾਦੀ ਨੇ ਲਗਾਤਾਰ ਅੱਠ ਸਾਲ ਆਪਣੇ ਗੁਰੂ ਤੋਂ ‘ਗੌਣ’ ਦੀ ਸਿੱਖਿਆ ਪ੍ਰਾਪਤ ਕੀਤੀ। ਪੜ੍ਹਿਆ ਲਿਖਿਆ ਨਾ ਹੋਣ ਕਾਰਨ ਜੋ ਸੰਥਿਆ ਦਿੱਤੀ ਜਾਂਦੀ ਸੀ, ਉਸ ਨੂੰ ਜ਼ੁਬਾਨੀ ਹੀ ਯਾਦ ਕਰਨਾ ਪੈਂਦਾ ਸੀ। ਪਹਿਲਾਂ ਇਕ ਸਾਲ ਤਾਂ ਸ਼ਬਦਾਂ ਦੇ ਸਹੀ ਉਚਾਰਨ ਕਰਨ ’ਤੇ ਹੀ ਲੱਗ ਗਿਆ। ਬਾਅਦ ਵਿਚ ‘ਗੌਣ’ ਦੀ ਸੰਥਿਆ ਸ਼ੁਰੂ ਹੋਈ। ਰੋਜ਼ ਦਾ ਦਿੱਤਾ ਸਬਕ ਉਸੇ ਦਿਨ ਯਾਦ ਕਰਕੇ ਸੁਣਾਉਣਾ ਹੁੰਦਾ ਸੀ। ਕਈ ਵਾਰ ਸਬਕ ਨਾ ਯਾਦ ਹੋਣ ’ਤੇ ਸਜ਼ਾ ਵੀ ਮਿਲ ਜਾਂਦੀ ਸੀ। ਗੁੱਸੇ ਵਿਚ ਜੋ ਵੀ ਉਸਤਾਦ ਦੇ ਹੱਥ ਆ ਜਾਂਦਾ, ਉਹ ਹੀ ਮਾਰ ਦਿੰਦਾ ਸੀ। ਇਕ ਵਾਰ ਉਸਤਾਦ ਨੇ ਸ਼ਾਦੀ ਦੇ ਮੱਥੇ ਵਿਚ ਸਾਗ ਘੋਟਣਾ ਮਾਰਿਆ ਜਿਸ ਦਾ ਨਿਸ਼ਾਨ ਅਜੇ ਤੱਕ ਮੌਜੂਦ ਹੈ। ਹੋਇਆ ਇਹ ਕਿ ਉਸਤਾਦ ਨੇ ਮਲਕੀ ਦੇ ‘ਗੌਣ’ ਵਿਚੋਂ ਸਬਕ ਦਿੱਤਾ। ਸ਼ਾਦੀ ਤੋਂ ਇੱਕ ਸ਼ਬਦ ਦਾ ਉਚਾਰਨ ਸਹੀ ਨਹੀਂ ਹੋ ਰਿਹਾ ਸੀ। ਤਿੰਨ ਦਿਨ ਇਹ ਸਿਲਸਿਲਾ ਚੱਲਦਾ ਰਿਹਾ। ਤੀਸਰੇ ਦਿਨ ਉਸਤਾਦ ਨੂੰ ਗੁੱਸਾ ਆ ਗਿਆ, ਸੋ ਇਹ ਕਾਰਾ ਹੋ ਗਿਆ। ਇਸ ਬੰਦ ਦੇ ਪ੍ਰਸੰਗ ਬਾਰੇ ਸ਼ਾਦੀ ਨੇ ਦੱਸਿਆ ਕਿ ਕੀਮੇ ਦਾ ਮਲਕੀ ਨਾਲ ਛੋਟੀ ਉਮਰ ਵਿਚ ਵਿਆਹ ਹੋ ਗਿਆ ਸੀ। ਜੁਆਨ ਹੋਣ ’ਤੇ ਲਾਗੀਆਂ ਰਾਹੀਂ ਮੁਕਲਾਵੇ ਦਾ ਸੱਦਾ ਆ ਗਿਆ। ਕੀਮੇ ਦੀ ਮਾਂ ਲਾਲੇ ਉਸ ਨੂੰ ਇਸ ਬਾਰੇ ਇਸ ਤਰ੍ਹਾਂ ਸਮਝਾਉਂਦੀ ਹੈ:
ਪੁੱਤ ਸਹੁਰਿਆਂ ਤੇਰਿਆਂ ਤੋਂ ਲਾਗੀ ਆ ਗਏ
ਆ ਗਏ ਬਾਹਮਣ ਨਾਈ
ਪੈਹਨ ਪੁਸ਼ਾਕੀ, ਚੜ੍ਹਜਾ ਰਾਕੀ
ਘਰ ਸਹੁਰਿਆਂ ਦੇ ਜਾਈਂ।
ਜਿੱਥੇ ਦੇਖੇਂ ਭਰੀਆਂ ਮਹਿਫਲਾਂ
ਦੁਆ ਸਲਾਮ ਬੁਲਾਈਂ।
ਜਿੱਥੇ ਦੇਖੇਂ ਬੁੱਢੀਆਂ ਮਾਈਆਂ
ਨਿਉਂਕੇ ਸੀਸ ਝੁਕਾਈਂ।
ਜਿੱਥੇ ਦੇਖੇਂ ਤ੍ਰਿੰਝਣ ਮਲਕੀ ਦਾ
ਹੱਸੀਂ ਖੇਡੀਂ ਦਿਲ ਪ੍ਰਚਾਈਂ।
ਤਿੰਨ ਦਿਹਾੜੇ ਘਰ ਸਹੁਰਿਆਂ ਦੇ ਕੱਟ ਕੇ
ਚੌਥੇ ਨੂੰ ਮੁੜ ਆਈਂ।
ਮਾਂ ਮੈਂ ਤੇਰੀ ਕਰਾਂ ‘ਤਗੀਦਾਂ’
ਬਹੁਤੀ ਦੇਰ ਨਾ ਲਾਈਂ।
ਉਸ ਤੋਂ ‘ਤਗੀਦਾਂ’ ਸ਼ਬਦ ਸਹੀ ਨਹੀਂ ਸੀ ਉਚਾਰਿਆ ਜਾਂਦਾ। ਇਸ ਤਰ੍ਹਾਂ ‘ਗੌਣ’ ਸਿੱਖਣ ਲਈ ਸ਼ਾਦੀ ਨੇ ਸਖ਼ਤ ਘਾਲਣਾ ਘਾਲੀ, ਸੋਨਾ ਕੁਠਾਲੀ ’ਚ ਗਲ਼ ਕੇ ਸ਼ੁੱਧ ਹੋਇਆ। ਉਸਤਾਦ ਨੇ ਉਸ ਨੂੰ ਮਲਕੀ, ਦਹੂਦ, ਜਿਉਣਾ ਮੌੜ, ਪੂਰਨ, ਕੌਲਾਂ ਪੂਰੀਆਂ ਲੜੀਆਂ ਕੰਠ ਕਰਵਾਈਆਂ। ਬਾਅਦ ’ਚ ਉਸ ਨੇ ਸੱਸੀ, ਹੀਰ, ਮਿਰਜ਼ਾ, ਢੋਲ ਬਾਦਸ਼ਾਹ, ਸ਼ਾਹ ਬਹਿਰਾਮ, ਦੁੱਲਾ ਭੱਟੀ, ਜੈਮਲ ਫੱਤਾ ਆਦਿ ਲੜੀਆਂ ਤੋਂ ਇਲਾਵਾ ਬਹੁਤ ਸਾਰੇ ‘ਰੰਗ’ ਯਾਦ ਕੀਤੇ।
ਸ਼ਾਦੀ ਨੇ ਤੂੰਬਾ ਵਜਾਉਣਾ ਆਪਣੇ ਉਸਤਾਦ ਦੇ ਗੁਰ ਭਾਈ ਅਤੇ ਘੁੱਦੂ ਦੇ ਭਤੀਜੇ ਨੂਰਦੀਨ ਤੋਂ ਸਿੱਖਿਆ। ਸੋਲਾਂ ਸਾਲ ਦੀ ਉਮਰ ਵਿਚ ਸ਼ਾਦੀ ਨੇ ਆਪਣੇ ਗੁਰ ਭਾਈ ਫ਼ਜ਼ਲਦੀਨ ਮਾਲੇਰਕੋਟਲੇ ਵਾਲੇ ਨਾਲ ਗਾਉਣਾ ਸ਼ੁਰੂ ਕਰ ਦਿੱਤਾ। ਉਹ ਚੜ੍ਹਦੀ ਉਮਰ ਵਿਚ ਹੀ ਅਖਾੜਿਆਂ ਵਿਚ ਗਾਉਣ ਲੱਗ ਪਿਆ। ਫ਼ਜ਼ਲਦੀਨ ਤੋਂ ਇਲਾਵਾ ਸ਼ਾਦੀ ਨੇ ਆਪਣੇ ਦਾਦਾ ਗੁਰੂ ਇਬਰਾਹੀਮ ਘੁੱਦੂ, ਉਸਤਾਦ ਫਤਹਿਦੀਨ, ਤੂੰਬਾ ਉਸਤਾਦ ਨੂਰਦੀਨ ਅਤੇ ਸਦੀਕ ਮੁਹੰਮਦ ਮਾਲੇਰਕੋਟਲਾ ਨਾਲ ਕਈ ਕਈ ਸਾਲ ਗਾਇਆ। ਬਾਅਦ ਵਿਚ ਹਰਬੰਸ ਸਿੰਘ ਨੰਗਲ ਤੇ ਮੱਦੋਕਿਆਂ ਵਾਲਾ ਸੁਖਦੇਵ ਵੀ ਉਸ ਨੂੰ ਆਪਣੇ ਨਾਲ ਲੈ ਜਾਂਦੇ ਸਨ।
ਗਾਇਕੀ ਦੇ ਇਸ ਲੰਬੇ ਸਫ਼ਰ ਦੌਰਾਨ ਸ਼ਾਦੀ ਨੇ ਵਿਆਹਾਂ-ਸ਼ਾਦੀਆਂ, ਮੰਗਣਿਆਂ, ਮੁੰਡੇ ਦੀ ਛਟੀ ਵਰਗੇ ਖ਼ੁਸ਼ੀ ਦੇ ਪ੍ਰੋਗਰਾਮਾਂ ਦੇ ਅਣਗਿਣਤ ਅਖਾੜੇ ਲਾਏ ਹੋਏ ਹਨ। ਇਨ੍ਹਾਂ ਪ੍ਰੋਗਰਾਮਾਂ ਦੀਆਂ ਅਨੇਕਾਂ ਅਭੁੱਲ ਯਾਦਾਂ ਉਸ ਦੇ ਸੀਨੇ ਵਿਚ ਸਮਾਈਆਂ ਹੋਈਆਂ ਹਨ, ਜਿਨ੍ਹਾਂ ਨੂੰ ਕਈ ਵਾਰ ਉਹ ਆਪਣੇ ਮਿਲਣ ਗਿਲਣ ਆਏ ਸਿਆਣੂਆਂ ਨਾਲ ਸਾਂਝੀਆਂ ਕਰ ਲੈਂਦਾ ਹੈ। ਇਨ੍ਹਾਂ ਤੋਂ ਇਲਾਵਾ ਮੇਲਿਆਂ ਅਤੇ ਪਿੰਡ ਸਾਂਝੇ ਪ੍ਰੋਗਰਾਮਾਂ ’ਤੇ ਤਾਂ ਲਗਾਤਾਰ ਹਾਜ਼ਰੀ ਲੁਆਉਂਦੇ ਹੀ ਸਨ। ਬਹੁਤੀ ਵਾਰ ਕਈ ਕਈ ਦਿਨ ਘਰ ਤੋਂ ਬਾਹਰ ਹੀ ਰਹਿੰਦੇ ਸਨ। ਇਸ ਗਾਇਨ ਕਲਾ ਵਿਚ ਸ਼ਾਦੀ ਪੂਰਾ ਮਾਹਰ ਹੈ। ਮਲਵਈ ਗਵੰਤਰੀਆਂ ਤੋਂ ਇਲਾਵਾ ਉਹ ਦੁਆਬੇ ਵਾਲੇ ਰਾਗੀਆਂ (ਗਵੰਤਰੀਆਂ) ਦਾ ਸਾਥ ਨਿਭਾਉਣ ਦੇ ਵੀ ਸਮਰੱਥ ਹੈ। ਇਸ ਗਾਇਕੀ ਬਾਰੇ ਉਸ ਦਾ ਗਿਆਨ ਵਿਸ਼ਾਲ ਹੈ। ਉਹ ਮੁੱਢਲੇ ਅਤੇ ਪੁਰਾਣੇ ਗਾਇਕਾਂ ਬਾਰੇ ਚੰਗੀ ਚੋਖੀ ਜਾਣਕਾਰੀ ਰੱਖਦਾ ਹੈ। ਉਹ ਸੱਚਾ ਸੁੱਚਾ ਕਲਾਕਾਰ ਹੈ ਤੇ ਕਲਾ ਦਾ ਉਪਾਸ਼ਕ ਹੈ।
1971-72 ਵਿਚ ਸ਼ਾਦੀ ਕਬੀਲਦਾਰੀ ਦੇ ਬੰਧਨ ਵਿਚ ਬੱਝ ਗਿਆ ਸੀ। ਉਸ ਦਾ ਨਿਕਾਹ ਲੁਧਿਆਣਾ ਨਿਵਾਸੀ ਨੂਰ ਮੁਹੰਮਦ ਦੀ ਧੀ ਸਕੂਰਾਂ ਬੇਗ਼ਮ ਨਾਲ ਪੜ੍ਹਿਆ ਗਿਆ। ਨੂਰ ਮੁਹੰਮਦ ਦਾ ਪਿਛੋਕੜ ਮਾਲੇਰਕੋਟਲੇ ਦਾ ਹੀ ਸੀ। ਸ਼ਾਦੀ ਖਾਂ ਦੇ ਦੋ ਲੜਕੇ ਅਤੇ ਦੋ ਲੜਕੀਆਂ ਹਨ ਜੋ ਵਿਆਹੇ ਵਰ੍ਹੇ ਹਨ। ਉਹ ਤਿੰਨ ਵੱਡੀਆਂ ਨਰਸਰੀਆਂ ਦਾ ਮਾਲਕ ਹੈ। ਰਾਏਕੋਟ ਰੋਡ ’ਤੇ ਇੰਡੀਅਨ ਨਰਸਰੀ ਦੀ ਦੇਖ ਰੇਖ ਸ਼ਾਦੀ ਕਰਦਾ ਹੈ। ਕਦੇ ਕਦਾਈਂ ਆਪਣੇ ਜੋੜੀਦਾਰਾਂ ਨੂੰ ਉੱਥੇ ਹੀ ਬੁਲਾ ਲੈਂਦਾ ਹੈ। ਨਜ਼ਰ ਬਹੁਤ ਕਮਜ਼ੋਰ ਹੋਣ ਕਾਰਨ ਹੁਣ ਉਹ ਇਕੱਲਾ ਕਿਤੇ ਜਾ ਨਹੀਂ ਸਕਦਾ। ਇਸ ਦੇ ਬਾਵਜੂਦ ਉਸ ਨੇ ਗਾਉਣਾ ਨਹੀਂ ਛੱਡਿਆ। ਉਹ ਕਹਿੰਦਾ ਹੈ ਕਿ ਇਹ ਤਾਂ ਮੇਰੀ ਰੂਹ ਦੀ ਖੁਰਾਕ ਹੈ। ਅੱਲ੍ਹਾ ਉਸ ਨੂੰ ਰਹਿਮਤ ਬਖ਼ਸ਼ੇ ਅਤੇ ਉਹ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੇ।
ਸੰਪਰਕ: 84271-00341