For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ: ਚਾਰ ਵਿੱਚੋਂ ਤਿੰਨ ਉਮੀਦਵਾਰਾਂ ਦਾ ਪਿਛੋਕੜ ਹੈ ਕਾਂਗਰਸੀ

11:07 AM May 24, 2024 IST
ਲੁਧਿਆਣਾ  ਚਾਰ ਵਿੱਚੋਂ ਤਿੰਨ ਉਮੀਦਵਾਰਾਂ ਦਾ ਪਿਛੋਕੜ ਹੈ ਕਾਂਗਰਸੀ
Advertisement

ਗਗਨਦੀਪ ਅਰੋੜਾ
ਲੁਧਿਆਣਾ, 23 ਮਈ
ਲੁਧਿਆਣਾ ਲੋਕ ਸਭਾ ਚੋਣਾਂ ਲਗਾਤਾਰ ਦਿਲਚਸਪ ਹੁੰਦੀਆਂ ਨਜ਼ਰ ਆ ਰਹੀਆਂ ਹਨ। ਹਲਕੇ ਵਿੱਚ ਚਹੰੁਕੋਣਾ ਮੁਕਾਬਲਾ ਹੈ ਪਰ ਖਾਸ ਗੱਲ ਇਹ ਹੈ ਕਿ ਇਨ੍ਹਾਂ ਚਾਰਾਂ ਉਮੀਦਵਾਰਾਂ ਵਿੱਚੋਂ ਤਿੰਨ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਕਾਂਗਰਸ ਵਿੱਚੋਂ ਹੀ ਨਿਕਲੇ ਹਨ ਜਿਸ ਦਾ ਸਿੱਧਾ ਅਸਰ ਕਾਂਗਰਸੀ ਵੋਟ ਬੈਂਕ ’ਤੇ ਪੈ ਸਕਦਾ ਹੈ। ਭਾਜਪਾ ਉਮੀਦਵਾਰ ਬਿੱਟੂ, ‘ਆਪ’ ਉਮੀਦਵਾਰ ਪੱਪੀ ਕਾਂਗਰਸ ਵਿੱਚੋਂ ਨਿਕਲੇ ਹਨ ਜਿਸ ਨਾਲ ਕਾਂਗਰਸ ਦੀਆਂ ਵੋਟਾਂ ਵੰਡੀਆਂ ਜਾਣਗੀਆਂ ਜਿਸ ਨਾਲ ਰਾਜਾ ਵੜਿੰਗ ਨੂੰ ਨੁਕਸਾਨ ਹੋ ਸਕਦਾ ਹੈ।
ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਆਪਣਾ ਸਿਆਸੀ ਸਫ਼ਰ ਕਾਂਗਰਸ ਤੋਂ ਹੀ ਸ਼ੁਰੂ ਕੀਤਾ। ਉਹ ਤਿੰਨ ਵਾਰ ਕਾਂਗਰਸ ਦੇ ਹੱਥ ਪੰਜੇ ਦੇ ਨਿਸ਼ਾਨ ’ਤੇ ਹੀ ਜਿੱਤ ਕੇ ਸੰਸਦ ਮੈਂਬਰ ਬਣੇ। ਇਹੀ ਹਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦਾ ਹੈ, ਉਹ ਵੀ ਟਕਸਾਲੀ ਕਾਂਗਰਸੀ ਗਿਣੇ ਜਾਂਦੇ ਸਨ। ਜਿਵੇਂ ਬਿੱਟੂ ਦੇ ਦਾਦਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਸ਼ਹਾਦਤ ਅਤਿਵਾਦੀਆਂ ਦੇ ਹਮਲੇ ਕਾਰਨ ਹੋਈ ਸੀ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਭਰਾ ਸਤਪਾਲ ਪਰਾਸ਼ਰ ਵੀ ਸ਼ਹੀਦ ਹੋਏ ਸਨ। ਦੋਵਾਂ ਦੀ ਸ਼ਹਾਦਤ ਦੇ ਸਮਾਗਮ ਕਾਂਗਰਸ ਮਨਾਉਂਦੀ ਹੈ। ਹੁਣ ਇਹ ਦੋਵੇਂ ਉਮੀਦਵਾਰ ਕਾਂਗਰਸ ਨੂੰ ਛੱਡ ਵੱਖੋ ਵੱਖਰੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਦੋਵੇਂ ਉਮੀਦਵਾਰਾਂ ਨੇ ਆਪਣੀ ਆਪ ਪਾਰਟੀ ਦੇ ਨਾਲ ਹੁਣ ਕਾਂਗਰਸ ਦੀ ਵੋਟ ਬੈਂਕ ਵਿੱਚ ਸੇਂਧ ਲਾਉਣੀ ਸ਼ੁਰੂ ਕਰ ਦਿੱਤੀ ਹੈ।
ਹੁਣ ਇਹ ਦੋਵੇਂ ਨੇਤਾ ਕਾਂਗਰਸ ਦੇ ਸੂਬਾ ਪ੍ਰਧਾਨ ਨੂੰ ਚੁਣੌਤੀ ਦੇ ਰਹੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੇਤਾਵਾਂ ਦੇ ਕਈ ਸਮਰਥਕ ਲੰਮੇ ਸਮੇਂ ਤੱਕ ਕਾਂਗਰਸ ’ਚ ਰਹੇ ਹਨ ਅਤੇ ਉਨ੍ਹਾਂ ਆਪਣੇ ਆਗੂਆਂ ਨਾਲ ਪਾਲਾ ਬਦਲ ਲਿਆ। ਚੋਣਾਂ ’ਚ ਕਾਂਗਰਸ ਦੀ ਵੋਟ ਵੰਡੇ ਜਾਣ ਦਾ ਖਦਸ਼ਾ ਹੈ, ਕਿਉਂਕਿ ਤਿੰਨੇ ਆਗੂ ਆਪਣੇ ਆਪਣੇ ਸਮਰਥਕਾਂ ਨਾਲ ਪੂਰੇ ਜ਼ੋਰ ਨਾਲ ਵੋਟਰਾਂ ਤੱਕ ਪਹੁੰਚ ਬਣਾ ਰਹੇ ਹਨ। ਭਾਜਪਾ ਵਰਕਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਜੇਕਰ ਕਾਂਗਰਸ ਦੇ ਵੋਟਰਾਂ ਨੂੰ ਆਪਣੇ ਵੱਲ ਕਰਨ ’ਚ ਕਾਮਯਾਬ ਰਹੇ ਤਾਂ ਉਨ੍ਹਾਂ ਲਈ ਨਤੀਜਾ ਚੰਗਾ ਹੋਵੇਗਾ, ਕਿਉਂਕਿ ਭਾਜਪਾ ਦਾ ਕਾਡਰ ਦਾ ਵੋਟ ਬੈਂਕ ਤਾਂ ਉਨ੍ਹਾਂ ਨੂੰ ਮਿਲਣਾ ਹੀ ਹੈ। ਇਹੀ ਗੱਲ ਅਸ਼ੋਕ ਪਰਾਸ਼ਰ ਪੱਪੀ ਦੇ ਸਮਰਥਕ ਆਖ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ’ਚ ਉਨ੍ਹਾਂ ਨਾਲ ਕਾਂਗਰਸੀ ਸੰਪਰਕ ’ਚ ਹਨ ਤੇ ਉਸ ਨਾਲ ਵੋਟਾਂ ’ਚ ਕਾਂਗਰਸ ਦਾ ਆਧਾਰ ਖਿਸਕੇਗਾ। ਹਾਲਾਂਕਿ, ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਦੋਵੇਂ ਉਮੀਦਵਾਰ ਆਪਣੀ ਰਣਨੀਤੀ ’ਚ ਕਾਮਯਾਬ ਹੁੰਦੇ ਹਨ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨੁਕਸਾਨ ਹੋਵੇਗਾ। ਪਿਛਲੇ ਕੁਝ ਦਿਨਾਂ ਤੋਂ ਕੁਝ ਵੱਡੇ ਕਾਂਗਰਸੀ ਆਗੂ ਹੋਰਾਂ ਪਾਰਟੀਆਂ ’ਚ ਸ਼ਾਮਲ ਹੋਏ ਜਿਨ੍ਹਾਂ ’ਚ ਕੌਂਸਲਰਾਂ ਤੋਂ ਇਲਾਵਾ ਸੂਬਾ ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰੀਆ ਭਾਜਪਾ, ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਮਨੀਸ਼ਾ ਕਪੂਰ ਨੇ ਮੁੱਖ ਮੰਤਰੀ ਦੀ ਅਗਵਾਈ ’ਚ ਆਪ ’ਚ ਸ਼ਮੂਲੀਅਤ ਕਰ ਲਈ। ਕੌਂਸਲਰਾਂ ਤੇ ਇਨ੍ਹਾਂ ਨੇਤਾਵਾਂ ਦਾ ਆਪਣੇ ਸਮਰਥਕਾਂ ’ਚ ਵਧੀਆ ਆਧਾਰ ਹੈ ਤੇ ਉਹ ਕੁਝ ਫੀਸਦੀ ਵੋਟਾਂ ਦਾ ਆਪਣੇ ਨਾਲ ਲੈ ਕੇ ਹੀ ਗਏ ਹਨ।

Advertisement

ਬੈਸ ਭਰਾਵਾਂ ਦਾ ਮਿਲੇਗਾ ਕਾਂਗਰਸ ਨੂੰ ਫਾਇਦਾ਼

ਅਗਰ ਵੋਟ ਬੈਂਕ ਵੰਡੇ ਜਾਣ ਦੀ ਗੱਲ ਕਰੀਏ ਤਾਂ ਰਾਜਾ ਵੜਿੰਗ ਨੂੰ ਬੈਂਸ ਭਰਾਵਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਕਾਫ਼ੀ ਫਾਇਦਾ ਮਿਲੇਗਾ। ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਹਲਕਾ ਆਤਮ ਨਗਰ ਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਹਲਕਾ ਦੱਖਣੀ ਵਿੱਚ ਚੰਗੀ ਪੈਠ ਰੱਖਦੇ ਹਨ ਜਿਸ ਕਰਕੇ ਇਨ੍ਹਾਂ ਦੋਵੇਂ ਹਲਕਿਆਂ ਵਿੱਚ ਰਾਜਾ ਵੜਿੰਗ ਨੂੰ ਫਾਇਦਾ ਮਿਲੇਗਾ। ਇਸ ਦੇ ਨਾਲ ਹੀ ਬੈਂਸ ਭਰਾਵਾਂ ਦੀ ਹਲਕਾ ਉਤਰੀ, ਹਲਕਾ ਕੇਂਦਰੀ ਵਿੱਚ ਚੰਗੀ ਪਕੜ ਵੀ ਹੈ।

ਇੱਕੋ ਹੀ ਪਾਰਟੀ ਨਾਲ ਜੁੜੇ ਰਹੇ ਹਨ ਰਣਜੀਤ ਸਿੰਘ ਢਿੱਲੋਂ

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੀ ਖਾਸੀਅਤ ਇਹ ਹੈ ਕਿ ਉਹ ਸ਼ੁਰੂ ਤੋਂ ਹੀ ਅਕਾਲੀ ਦਲ ਨਾਲ ਜੁੜੇ ਹੋਏ ਹਨ। ਦੋ ਵਾਰ ਕੌਂਸਲਰ ਤੋਂ ਲੈ ਕੇ ਵਿਧਾਇਕ ਤਕ ਦਾ ਸਫਰ ਤੈਅ ਕਰ ਚੁੱਕੇ ਹਨ। ਇਸ ਦੇ ਨਾਲ ਹੀ ਰਣਜੀਤ ਸਿੰਘ ਢਿੱਲੋਂ ਕਈ ਸਾਲ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਕਰ ਕੇ ਉਹ ਲੁਧਿਆਣਾ ਵਾਸੀਆਂ ਨਾਲ ਸ਼ੁਰੂ ਤੋਂ ਹੀ ਸਿੱਧੇ ਸੰਪਰਕ ਵਿਚ ਹਨ ਤੇ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਹੇ ਹਨ। ਜਿਸ ਕਾਰਨ ਇਸ ਹਲਕੇ ਵਿਚ ਦਿਲਚਸਪ ਸਮੀਕਰਨ ਬਣੇ ਹੋਏ ਹਨ।

Advertisement
Author Image

joginder kumar

View all posts

Advertisement
Advertisement
×