ਮੀਂਹ ਮਗਰੋਂ ਲੁਧਿਆਣਾ ਦੀਆਂ ਸੜਕਾਂ ਦਾ ਹਾਲ ਮਾੜਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਸਤੰਬਰ
ਪਿਛਲੇ ਕਈ ਦਿਨਾਂ ਤੋਂ ਰੋਜ਼ ਪੈ ਰਹੇ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਹੋ ਗਿਆ ਹੈ। ਮੀਂਹ ਕਾਰਨ ਜਿੱਥੇ ਸੜਕਾਂ ’ਤੇ ਥਾਂ-ਥਾਂ ਟੋਏ ਪੈ ਗਏ ਹਨ, ਉੱਥੇ ਜ਼ਿਆਦਾਤਰ ਇਲਾਕਿਆਂ ਦੀਆਂ ਸੜਕਾਂ ਤੋਂ ਬੱਜਰੀ ਤੇ ਲੁੱਕ ਵੀ ਗਾਇਬ ਹੋ ਗਈ ਹੈ ਜਿਸ ਕਰਕੇ ਕਈ ਥਾਵਾਂ ’ਤੇ ਲੋਕਾਂ ਨੂੰ ਪੈਦਲ ਚੱਲਣਾ ਵੀ ਮੁਸ਼ਕਲ ਹੋ ਰਿਹਾ ਹੈ। ਮੀਂਹ ਤੋਂ ਬਾਅਦ ਹੁਣ ਨਗਰ ਨਿਗਮ ਦੇ ਅਫ਼ਸਰਾਂ ਦੀ ਪ੍ਰੇਸ਼ਾਨੀ ਵਧਣ ਵਾਲੀ ਹੈ ਕਿਉਂਕਿ ਨਗਰ ਨਿਗਮ ਦਾ ਖਜ਼ਾਨਾ ਪਹਿਲਾਂ ਹੀ ਖਾਲੀ ਹੈ, ਪਰ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ’ਤੇ ਪਏ ਟੋਏ ਭਰਨ ਲਈ ਨਗਰ ਨਿਗਮ ਨੂੰ ਕਾਫ਼ੀ ਪੈਸੇ ਖ਼ਰਚਣੇ ਪੈਣਗੇ। ਜਾਣਕਾਰੀ ਮੁਤਾਬਕ ਸਨਅਤੀ ਸ਼ਹਿਰ ਵਿੱਚ ਤਕਰੀਬਨ ਇੱਕ ਹਫ਼ਤੇ ਤੋਂ ਰੋਜ਼ਾਨਾ ਮੀਂਹ ਪੈ ਰਿਹਾ ਹੈ ਜਿਸ ਕਰਕੇ ਸ਼ਹਿਰ ਦੀਆਂ ਸੜਕਾਂ ’ਤੇ ਰੋਜ਼ ਪਾਣੀ ਖੜ੍ਹ ਜਾਂਦਾ ਹੈ। ਪਾਣੀ ਕਾਰਨ ਸੜਕਾਂ ਦਾ ਹਾਲ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ। ਸੜਕਾਂ ’ਤੇ ਟੋਏ ਪੈ ਗਏ ਹਨ। ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਦਾ ਹੀ ਇਹੀ ਹਾਲ ਹੈ, ਪਰ ਸਭ ਤੋਂ ਵੱਧ ਮਾੜਾ ਹਾਲ ਘੰਟਾ ਘਰ ਚੌਕ ਨੇੜੇ, ਮਾਤਾ ਰਾਣੀ ਚੌਕ, ਰੇਲਵੇ ਸਟੇਸ਼ਨ ਰੋਡ, ਬੱਸ ਸਟੈਂਡ ਦੇ ਨਾਲ ਵਾਲੀ ਸੜਕ, ਹੈਬੋਵਾਲ, ਬਾਲ ਸਿੰਘ ਨਗਰ, ਜਨਤਾ ਨਗਰ, ਗਿੱਲ ਰੋਡ, ਸ਼ੇਰਪੁਰ, ਢੰਡਾਰੀ ਕਲਾਂ, ਗਿਆਸਪੁਰਾ, ਰਾਹੋਂ ਰੋਡ, ਮਿਹਰਬਾਨ, ਚੰਡੀਗੜ੍ਹ ਰੋਡ ਦੇ ਕੁੱਝ ਇਲਾਕਿਆਂ, ਸ਼ਕਤੀ ਨਗਰ, ਸੁਭਾਸ਼ ਨਗਰ, ਸੁੰਦਰ ਨਗਰ ਵਰਗੇ ਇਲਾਕਿਆਂ ਦਾ ਹੈ। ਨਗਰ ਨਿਗਮ ਨੇ ਮੀਂਹ ਤੋਂ ਪਹਿਲਾਂ ਜਿਹੜਾ ਪੈਚਵਰਕ ਕੀਤਾ ਸੀ, ਉਹ ਪਾਣੀ ਦੇ ਨਾਲ ਰੁੜ੍ਹ ਗਿਆ ਹੈ। ਸ਼ਹਿਰ ਦੀਆਂ ਕੁੱਝ ਸੜਕਾਂ ਦਾ ਹਾਲ ਕਾਫ਼ੀ ਮਾੜਾ ਹੋਣ ਕਰਕੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਲੱਖਾਂ ਰੁਪਏ ਨਾਲ ਪੈਚਵਰਕ ਕਰਵਾਇਆ ਸੀ ਪਰ ਉਹ ਵੀ ਹੁਣ ਖ਼ਰਾਬ ਹੋ ਗਿਆ ਹੈ।