ਦਿਲਜੀਤ ਦੋਸਾਂਝ ਦੇ ਗੀਤਾਂ ਦੇ ਮੁਰੀਦ ਹੋਏ ਲੁਧਿਆਣਾ ਵਾਸੀ
ਗਗਨਦੀਪ ਅਰੋੜਾ
ਲੁਧਿਆਣਾ, 31 ਦਸੰਬਰ
ਵਿਸ਼ਵ ਪੱਧਰ ’ਤੇ ਪਛਾਣ ਬਣਾ ਚੁੱਕੇ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦਾ ਪੰਜਾਬ ਵਿੱਚ ਪਹਿਲਾ ਤੇ ਇਸ ਸਾਲ ਦਾ ਅੰਤਿਮ ਸ਼ੋਅ ਲੁਧਿਆਣਾ ਵਿੱਚ ਹੋਇਆ ਜਿਸ ਨੂੰ ਦੇਖਣ ਲਈ ਪ੍ਰਸੰਸਕ ਹੁੰਮ ਹੁੰਮਾ ਕੇ ਪੁੱਜੇ। ਇਸ ਮੌਕੇ ਦਿਲਜੀਤ ਨੇ ਆਪਣੇ ਹਿੱਟ ਗੀਤਾਂ ਨਾਲ ਪ੍ਰਸੰਸਕਾਂ ਨੂੰ ਨੱਚਣ ਲਾਇਆ। ਇਸ ਦੌਰਾਨ ਦਿਲਜੀਤ ਨੇ ਪ੍ਰਸੰਸਕਾਂ ਦੀ ਡਿਮਾਂਡ ’ਤੇ ਵੀ ਗੀਤ ਗਾਏ। ਜਾਣਕਾਰੀ ਅਨੁਸਾਰ ਅੱਜ ਸ਼ਾਮ ਚਾਰ ਵਜੇ ਤੋਂ ਬਾਅਦ ਹੀ ਦਿਲਜੀਤ ਦੇ ਸ਼ੋਅ ਵਿੱਚ ਐਂਟਰੀ ਲੈਣ ਦੇ ਲਈ ਲੋਕ ਵੱਡੀ ਗਿਣਤੀ ਵਿੱਚ ਪੁੱਜੇ। ਸ਼ੋਅ ਦੌਰਾਨ ਦਿਲਜੀਤ ਨੇ ਫੈਨਜ਼ ਨਾਲ ਹੀ 2024 ਨੂੰ ਅਲਵਿਦਾ ਆਖਿਆ ਤੇ ਨਵੇਂ ਸਾਲ 2025 ਦਾ ਸਵਾਗਤ ਕੀਤਾ। ਇਸ ਦੌਰਾਨ ਦਿਲਜੀਤ ਨੇ ਆਪਣੇ ਕਈ ਹਿੱਟ ਗਾਣਿਆਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਪੁਲੀਸ ਤੇ ਪ੍ਰਸ਼ਾਸਨ ਵੱਲੋਂ ਵੀ ਇੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਦਿਲਜੀਤ ਨੂੰ ਦੇਖਣ ਵਾਲੇ ਤਾਂ ਇਸ ਸ਼ੋਅ ਵਿੱਚ ਪੁੱਜੇ ਹੀ ਪਰ ਸੜਕਾਂ ’ਤੇ ਦਿਲਜੀਤ ਨੂੰ ਬਿਨਾਂ ਟਿਕਟ ਤੋਂ ਦੇਖਣ ਵਾਲੇ ਲੋਕਾਂ ਦੀਆਂ ਵੀ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ। ਇਸ ਦੌਰਾਨ ਲੋਕਾਂ ਨੇ ਆਸਪਾਸ ਦੀਆਂ ਬਿਲਡਿੰਗਾਂ ਤੇ ਫਿਰੋਜ਼ਪੁਰ ਰੋਡ ਦੇ ਫਲਾਈਓਵਰ ’ਤੇ ਖੜ੍ਹ ਕੇ ਦਿਲਜੀਤ ਦੇ ਸ਼ੋਅ ਦਾ ਆਨੰਦ ਮਾਣਿਆ। ਦਿਲਜੀਤ ਦਾ ਦਿਲ-ਲੂਮਿਨਾਟੀ ਟੂਰ ਦਾ ਇਹ ਗਰੈਂਡ ਫਿਨਾਲੇ ਸੀ। ਨਵੇ ਸਾਲ ਦੇ ਸਵਾਗਤ ਲਈ ਵੀ ਦਿਲਜੀਤ ਟੀਮ ਨੇ ਵੀ ਖਾਸੇ ਪ੍ਰਬੰਧ ਕੀਤੇ ਹੋਏ ਹਨ। ਦਿਲਜੀਤ ਮੰਗਲਵਾਰ ਸਵੇਰੇ ਹੀ ਲੁਧਿਆਣਾ ਪੁੱਜੇ, ਉਹ ਪਹਿਲਾਂ ਗੁਰਦੁਆਰਾ ਨਾਨਕਸਰ ਮੱਥਾ ਟੇਕਣ ਪੁੱਜੇ ਤੇ ਫਿਰ ਮੁੱਲਾਂਪੁਰ ਸਥਿਤ ਮਨੁੱਖਤਾ ਦੀ ਸੇਵਾ ਦੇ ਆਸ਼ਰਮ ਵਿੱਚ ਲੋਕਾਂ ਨੂੰ ਮਿਲਣ ਪੁੱਜੇ। ਇਸ ਥਾਂ ’ਤੇ ਉਨ੍ਹਾਂ ਨੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਿਲਵਰ, ਗੋਲਡ ਤੇ ਹੋਰਨਾਂ ਕੈਟਾਗਿਰੀਆਂ ਦੇ ਹਿਸਾਬ ਨਾਲ ਸ਼ੋਅ ਵਿੱਚ ਲੋਕਾਂ ਨੂੰ ਦਾਖਲਾ ਦਿੱਤਾ ਗਿਆ ਪਰ ਲੋਕ ਸ਼ੋਅ ਦੌਰਾਨ ਵੀ ਐਂਟਰੀ ਲੈਣ ਲਈ ਪੀਏਯੂ ਪੁੱਜਦੇ ਰਹੇ।
ਟਰੈਫਿਕ ਜਾਮ ਨੇ ਲੋਕ ਉਲਝਾਏ; ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ
ਦਿਲਜੀਤ ਦੇ ਕੰਸਰਟ ਕਾਰਨ ਸ਼ਹਿਰ ਵਿੱਚ ਟਰੈਫਿਕ ਦਾ ਬੁਰਾ ਹਾਲ ਹੋ ਗਿਆ। ਸ਼ਾਮ ਚਾਰ ਵਜੇ ਤੋਂ ਹੀ ਫਿਰੋਜ਼ਪੁਰ ਰੋਡ, ਭਾਈ ਵਾਲਾ ਚੌਕ, ਸਿੱਧਵਾਂ ਨਹਿਰ ਨੇੜੇ ਵੇਰਕਾ ਮਿਲਕ ਪਲਾਂਟ, ਪੱਖੋਵਾਲ ਰੋਡ ਨੇੜੇ ਟਰੈਫਿਕ ਜਾਮ ਹੋ ਗਿਆ ਤੇ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਫਿਰੋਜ਼ਪੁਰ ਰੋਡ ’ਤੇ ਪੀਏਯੂ ਦੇ ਫੁਟਬਾਲ ਗਰਾਉਂਡ ਵਿੱਚ ਦਿਲਜੀਤ ਦੌਸਾਂਝ ਦਾ ਸ਼ੋਅ ਕੀਤਾ ਗਿਆ ਜਿਥੇ 50 ਹਜ਼ਾਰ ਦੇ ਕਰੀਬ ਲੋਕਾਂ ਦੇ ਪੁੱਜਣ ਦਾ ਇੰਤਜ਼ਾਮ ਕੀਤਾ ਗਿਆ ਪਰ ਦੇਰ ਸ਼ਾਮ ਹੀ ਦਿਲਜੀਤ ਦੇ ਫੈਨ ਪੀਏਯੂ ਦੇ ਬਾਹਰ ਪੁੱਜ ਗਏ। ਇਸ ਮੌਕੇ ਪ੍ਰਬੰਧਕਾਂ ਨੇ ਸਮਾਗਮ ਲਈ ਐਂਟਰੀ ਸੱਤ ਵਜੇ ਖੋਲ੍ਹਣੀ ਸੀ ਪਰ ਉਨ੍ਹਾਂ ਨੂੰ ਮਜਬੂਰੀ ਵਿੱਚ ਪੰਜ ਵਜੇ ਹੀ ਖੋਲ੍ਹਣੀ ਪਈ। ਇਸ ਦੇ ਬਾਵਜੂਦ ਸ਼ਹਿਰ ਵਿੱਚ ਟਰੈਫਿਕ ਜਾਮ ਹੋ ਗਿਆ। ਦਿਲਜੀਤ ਦੇ ਸ਼ੋਅ ਕਰਕੇ ਫਿਰੋਜ਼ਪੁਰ ਰੋਡ, ਸਰਾਭਾ ਨਗਰ, ਮਲਹਾਰ ਰੋਡ, ਸਿੱਧਵਾਂ ਨਹਿਰ ਨੇੜੇ, ਪੱਖੋਵਾਲ ਰੋਡ, ਭਾਈਵਾਲਾ ਚੌਕ ਵਰਗੇ ਇਲਾਕਿਆਂ ਵਿੱਚ ਸ਼ਾਮ ਨੂੰ ਹੀ ਟਰੈਫਿਕ ਜਾਮ ਲੱਗ ਗਿਆ।
ਪਾਰਕਿੰਗ ਥਾਵਾਂ ਦੂਰ ਹੋਣ ਕਾਰਨ ਲੋਕਾਂ ਨੇ ਰਸਤੇ ’ਚ ਵਾਹਨ ਖੜ੍ਹਾਏ
ਪੁਲੀਸ ਨੇ ਦਿਲਜੀਤ ਦੇ ਸ਼ੋਅ ਵਿੱਚ ਆਉਣ ਵਾਲੇ ਲੋਕਾਂ ਲਈ ਪਾਰਕਿੰਗ ਦੇ ਢੁੱਕਵੇਂ ਇੰਤਜ਼ਾਮ ਕੀਤੇ ਹੋਏ ਸਨ, ਪਰ ਇਸ ਦੇ ਬਾਵਜੂਦ ਲੋਕ ਪੀਏਯੂ ਦੇ ਗੇਟਾਂ ਦੇ ਬਾਹਰ ਹੀ ਵਾਹਨ ਸੜਕਾਂ ’ਤੇ ਲਗਾ ਕੇ ਚਲੇ ਗਏ ਜਿਸ ਕਰਕੇ ਹੋਰਨਾਂ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਇਸ ਸ਼ੋਅ ਦੀ ਸੁਰੱਖਿਆ ਲਈ 3000 ਤੋਂ ਵੱਧ ਪੁਲੀਸ ਮੁਲਾਜ਼ਮਾਂ ਦਾ ਤਾਇਨਾਤੀ ਕੀਤੀ ਗਈ ਸੀ। ਇਸ ਦੇ ਬਾਵਜੂਦ ਪੁਲੀਸ ਵਾਲੇ ਵਧਦੀ ਭੀੜ ਨੂੰ ਕਾਬੂ ਨਾ ਕਰ ਸਕੇ। ਦਿਲਜੀਤ ਦੇ ਸ਼ੋਅ ਵਿੱਚ ਪੁੱਜਣ ਵਾਲੇ ਲੋਕਾਂ ਲਈ ਪੁਲੀਸ ਨੇ 20 ਥਾਵਾਂ ’ਤੇ ਅਸਥਾਈ ਪਾਰਕਿੰਗ ਥਾਵਾਂ ਦੇ ਪ੍ਰਬੰਧ ਕੀਤੇ ਸਨ ਜਿਥੇ 14 ਹਜ਼ਾਰ ਦੇ ਕਰੀਬ ਗੱਡੀਆਂ ਖੜ੍ਹੀਆਂ ਕੀਤੀਆਂ ਜਾਣੀਆਂ ਸਨ।