ਲੁਧਿਆਣਾ: ਨਹਿਰੀ ਪਾਣੀ ਦੀ ਯੋਜਨਾ ਲਈ 1400 ਕਰੋੜ ਦਾ ਟੈਂਡਰ ਜਾਰੀ
ਗਗਨਦੀਪ ਅਰੋੜਾ
ਲੁਧਿਆਣਾ, 23 ਜੁਲਾਈ
ਸਨਅਤੀ ਸ਼ਹਿਰ ਨੂੰ 24 ਘੰਟੇ ਪਾਣੀ ਮੁਹੱਈਆ ਕਰਵਾਉਣ ਲਈ ਬਣੀ ਨਹਿਰੀ ਪਾਣੀ ਯੋਜਨਾ ਨੂੰ ਜਲਦੀ ਬੂਰ ਪੈਣ ਦੀ ਆਸ ਹੈ। ਸਥਾਨਕ ਸਰਕਾਰਾਂ ਵਿਭਾਗ ਨੇ ਲੁਧਿਆਣਾ ’ਚ ਨਹਿਰੀ ਪਾਣੀ ਯੋਜਨਾ ’ਤੇ ਕੰਮ ਸ਼ੁਰੂ ਕਰਨ ਲਈ ਵਰਕ ਆਰਡਰ ਜਾਰੀ ਕਰ ਦਿੱਤਾ ਹੈ। ਇਸ ਯੋਜਨਾ ਦਾ ਕੰਮ ਕਰਨ ਵਾਲੀ ਕੰਪਨੀ ਤੋਂ ਬੈਂਕ ਗਾਰੰਟੀ ਮੰਗੀ ਗਈ ਹੈ, ਜਦੋਂਕਿ ਯੋਜਨਾ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਦੇ ਸਾਰੇ ਕੰਮ ਸ਼ੁਰੂ ਹੋ ਗਏ ਹਨ। ਇਸ ਯੋਜਨਾ ਤਹਿਤ 3400 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ ਜਿਸ ਤੋਂ ਬਾਅਦ ਨਹਿਰੀ ਪਾਣੀ ਲੋਕਾਂ ਦੇ ਘਰਾਂ ਤੱਕ ਪੁੱਜੇਗਾ ਜਿਸਦੇ ਪਹਿਲੇ ਫੇਜ਼ ਲਈ 1400 ਕਰੋੜ ਦੇ ਟੈਂਡਰ ਜਾਰੀ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਨਗਰ ਨਿਗਮ ਵੱਲੋਂ ਲੁਧਿਆਣਾ ਸ਼ਹਿਰ ’ਚ 1200 ਟਿਊਬਵੈੱਲਾਂ ਰਾਹੀਂ ਸ਼ਹਿਰ ਵਾਸੀਆਂ ਨੂੰ ਪਾਣੀ ਦਿੱਤਾ ਜਾਂਦਾ ਹੈ। ਸ਼ਹਿਰ ਦੀ ਆਬਾਦੀ ਲਗਾਤਾਰ ਵਧ ਰਹੀ ਹੈ ਤੇ ਹਰ ਸਾਲ ਪਾਣੀ ਦੀ ਮੰਗ ’ਚ ਵਾਧਾ ਹੁੰਦਾ ਜਾ ਰਿਹਾ ਹੈ, ਜਦੋਂਕਿ 30 ਤੋਂ 40 ਟਿਊਬਵੈੱਲ ਗਰਾਊਂਡ ਵਾਟਰ ਲੈਵਲ ਘੱਟ ਹੋਣ ਕਾਰਨ ਘੱਟ ਪਾਣੀ ਦੇ ਪਾ ਰਹੇ ਸਨ। ਅਜਿਹੇ ’ਚ 2012-2013 ’ਚ ਨਹਿਰੀ ਪਾਣੀ ਯੋਜਨਾ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਸੀ ਜੋ 8 ਸਾਲ ਤੱਕ ਫਾਈਲਾਂ ’ਚ ਰੁਲਦਾ ਰਿਹਾ।
ਸਾਲ 2021 ’ਚ ਵਿਸ਼ਵ ਬੈਂਕ ਨੇ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਸੀ। ਯੋਜਨਾ ’ਚ 2 ਫੇਜ਼ ’ਚ 3400 ਕਰੋੜ ਦਾ ਬਜਟ ਖਰਚ ਹੋਣ ਦਾ ਅੰਦਾਜ਼ਾ ਹੈ। ਯੋਜਨਾ ਦੇ ਪਹਿਲੇ ਫੇਜ਼ ਦੇ ਕੰਮਾਂ ਲਈ ਕਰੀਬ 1400 ਕਰੋੜ ਰੁਪਏ ਦੇ ਟੈਂਡਰ ਦੀ ਕਾਰਵਾਈ ਪੂਰੀ ਕੀਤੀ ਗਈ ਸੀ। ਲੋਕਲ ਬਾਡੀਜ਼ ਵਿਭਾਗ ਪੰਜਾਬ ਸਰਕਾਰ ਤੇ ਵਿਸ਼ਵ ਬੈਂਕ ਨੂੰ ਵਰਕ ਆਰਡਰ ਜਾਰੀ ਕਰਨ ਲਈ ਫਾਈਲ ਭੇਜੀ ਗਈ ਸੀ। ਯੋਜਨਾ ਨੂੰ ਲੈ ਕੇ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਹੈ। ਜੇਕਰ ਅਧਿਕਾਰੀਆਂ ਦੀ ਮੰਨੀਏ ਤਾਂ ਇਸ ਯੋਜਨਾ ਨੂੰ ਲੈ ਕੇ ਪਹਿਲਾਂ ਨਕਸ਼ਾ ਤਿਆਰ ਗਿਆ ਸੀ, ਜਿਸ ਨੂੰ ਹੁਣ ਦੁਬਾਰਾ ਤਿਆਰ ਕੀਤਾ ਜਾਵੇਗਾ। ਇਸ ਵਿੱਚ ਜੋ ਬਦਲਾਅ ਕਰਨੇ ਹੋਣਗੇ, ਉਨ੍ਹਾ ਥਾਂ ਅਤੇ ਲੋੜ ਦੇ ਹਿਸਾਬ ਨਾਲ ਹੁਣ ਬਦਲਾਅ ਕੀਤਾ ਜਾਵੇਗਾ ਜਦਕਿ ਦੋ ਮਹੀਨੇ ’ਚ ਕੰਮ ਸ਼ੁਰੂ ਹੋ ਜਾਵੇਗਾ।
ਬਿਜਲੀ ਦੀ ਹੋਵੇਗੀ ਬੱਚਤ, ਪਾਣੀ ਦੀ ਟੈਂਕੀ ਦੀ ਲੋੜ ਨਹੀਂ
ਯੋਜਨਾ ਤਹਿਤ ਪਾਣੀ ਦੀ ਖਪਤ ਘੱਟ ਕਰਨ ਦਾ ਟੀਚਾ ਰੱਖਿਆ ਗਿਆ ਹੈ। ਪਾਣੀ ਦੀ ਬਰਬਾਦੀ ਰੋਕਣ ਤੇ ਆਉਣ ਵਾਲੀ ਪੀੜ੍ਹੀ ਨੂੰ ਪਾਣੀ ਦੇ ਸੰਕਟ ਤੋਂ ਬਚਾਉਣ ਲਈ ਇਹ ਯੋਜਨਾ ਤਿਆਰ ਕੀਤੀ ਗਈ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਸ਼ਹਿਰੀ ਖੇਤਰ ’ਚ ਪ੍ਰਤੀ ਵਿਅਕਤੀ ਪਾਣੀ ਦੀ ਖਪਤ 135 ਲਿਟਰ ਤੇ ਪਿੰਡਾਂ ’ਚ 70 ਲਿਟਰ ਹੁੰਦੀ ਹੈ। ਯੋਜਨਾ ਤਹਿਤ ਸ਼ਹਿਰੀ ਖੇਤਰਾਂ ’ਚ ਪ੍ਰਤੀ ਵਿਅਕਤੀ ਪਾਣੀ ਦੀ ਖਪਤ ਨੂੰ 120 ਲਿਟਰ ਤੱਕ ਕਰਨ ਦਾ ਟੀਚਾ ਹੈ। ਅਧਿਕਾਰੀਆਂ ਅਨੁਸਾਰ ਨਹਿਰੀ ਪਾਣੀ ਦੀ ਯੋਜਨਾ ਨਾਲ ਘਰਾਂ ’ਚ ਪਾਣੀ ਦੀ ਟੈਂਕੀ ਰੱਖਣ ਦੀ ਲੋੜ ਨਹੀਂ ਪਵੇਗੀ ਤੇ ਨਾ ਹੀ ਮੋਟਰ ਚਲਾ ਕੇ ਪਾਣੀ ਭਰਨ ਦੀ ਲੋੜ ਪਵੇਗੀ। ਇਸ ਨਾਲ ਬਿਜਲੀ ਦੀ ਖਪਤ ਵੀ ਘਟੇਗੀ ਅਤੇ ਪਾਣੀ ਦੀ ਬੱਚਤ ਵੀ ਹੋਵੇਗੀ। ਲੋਕਾਂ ਦਾ ਟੈਂਕੀ ਲਵਾਉਣ ’ਤੇ ਆਉਣ ਵਾਲਾ ਖਰਚਾ ਵੀ ਬਚੇਗਾ। ਅਕਸਰ ਪਾਣੀ ਦੀ ਗੁਣਵੱਤਾ ਖਰਾਬ ਹੋਣ ਦੀ ਸ਼ਿਕਾਇਤ ਰਹਿੰਦੀ ਹੈ, ਜੋ ਨਹੀਂ ਹੋਵੇਗੀ। ਪਾਈਪਲਾਈਨ ’ਚ ਪ੍ਰੈਸ਼ਰ ਦੇ ਨਾਲ 24 ਘੰਟੇ ਪਾਣੀ ਰਹੇਗਾ ਤੇ ਸਾਫ਼ ਪਾਣੀ ਮਿਲੇਗਾ।
ਦੋ ਪੜਾਵਾਂ ’ਚ ਕੰਮ ਪੂਰੇ ਹੋਣ ਨੂੰ ਲੱਗ ਸਕਦੇ ਹਨ ਛੇ ਸਾਲ
ਨਹਿਰੀ ਪਾਣੀ ਯੋਜਨਾ ਤਹਿਤ ਸਿੱਧਵਾਂ ਨਹਿਰ ਦਾ ਪਾਣੀ ਵਰਤਿਆ ਜਾਵੇਗਾ। ਪਿੰਡ ਬਗਲਾ ’ਚ 40 ਏਕੜ ’ਚ ਵਾਟਰ ਟ੍ਰੀਟਮੈਂਟ ਪਲਾਂਟ ਦੀ ਉਸਾਰੀ ਹੋਵੇਗੀ। ਪਲਾਂਟ ’ਚ 580 ਐੱਮਐੱਲਡੀ ਪਾਣੀ ਰੋਜ਼ ਟ੍ਰੀਟ ਕੀਤਾ ਜਾਵੇਗਾ। ਸ਼ਹਿਰ ’ਚ ਨਵੇਂ ਸਿਰੇ ਤੋਂ ਪਾਣੀ ਲਈ ਪਾਈਪ ਲਾਈਨ ਪਾਈ ਜਾਵੇਗੀ। ਨਾਲ ਹੀ ਪ੍ਰੈਸ਼ਰ ਮੇਨ ਪਾਈਪ ਲਾਈਨ ਪਾਈ ਜਾਵੇਗੀ। ਇਸਦੀ ਮਦਦ ਨਾਲ ਪਾਣੀ ਨਹਿਰ ਤੋਂ ਪਲਾਂਟ ਤੱਕ ਪਹੁੰਚਾਇਆ ਜਾਵੇਗਾ। ਪਹਿਲੇ ਪੇਜ਼ ’ਚ ਓਵਰਹੈੱਡ ਟੈਂਕਾਂ ਦੀ ਜਾਂਚ ਹੋਵੇਗੀ ਤੇ ਇਨ੍ਹਾਂ ਦੀ ਮੁਰੰਮਤ ਹੋਵੇਗੀ। ਕਰੀਬ 6 ਸਾਲ ਦਾ ਸਮਾਂ ਇਸ ਯੋਜਨਾ ਨੂੰ ਪੂਰਾ ਕਰਨ ’ਚ ਲੱਗੇਗਾ।