ਮਹਿਲਾ ਨਿਰਦੇਸ਼ਕਾਂ ਨਾਲ ਕੰਮ ਕਰਨਾ ਪਸੰਦ ਹੈ: ਸ਼ਾਹਰੁਖ ਖ਼ਾਨ
ਮੁੰਬਈ
ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਮਹਿਲਾ ਨਿਰਦੇਸ਼ਕਾਂ ਨਾਲ ਕੰਮ ਕਰਨ ਨੂੰ ਤਰਜੀਹ ਦੇਣ ਦੀ ਗੱਲ ਆਖ ਰਿਹਾ ਹੈ। ਵੀਡੀਓ ਵਿੱਚ ਉਹ ਆਖਦਾ ਹੈ ਕਿ ਪੁਰਸ਼ ਆਪਣੀਆਂ ਭਾਵਨਾਵਾਂ ਨੂੰ ਵੱਖੋ-ਵੱਖਰੇ ਢੰਗ ਨਾਲ ਜ਼ਾਹਰ ਕਰਦੇ ਹਨ, ਜਦੋਂਕਿ ਔਰਤਾਂ ਵਧੇਰੇ ਸੂਖਮ ਹੁੰਦੀਆਂ ਹਨ ਅਤੇ ਸੋਚ ਵਿਚਾਰ ਕੇ ਕੰਮ ਕਰਦੀਆਂ ਹਨ। ਉਸ ਨੂੰ ਜਾਪਦਾ ਹੈ ਕਿ ਮਹਿਲਾਵਾਂ ਦੀ ਸੰਵੇਦਨਸ਼ੀਲਤਾ ਕਾਰਨ ਉਹ ਉਨ੍ਹਾਂ ਨਾਲ ਕੰਮ ਕਰਨਾ ਵਧੇੇਰੇ ਪਸੰਦ ਕਰਦਾ ਹੈ। ਉਸ ਨੇ ਕਿਹਾ ਕਿ ਉਹ ਵੱਡੇ ਡਾਇਰੈਕਟਰਾਂ ਦੀ ਅਹਿਮੀਅਤ ਘੱਟ ਨਹੀਂ ਕਰਨਾ ਚਾਹੁੰਦਾ। ਇਸ ਦੌਰਾਨ ਉਸ ਨੇ ਸੰਜੈ ਲੀਲਾ ਭੰਸਾਲੀ, ਕਰਨ ਜੌਹਰ ਅਤੇ ਮਨੀ ਰਤਨਮ ਵਰਗੇ ਡਾਇਰੈਕਟਰਾਂ ਦਾ ਨਾਮ ਵੀ ਲਿਆ। ਉਸ ਨੇ ਅੱਗੇ ਕਿਹਾ ਕਿ ਔਰਤਾਂ ਫ਼ਿਲਮਾਂ ਨੂੰ ਵਧੀਆ ਬਣਾਉਂਦੀਆਂ ਹਨ। ਸ਼ਾਹਰੁਖ ਨੂੰ ਆਖਰੀ ਵਾਰ ਰਾਜਕੁਮਾਰ ਹਿਰਾਨੀ ਦੀ ਫ਼ਿਲਮ ‘ਡੰਕੀ’ ਵਿੱਚ ਦੇਖਿਆ ਗਿਆ ਸੀ। ਹੁਣ ਉਹ ਆਪਣੀ ਧੀ ਸੁਹਾਨਾ ਖਾਨ ਨਾਲ ਫ਼ਿਲਮ ‘ਕਿੰਗ’ ਵਿੱਚ ਨਜ਼ਰ ਆਵੇਗਾ। ਫ਼ਿਲਮ ਦੀ ਸ਼ੂਟਿੰਗ ਜਨਵਰੀ 2025 ਵਿੱਚ ਸ਼ੁਰੂ ਹੋਣ ਵਾਲੀ ਹੈ। ਫ਼ਿਲਮ ਦੇ ਨਿਰਦੇਸ਼ਕ ਸੁਜੋਏ ਘੋਸ਼ ਹਨ। ਸੁਹਾਨਾ ਆਪਣੇ ਪਿਤਾ ਨਾਲ ਪਹਿਲੀ ਵਾਰ ਵੱਡੇ ਪਰਦੇ ’ਤੇ ਦਿਖਾਈ ਦੇਵੇਗੀ। ਫ਼ਿਲਮ ਦੀ ਕਹਾਣੀ ਸ਼ਾਹਰੁਖ, ਸੁਹਾਨਾ ਤੇ ਅਭਿਸ਼ੇਕ ਬੱਚਨ ਦੇ ਦੁਆਲੇ ਘੁੰਮਦੀ ਹੈ। ਫ਼ਿਲਮ ‘ਕਿੰਗ’ 2026 ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ