ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੇਜ਼ਿਆਂ ਦੀ ਨੋਕ ’ਤੇ ਖਿੜੇ ਮੁਹੱਬਤੀ ਫੁੱਲ

08:15 AM Aug 18, 2024 IST

ਗੁਰਪ੍ਰੀਤ ਸਿੰਘ ਤੂਰ

ਦੋਵੇਂ ਪੰਜਾਬਾਂ ਦੇ ਪੰਜਾਬੀਆਂ ਦੀ ਅਪਣੱਤ ਤੇ ਸ਼ਰੀਕੇਬਾਜ਼ੀ ਸਿਖਰਾਂ ਛੂੰਹਦੀ ਹੈ। ਦੇਸ਼ ਵੰਡ ਸਮੇਂ ਇੱਧਰੋਂ ਗਏ ਲੋਕ 77 ਵਰ੍ਹੇ ਬੀਤ ਜਾਣ ’ਤੇ ਵੀ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਗਏ ਜਥਿਆਂ ਤੋਂ ਉੱਚੀ ਆਵਾਜ਼ਾਂ ਮਾਰ-ਮਾਰ ਪੁੱਛਦੇ ਵੇਖੇ ਗਏ ਹਨ, ‘‘ਹੈ ਕੋਈ ਸਾਡੇ ਪਿੰਡਾਂ ਕੋਲ ਦਾ ਭਾਈ?’’ ਇਸੇ ਅਪਣੱਤ ਵਿੱਚੋਂ ਇੱਧਰੋਂ ਗਏ ਵਿਅਕਤੀਆਂ ਤੋਂ ਲਾਹੌਰ ਸ਼ਹਿਰ ਦੇ ਦੁਕਾਨਦਾਰ ਪੈਸੇ ਲੈਣ ਤੋਂ ਨਾਂਹ ਕਰ ਦਿੰਦੇ ਹਨ। ਉੱਧਰ ਸ਼ਰੀਕੇਬਾਜ਼ੀ ਦਾ ਵਰਤਾਰਾ ਕ੍ਰਿਕਟ ਮੈਚਾਂ ਵਿੱਚ ਸਿਖਰ ’ਤੇ ਅਤੇ ਕਾਫ਼ੀ ਹੱਦ ਤੱਕ ਹਾਕੀ ਮੈਚਾਂ ਵਿੱਚ ਵੀ ਵੇਖਿਆ ਜਾ ਸਕਦਾ ਹੈ। ਸੰਸਾਰ ਪੱਧਰ ’ਤੇ ਹੋ ਰਹੇ ਖੇਡ ਮੁਕਾਬਲਿਆਂ ਵਿੱਚ ਜੇ ਇੱਕ ਟੀਮ ਛੇਤੀ ਬਾਹਰ ਹੋ ਜਾਵੇ ਤਾਂ ਟੂਰਨਾਮੈਂਟ ਦਾ ਰੰਗ ਫਿੱਕਾ ਪੈ ਜਾਂਦਾ ਹੈ। ਮੁਕਾਬਲੇ ਦੇ ਸਿਖਰ ਜਾਂ ਸਿਖਰ ਦੇ ਨੇੜੇ-ਤੇੜੇ ਜੇ ਇਨ੍ਹਾਂ ਦੇਸ਼ਾਂ ਦਾ ਮੁਕਾਬਲਾ ਆਪਸ ਵਿੱਚ ਹੋ ਜਾਵੇ ਤਾਂ ਖੇਡ ਮੇਲੇ ਦਾ ਰੰਗ ਗੂੜ੍ਹਾ ਹੋ ਜਾਂਦਾ ਹੈ। ਸਟੇਡੀਅਮ ਨੱਕੋ-ਨੱਕ ਭਰ ਜਾਂਦੇ ਹਨ, ਢੋਲ ਵੱਜਣ ਲੱਗਦੇ ਹਨ ਤੇ ਭੰਗੜੇ ਪੈਂਦੇ ਹਨ।
ਜਿੱਤ ਜਾਣ ’ਤੇ ਦੋਵੇਂ ਦੇਸ਼ਾਂ ਦੇ ਖੇਡ ਪ੍ਰੇਮੀ ਖ਼ੁਸ਼ੀਆਂ ਮਨਾਉਂਦੇ ਹਨ ਅਤੇ ਹਾਰ ਜਾਣ ’ਤੇ ਦਰਸ਼ਕਾਂ ਨੂੰ ਇਹ ਹਾਰ ਸਹਾਰਨੀ ਔਖੀ ਹੋ ਜਾਂਦੀ ਹੈ। ਹਾਰੀ ਟੀਮ ਦੇ ਖਿਡਾਰੀਆਂ ਦੇ ਘਰਾਂ ’ਤੇ ਭੀੜ ਵੱਲੋਂ ਇੱਟਾਂ ਵੱਟੇ ਮਾਰਨ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਸੰਭਾਵੀ ਰੋਹ ਦੇ ਮੱਦੇਨਜ਼ਰ ਘਰ ਵਾਪਸ ਆਉਂਦੀ ਟੀਮ ਦੀਆਂ ਹਵਾਈ ਉਡਾਣਾਂ ਦਾ ਰੁਖ਼ ਵੀ ਕਈ ਵਾਰ ਮੋੜਨਾ ਪਿਆ ਹੈ ਪਰ ਕੁਦਰਤ ਕਦੇ-ਕਦਾਈਂ ਅਜਿਹੇ ਮਾਹੌਲ ’ਤੇ ਠੰਢੇ ਪਾਣੀ ਦੇ ਛਿੱਟੇ ਮਾਰ ਜਾਂਦੀ ਹੈ। ਅਥਲੈਟਿਕਸ ਖੇਡਾਂ ਨੂੰ ਅਜਿਹਾ ਮਾਣ ਹਾਸਲ ਹੈ।
ਦੇਸ਼ ਵੰਡ ਮਗਰੋਂ ਪਾਕਿਸਤਾਨ ਦੇ ਤੇਜ਼ ਦੌੜਾਕ ਅਬਦੁਲ ਖ਼ਾਲਿਦ ਦਾ ਨਾਮ ਉੱਭਰ ਕੇ ਸਾਹਮਣੇ ਆਇਆ। ਉਸ ਨੇ 1954 ਦੀਆਂ ਏਸ਼ਿਆਈ ਖੇਡਾਂ ਵਿੱਚ ਆਪਣਾ ਨਾਮ ਚਮਕਾਇਆ। 1958 ’ਚ ਜਾਪਾਨ ਦੀ ਰਾਜਧਾਨੀ ਟੋਕੀਓ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਉਹ 100 ਮੀਟਰ ਦੀ ਦੌੜ ਮਿਲਖਾ ਸਿੰਘ ਤੋਂ ਬਹੁਤ ਥੋੜ੍ਹੇ ਫ਼ਰਕ ਨਾਲ ਹਾਰ ਗਿਆ। ਉਸ ਨੇ 400 ਮੀਟਰ ਦੌੜ ਵਿੱਚ ਸੋਨ ਤਗਮਾ ਹਾਸਲ ਕਰਕੇ ਇਸੇ ਟੂਰਨਾਮੈਂਟ ਵਿੱਚ ਹਿਸਾਬ ਬਰਾਬਰ ਕਰ ਲਿਆ ਸੀ, ਪਰ ਮਿਲਖਾ ਸਿੰਘ ਦੀ 100 ਮੀਟਰ ਦੀ ਤੇਜ਼ ਦੌੜ ਨੇ ਇਸ ਖੇਡ ਮੇਲੇ ਵਿੱਚ ਵਿਸ਼ੇਸ਼ ਛਾਪ ਛੱਡੀ। ਇਸੇ ਮਾਹੌਲ ਨੂੰ ਵਿਚਾਰਦਿਆਂ 1960 ਵਿੱਚ ਪਾਕਿਸਤਾਨ ਨੇ ਦੋਵੇਂ ਦੇਸ਼ਾਂ ਦੇ ਅਥਲੈਟਿਕਸ ਮੁਕਾਬਲੇ ਕਰਵਾਉਣ ਦੀ ਪੇਸ਼ਕਸ਼ ਕੀਤੀ। ਮੰਨਿਆ ਜਾਣ ਲੱਗਾ ਕਿ ਅਬਦੁਲ ਖ਼ਾਲਿਦ ਅਤੇ ਮਿਲਖਾ ਸਿੰਘ ਦੋਵਾਂ ਵਿੱਚੋਂ ਜਿਹੜਾ ਇਹ 200 ਮੀਟਰ ਦੀ ਦੌੜ ਜਿੱਤੇਗਾ ਉਹ ਹੀ ਸਰਵੋਤਮ ਅਥਲੀਟ ਹੋਵੇਗਾ। ਖਚਾਖਚ ਭਰੇ ਲਾਹੌਰ ਦੇ ਗਦਾਫ਼ੀ ਸਟੇਡੀਅਮ ਵਿੱਚ ਇਹ ਦੌੜ ਮੁਕਾਬਲਾ ਦਰਸ਼ਕਾਂ ਨੇ ਸਾਹ ਰੋਕ ਕੇ ਵੇਖਿਆ। ਦੌੜ ਸ਼ੁਰੂ ਹੋਣ ਸਮੇਂ ਕਮੈਂਟੇਟਰ ਇੱਕ ਵਾਕ ਹੀ ਬੋਲ ਸਕਿਆ, ‘‘ਮਿਲਖਾ ਸਿੰਘ ਉੱਡਣ ਲੱਗ ਪਏ ਹਨ, ਮਿਲਖਾ ਸਿੰਘ... ਉਹ ਦੌੜ ਜਿੱਤ ਗਏ ਹਨ।’’ ਇਨਾਮ ਦਿੰਦਿਆਂ ਫੀਲਡ ਮਾਰਸ਼ਲ ਅਯੂਬ ਖਾਨ ਨੇ ਮਿਲਖਾ ਸਿੰਘ ਨੂੰ ‘ਉੱਡਣੇ ਸਿੱਖ’ ਦਾ ਖਿਤਾਬ ਦਿੱਤਾ। ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਦੀ ਗੂੰਜ ਵਿੱਚ ਇਸ ਦਾ ਸਵਾਗਤ ਕੀਤਾ। ਖੇਡ ਪ੍ਰਾਪਤੀਆਂ ਲਈ ਮਿਲਖਾ ਸਿੰਘ ਨੂੰ ‘ਪਦਮ ਸ੍ਰੀ’ ਸਨਮਾਨ ਨਾਲ ਨਿਵਾਜ਼ਿਆ ਗਿਆ, ਪਰ ਉਹ ਖੇਡ ਸੰਸਾਰ ਵਿੱਚ ‘ਉੱਡਣੇ ਸਿੱਖ’ ਵਜੋਂ ਜਾਣਿਆ ਜਾਂਦਾ ਹੈ।
* * *
ਵਰ੍ਹਿਆਂ ਬਾਅਦ ਦੌੜਾਂ ਵਾਂਗ ਅਥਲੈਟਿਕਸ ਦੀ ਇੱਕ ਹੋਰ ਵੰਨਗੀ ਜੈਵਲਿਨ ਥਰੋਅ ਨੇ ਇਸ ਮਸ਼ਾਲ ਨੂੰ ਫਿਰ ਜਗਾਇਆ ਹੈ। ਇਹ ਮਾਣ ਵਾਲੀ ਗੱਲ ਹੈ ਕਿ ਸੰਸਾਰ ਪੱਧਰ ’ਤੇ ਜੈਵਲਿਨ ਥਰੋਅ ਮੁਕਾਬਲਿਆਂ ਦੀਆਂ ਸਿਖਰੀਆਂ ਦੋ ਪੁਜ਼ੀਸ਼ਨਾਂ ਮੱਲਣ ਵਾਲੇ ਦੋਵੇਂ ਖਿਡਾਰੀ ਇੱਕੋ ਖਿੱਤੇ ਨਾਲ ਸਬੰਧਿਤ ਹਨ। ਅਰਸ਼ਦ ਨਦੀਮ ਪਾਕਿਸਤਾਨੀ ਪੰਜਾਬ ਸੂਬੇ ਦੇ ਖਾਨੇਵਾਲ ਜ਼ਿਲ੍ਹੇ ਦੇ ਮੀਆਂਚੰਨੂ ਦਾ ਵਸਨੀਕ ਹੈ ਅਤੇ ਨੀਰਜ ਚੋਪੜਾ ਪਾਣੀਪਤ ਨੇੜੇ ਖੰਡਰਾਂ ਪਿੰਡ ਦਾ ਰਹਿਣ ਵਾਲਾ ਹੈ। ਕਦੇ ਇਹ ਦੋਵੇਂ ਖੇਤਰ ਪੁਰਾਣੇ ਮਹਾਂ ਪੰਜਾਬ ਦਾ ਹਿੱਸਾ ਸਨ। ਪੇਸ਼ੇਵਰ ਵਿਰੋਧੀ ਅਤੇ ਹਿੰਦ-ਪਾਕਿ ਵਿਚਲੀ ਲਕੀਰ ਦੇ ਇੱਧਰ-ਉੱਧਰ ਦੇ ਵਸਨੀਕ ਹੋਣ ਦੇ ਬਾਵਜੂਦ ਦੋਵਾਂ ਖਿਡਾਰੀਆਂ ਨੇ ਆਪਸੀ ਪਿਆਰ, ਮਾਣ-ਸਨਮਾਨ ਅਤੇ ਸਵੈ-ਮਾਣ ਦੀ ਮਿਸਾਲ ਪੇਸ਼ ਕੀਤੀ ਹੈ।
ਨੀਰਜ ਚੋਪੜਾ ਅਤੇ ਅਰਸ਼ਦ ਨਦੀਮ ਪਿਛਲੇ ਅੱਠ-ਦਸ ਵਰ੍ਹਿਆਂ ਤੋਂ ਜੈਵਲਿਨ ਥਰੋਅ ਮੁਕਾਬਲਿਆਂ ’ਚ ਹਿੱਸਾ ਲੈਂਦੇ ਆ ਰਹੇ ਹਨ। ਇਸ ਸਮੇਂ ਦੌਰਾਨ ਦੋਹਾਂ ਦਰਮਿਆਨ ਹੋਏ ਮੁਕਾਬਲਿਆਂ ਵਿੱਚ ਜਿੱਤਣ ਵਾਲੇ ਨੇ ਕਦੇ ਵੀ ਖ਼ੁਸ਼ੀ ਦਾ ਉਚੇਚਾ ਪ੍ਰਗਟਾਵਾ ਨਹੀਂ ਕੀਤਾ ਸਗੋਂ ਹਾਰਨ ਵਾਲੇ ਨੂੰ ਹੌਸਲਾ ਤੇ ਮਾਣ ਦਿੱਤਾ। ਦੋਵੇਂ ਇੱਕ ਦੂਜੇ ਦੀਆਂ ਖੇਡ ਸਬੰਧੀ ਮੁਸ਼ਕਲਾਂ ਦੇ ਭਾਈਵਾਲ ਵੀ ਬਣਦੇ ਰਹੇ ਹਨ। 2021 ਦੀਆਂ ਟੋਕੀਓ ਓਲੰਪਿਕ ਖੇਡਾਂ ਵਿੱਚ ਨੀਰਜ ਚੋਪੜਾ ਨੇ ਸੋਨ ਤਗਮਾ ਜਿੱਤਿਆ ਸੀ ਤੇ ਅਰਸ਼ਦ ਨਦੀਮ ਪੰਜਵੇਂ ਸਥਾਨ ’ਤੇ ਰਿਹਾ ਸੀ। ਇਸ ਮੁਕਾਬਲੇ ਦੌਰਾਨ ਦੋਵੇਂ ਦੇਸ਼ਾਂ ਦੇ ਖਿਡਾਰੀ ਇੱਕ ਦੂਜੇ ਨੂੰ ਪਿਆਰ ਤੇ ਸਤਿਕਾਰ ਨਾਲ ਮਿਲਦੇ ਵਿਖਾਈ ਦਿੱਤੇ। ਪੈਰਿਸ ਓਲੰਪਿਕ ਖੇਡਾਂ (2024) ਦੌਰਾਨ ਜਦ ਮੁਕਾਬਲੇ ਸ਼ੁਰੂ ਹੋਏ ਤਾਂ ਦੂਜੀ ਕੋਸ਼ਿਸ਼ ਕਰਦਿਆਂ ਅਰਸ਼ਦ ਨਦੀਮ ਨੇ 92.97 ਮੀਟਰ ਜੈਵਲਿਨ ਸੁੱਟ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ। ਉਦੋਂ ਸਟੇਡੀਅਮ ਵਿੱਚ ਬੈਠੇ ਪਾਕਿਸਤਾਨ ਖੇਡ ਦਲ ਦੇ ਥੋੜ੍ਹੇ ਜਿਹੇ ਵਿਅਕਤੀਆਂ ਵਿੱਚ ਖ਼ੁਸ਼ੀ ਦੀ ਹਲਕੀ ਜਿਹੀ ਲਹਿਰ ਵਿਖਾਈ ਦਿੱਤੀ।
ਨੀਰਜ ਚੋਪੜਾ ਨੇ 89.45 ਮੀਟਰ ਨਾਲ ਚਾਂਦੀ ਦਾ ਤਗਮਾ ਜਿੱਤਿਆ। ਨੀਰਜ ਚੋਪੜਾ ਨੇ ਨਦੀਮ ਨੂੰ ਵਧਾਈ ਦਿੱਤੀ ਤੇ ਦੋਵੇਂ ਖਿਡਾਰੀ ਉਸੇ ਪਿਆਰ ਸਤਿਕਾਰ ਨਾਲ ਆਪਸ ਵਿੱਚ ਮਿਲੇ। ਦੋਵਾਂ ਦੇਸ਼ਾਂ ਦੇ ਖਿਡਾਰੀਆਂ ਨੇ ‘ਦੋਸਤ ਅਤੇ ਭਰਾ’ ਹੋਣ ਦੀ ਅਪਣੱਤ ਨੂੰ ਪੱਕਾ ਕੀਤਾ। ਜਦੋਂ ਵੀ ਮੀਡੀਆ ਨੇ ਉਨ੍ਹਾਂ ਨੂੰ ਮੁਕਾਬਲੇ ਬਾਰੇ ਪੁੱਛਿਆ ਤਾਂ ਦੋਸਤ ਤੇ ਭਰਾ ਸ਼ਬਦ ਹੀ ਉਨ੍ਹਾਂ ਦੇ ਮੂੰਹੋਂ ਨਿਕਲਦੇ ਰਹੇ। ਅਰਸ਼ਦ ਨਦੀਮ ਜਦੋਂ ਲਾਹੌਰ ਹਵਾਈ ਅੱਡੇ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਚੁਫ਼ੇਰਿਓਂ ਘਿਰਿਆ ਹੋਇਆ ਸੀ ਉਦੋਂ ਵੀ ਉਸ ਨੇ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ‘‘ਵੋ ਹਮਾਰਾ ਭਾਈ ਹੈ, ਹਮਾਰਾ ਦੋਸਤ ਹੈ।’’
ਦੋਵਾਂ ਖਿਡਾਰੀਆਂ ਦੀਆਂ ਮਾਵਾਂ ਨੇ ਇਸ ਸਫ਼ਰ ਨੂੰ ਅੱਗੇ ਤੋਰਿਆ। ਜਦੋਂ ਮੀਡੀਆ ਨੇ ਪੁੱਛਿਆ ਤਾਂ ਨੀਰਜ ਚੋਪੜਾ ਦੀ ਮਾਂ ਕਹਿਣ ਲੱਗੀ, ‘‘ਨਹੀਂ ਜੀ ਹਮ ਤੋ ਬਹੁਤ ਖ਼ੁਸ਼ ਹੈਂ, ਹਮੇਂ ਤੋ ਸਿਲਵਰ ਭੀ ਗੋਲਡ ਜੈਸਾ ਲਗ ਰਹਾ ਹੈ। ਗੋਲਡ ਉਸ ਕਾ ਆਇਆ, ਵੋ ਭੀ ਹਮਾਰਾ ਲੜਕਾ ਹੈ, ਵੋ ਭੀ ਮਿਹਨਤ ਕਰਤਾ ਹੈ। ਹਮ ਪੂਰੇ ਖ਼ੁਸ਼ ਹੈ। ਉਸ ਕਾ ਫੇਵਰਟ ਖਾਣਾ ਜ਼ਰੂਰ ਬਨਾਏਂਗੇ।’’
ਦੂਜੇ ਪਾਸੇ ਮੀਡੀਆ ਨੇ ਨਦੀਮ ਦੀ ਮਾਂ ਨੂੰ ਸਵਾਲ ਕੀਤਾ, ‘‘ਨੀਰਜ ਚੋਪੜਾ ਸੇ ਵੋ ਜੀਤੇ ਹੈਂ, ਨੀਰਜ ਚੋਪੜਾ ਕੇ ਬਾਰੇ ਮੇ ਕਿਆ ਕਹੇਂਗੇ? ਵੋ ਅਰਸ਼ਦ ਸੇ ਹਾਰ ਗਏ ਹੈਂ।’’ ਅਰਸ਼ਦ ਦੀ ਮਾਂ ਠਰ੍ਹੰਮੇ ਨਾਲ ਬੋਲੀ ਜਿਵੇਂ ਉਹ ਦੋਵੇਂ ਉਸ ਦੇ ਕੋਲ ਬੈਠੇ ਹੋਣ, ‘‘ਨੀਰਜ ਚੋਪੜਾ ਮੇਰੇ ਬੇਟੇ ਕਾ ਦੋਸਤ ਭੀ ਹੈ ਔਰ ਭਾਈ ਭੀ ਹੈ। ਹਾਰ ਔਰ ਜੀਤ ਤੋ ਅਪਨੀ ਕਿਸਮਤ ਕੀ ਹੋਤੀ ਹੈ ਵੋ ਭੀ ਮੇਰਾ ਬੇਟਾ ਹੈ।
ਅੱਲ੍ਹਾ ਤਾਲਾ ਉਸ ਨੂੰ ਭੀ ਕਾਮਯਾਬ ਕਰੇ, ਉਸ ਨੂੰ ਭੀ ਮੈਡਲ ਜਿੱਤਣ ਦੀ ਤੌਫ਼ੀਕ ਦੇ। ਦੋਨੋ ਭਾਈ ਹੈਂ, ਦੋਸਤ ਭੀ ਹੈਂ। ਮੈਂ ਉਸ ਕੇ ਲੀਏ ਭੀ ਦੁਆ ਕਰਤੀ ਹੂੰ।’’
ਅਜਿਹਾ ਅਚਾਨਕ ਨਹੀਂ ਵਾਪਰਿਆ। ਦੋਵੇਂ ਅਥਲੀਟਾਂ ਨੇ 10-12 ਵਰ੍ਹੇ ਪਹਿਲਾਂ ਇਹ ਬੂਟਾ ਲਾਇਆ ਜਿਸ ਨੂੰ ਦੋਵੇਂ ਪਰਿਵਾਰਾਂ ਨੇ ਪੰਜਾਬੀਅਤ ਦੀਆਂ ਭਾਵਨਾਵਾਂ ਨਾਲ ਪਾਲਿਆ-ਪੋਸਿਆ। ਦੋਵੇਂ ਮਾਵਾਂ ਦੇ ਇੱਥੇ ਦੱਸੇ ਬੋਲ ਉਸੇ ਬੂਟੇ ਦੀ ਮਹਿਕ ਹਨ।
* * *
ਖੇਡਾਂ ਮਿਲਵਰਤਣ, ਮਿੱਤਰਤਾ ਤੇ ਸਦਭਾਵਨਾ ਦਾ ਸੁਨੇਹਾ ਦਿੰਦੀਆਂ ਹਨ। ਖੇਡਾਂ ਨੇ ਸੰਸਾਰ ਲਈ ਅਮਨ-ਸ਼ਾਂਤੀ ਦੇ ਪੂਰਨੇ ਪਾਏ। ਜੰਗ ਦੇ ਮੈਦਾਨਾਂ ਨੂੰ ਖੇਡਾਂ ਨੇ ਖਿਡਾਰੀਆਂ ਦੀ ਰੌਣਕ ਵਿੱਚ ਬਦਲਿਆ। ਓਲੰਪਿਕ ਖੇਡਾਂ ਦਾ ਵੀ ਇਹੋ ਇਤਿਹਾਸ ਹੈ। ਮੈਰਾਥਨ ਦੌੜ ਦੀ ਉਪਜ ਵੀ ਅਜਿਹੇ ਹਾਲਾਤ ਵਿੱਚ ਹੋਈ। ਇੰਨਾ ਹੀ ਨਹੀਂ, ਖੇਡਾਂ ਨੇ ਸੰਸਾਰ ਨੂੰ ਰੁਝੇਵਾਂ, ਰੌਚਕਤਾ ਤੇ ਅਥਾਹ ਖ਼ੁਸ਼ੀਆਂ ਨਾਲ ਲਬਰੇਜ਼ ਕੀਤਾ ਹੈ। ਫੁੱਟਬਾਲ ਦਾ ਵਿਸ਼ਵ ਕੱਪ ਹੋਵੇ ਜਾਂ ਓਲੰਪਿਕ ਖੇਡਾਂ, ਅਜਿਹੇ ਵੱਡੇ ਖੇਡ ਮੇਲੇ ਪੂਰੇ ਸੰਸਾਰ ਨੂੰ ਰੰਗਦਾਰ ਬੁੱਕਲ ਮਾਰ ਲੈਂਦੇ ਹਨ। ਫਰਾਂਸ ਓਲੰਪਿਕਸ ਦੌਰਾਨ ਜੈਵਲਿਨ ਥਰੋਅ ਮੁਕਾਬਲਿਆਂ ਦੇ ਨਤੀਜਿਆਂ ਅਤੇ ਉਸ ਬਾਰੇ ਹੋਏ ਪ੍ਰਤੀਕਰਮ ਨੇ ਵੀ ਸਾਨੂੰ ਸਦਭਾਵਨਾ ਤੇ ਸ਼ਾਂਤੀ ਲਈ ਪ੍ਰੇਰਿਆ ਹੈ।
ਇਸੇ ਪ੍ਰੇਰਨਾ ਤੋਂ ਦੋਵੇਂ ਮੁਲਕਾਂ ਦੇ ਸਬੰਧ ਚੰਗੇ ਹੁੰਦੇ ਹਨ ਤਾਂ ਇਹ ਸ਼ਾਂਤੀ ਤੇ ਖੁਸ਼ਹਾਲੀ ਲਈ ਵਰਦਾਨ ਹੋਵੇਗਾ। ਪਿਛਲੇ ਕੁਝ ਵਰ੍ਹਿਆਂ ਦੌਰਾਨ ਅੰਮ੍ਰਿਤਸਰ ਵਿਖੇ ਦੱਖਣੀ ਏਸ਼ੀਆ ਦੇ ਮੁਲਕਾਂ ਵੱਲੋਂ ਵਪਾਰਕ ਪ੍ਰਦਰਸ਼ਨੀਆਂ ਲੱਗਦੀਆਂ ਰਹੀਆਂ ਸਨ। ਸਭ ਤੋਂ ਵੱਧ ਭੀੜ ਪਾਕਿਸਤਾਨੀ ਖਾਣਿਆਂ ਵਾਲੇ ਸਟਾਲਾਂ ’ਤੇ ਹੁੰਦੀ ਸੀ। ਲਾਹੌਰ ਤੋਂ ਸੂਫ਼ੀ ਗਾਇਕ ਵੀ ਆਉਂਦੇ। ਦੋ ਦਹਾਕੇ ਪਹਿਲਾਂ ਸਾਈਂ ਜ਼ਹੂਰ ਦਾ ਗਾਇਆ ਗੀਤ ‘ਹਾਏ ਔਖੇ ਪੈਂਡੇ ਲੰਮੀਆਂ ਰਾਹਵਾਂ ਇਸ਼ਕ ਦੀਆਂ, ਦਰਦ ਜਿਗਰ ਦਾ ਸਖ਼ਤ ਸਜ਼ਾਵਾਂ ਇਸ਼ਕ ਦੀਆਂ’, ਹਥਿਆਰਾਂ ਵਾਲੇ ਗੀਤਾਂ ਦੇ ਰੌਲੇ-ਰੱਪੇ ਦੇ ਬਾਵਜੂਦ ਅੱਜ ਤੱਕ ਕੰਨਾਂ ਵਿੱਚ ਟੁਣਕਦਾ ਹੈ। ਰੱਬ ਕਰੇ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰ, ਕੋਮਲ ਕਲਾਵਾਂ, ਸਾਹਿਤ ਅਤੇ ਖੇਡਾਂ ਦਾ ਆਦਾਨ-ਪ੍ਰਦਾਨ ਹੁੰਦਾ ਰਹੇ। ਇੰਝ ਵਪਾਰ ਲਈ ਸੰਭਾਵਨਾ ਬਣੇਗੀ।
ਉਹ ਮੇਰਾ ਦੋਸਤ ਹੈ, ਉਹ ਮੇਰਾ ਭਾਈ ਹੈ। ਵੋ ਭੀ ਹਮਾਰਾ ਲੜਕਾ ਹੈ। ਇਨਸ਼ਾ ਅੱਲ੍ਹਾ ਤਾਲਾ ਉਸ ਨੂੰ ਭੀ ਕਾਮਯਾਬ ਕਰੇ।’ ਦਹਾਕਿਆਂ ਬਾਅਦ ਹੋਂਦ ਵਿੱਚ ਆਏ ਮਹਿੰਗੇ ਮੁੱਲ ਦੇ ਬੋਲ ਹਨ। ਸੁਣਨ ਵਾਲੇ ਦੇ ਸੀਨੇ ਨੂੰ ਸਰੂਰ ਬਖ਼ਸ਼ਦੇ ਹਨ। ਇਸ ਖੇਤਰ ’ਚ ਸ਼ਾਂਤੀ, ਵਿਕਾਸ ਤੇ ਵਪਾਰ ਹੀ ਵੱਡੇ ਪੱਧਰ ’ਤੇ ਨੌਜਵਾਨਾਂ ਦੇ ਹੋ ਰਹੇ ਪਰਵਾਸ ਦਾ ਤੋੜ ਹੈ। ਆਓ, ਇਨ੍ਹਾਂ ਪਲਾਂ ਨੂੰ ਖੁਸ਼ਆਮਦੀਦ ਆਖੀਏ ਤੇ ਸਾਂਝੇ ਸੁਨਹਿਰੀ ਭਵਿੱਖ ਦੀ ਕਾਮਨਾ ਕਰੀਏ।

Advertisement

ਸੰਪਰਕ: 98158-00405

Advertisement
Advertisement