ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਖਿੜਿਆ ਕਮਲ; ਤਿਲੰਗਾਨਾ ਵਿੱਚ ਕਾਂਗਰਸ ਜਿੱਤੀ
ਨਵੀਂ ਦਿੱਲੀ, 3 ਦਸੰਬਰ
ਚਾਰ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਪਈਆਂ ਵੋਟਾਂ ਦੇ ਅੱਜ ਆਏ ਨਤੀਜਿਆਂ ’ਚ ਭਾਜਪਾ ਨੇ ਤਿੰਨ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਜਿੱਤ ਦਰਜ ਕੀਤੀ ਹੈ ਜਦਕਿ ਤਿਲੰਗਾਨਾ ਵਿੱਚ ਕਾਂਗਰਸ ਨੇ ਬੀਆਰਐੱਸ ਨੂੰ ਸੱਤਾ ’ਚੋਂ ਬਾਹਰ ਕਰ ਦਿੱਤਾ ਹੈ। ਅੱਜ ਸਵੇਰੇ ਜਿਵੇਂ ਹੀ ਚਾਰ ਵਿਧਾਨ ਸਭਾਵਾਂ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਰੁਝਾਨਾਂ ਤੇ ਜਿੱਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਛਾਪ ਦੇ ਨਾਲ ਭਾਜਪਾ ਦੀ ਹਕੂਮਤ ਵਾਲੀ ਚੋਣ ਤਸਵੀਰ ਪੇਸ਼ ਕੀਤੀ। ਚੋਣ ਨਤੀਜੇ ਸਾਹਮਣੇ ਆਉਣ ਮਗਰੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅਸਤੀਫੇ ਸੂਬਿਆਂ ਦੇ ਰਾਜਪਾਲਾਂ ਨੂੰ ਸੌਂਪ ਦਿੱਤੇ ਹਨ।
ਅੱਜ ਦੇ ਚੋਣ ਨਤੀਜਿਆਂ ’ਚ ਭਾਜਪਾ ਨੇ ਜਿੱਥੇ ਮੱਧ ਪ੍ਰਦੇਸ਼ ’ਚ ਆਪਣੀ ਸਰਕਾਰ ਕਾਇਮ ਰੱਖੀ ਹੈ ਉੱਥੇ ਹੀ ਦੋ ਸੂਬਿਆਂ ਰਾਜਸਥਾਨ ਤੇ ਛੱਤੀਸਗੜ੍ਹ ਦੀ ਸੱਤਾ ਕਾਂਗਰਸ ਤੋਂ ਖੋਹ ਲਈ ਹੈ। ਕਾਂਗਰਸ ਦੋ ਸੂਬੇ ਹਾਰ ਗਈ ਪਰ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਤੋਂ ਤਿਲੰਗਾਨਾ ਜਿੱਤ ਗਈ। ਇਸ ਦੱਖਣੀ ਸੂਬੇ ’ਚ ਮਿਲੀ ਜਿੱਤ ਨੇ ਹੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਹੈ ਅਤੇ ਕੇ ਚੰਦਰਸ਼ੇਖਰ ਰਾਓ ਦੀ ਲੀਡਰਸ਼ਿਪ ਵਾਲੀ ਬੀਆਰਐੱਸ, ਜਿਸ ਨੂੰ ਲਗਾਤਾਰ ਤੀਜੀ ਵਾਰ ਜਿੱਤਣ ਦੀ ਉਮੀਦ ਸੀ, ਨੂੰ ਆਤਮ ਚਿੰਤਨ ਲਈ ਮਜਬੂਰ ਕਰ ਦਿੱਤਾ ਹੈ। ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ 230 ਸੀਟਾਂ ’ਚੋਂ ਭਾਜਪਾ ਨੇ 163 ਸੀਟਾਂ ’ਤੇ ਜਿੱਤ ਦਰਜ ਕਰ ਲਈ ਹੈ ਜਾਂ ਲੀਡ ਹਾਸਲ ਕੀਤੀ ਹੋਈ ਜਦਕਿ ਕਾਂਗਰਸ 66 ਸੀਟਾਂ ਹਾਸਲ ਕਰ ਚੁੱਕੀ ਹੈ। ਗੁਆਂਢੀ ਸੂਬੇ ਰਾਜਸਥਾਨ ਵਿੱਚ ਲੋਕਾਂ ਨੇ ਹਰ ਪੰਜ ਸਾਲ ਮਗਰੋਂ ਸਰਕਾਰ ਬਦਲਣ ਦੀ ਰਵਾਇਤ ਕਾਇਮ ਰੱਖੀ ਹੈ ਅਤੇ ਇੱਥੋਂ ਦੀਆਂ 199 ਵਿਧਾਨ ਸਭਾ ਸੀਟਾਂ ’ਚੋਂ ਭਾਜਪਾ ਨੇ 115 ਜਦਕਿ ਕਾਂਗਰਸ ਨੇ 69 ਸੀਟਾਂ ਜਿੱਤੀਆਂ ਹਨ। ਉੱਧਰ ਛੱਤੀਸਗੜ੍ਹ ਵਿਚਲੀਆਂ 90 ਸੀਟਾਂ ’ਚੋਂ ਭਾਜਪਾ ਨੇ 54 ਤੇ ਕਾਂਗਰਸ ਨੇ 35 ਸੀਟਾਂ ਜਿੱਤੀਆਂ ਹਨ। ਤਿਲੰਗਾਨਾ ਦੀਆਂ 119 ਵਿਧਾਨ ਸਭਾ ਸੀਟਾਂ ’ਚੋਂ ਕਾਂਗਰਸ ਨੇ 64 ਸੀਟਾਂ ਜਦਕਿ ਬੀਆਰਐੱਸ 39 ਤੇ ਭਾਜਪਾ ਨੇ 8 ਸੀਟਾਂ ਹਾਸਲ ਕੀਤੀਆਂ ਹਨ। ਚੋਣ ਕਮਿਸ਼ਨ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਮੱਧ ਪ੍ਰਦੇਸ਼, ਰਾਜਸਥਾਨ ਤੇ ਤਿਲੰਗਾਨਾ ’ਚ 1 ਫੀਸਦ ਤੋਂ ਵੀ ਘੱਟ ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ ਜਦਕਿ ਛੱਤੀਸਗੜ੍ਹ ਵਿੱਚ 1.29 ਫੀਸਦ ਲੋਕਾਂ ਨੇ ਨੋਟਾ ਦੀ ਵਰਤੋਂ ਕੀਤੀ ਹੈ। ਚੋਣ ਰੁਝਾਨਾਂ ਵਿੱਚ ਅੱਗੇ ਰਹਿਣ ਤੇ ਜਿੱਤ ਦੀਆਂ ਖ਼ਬਰਾਂ ਸਾਹਮਣੇ ਆਉਣ ਮਗਰੋਂ ਭਾਜਪਾ ਵਰਕਰਾਂ ਤੇ ਆਗੂਆਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ।
ਫਿਲਹਾਲ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਜੇਤੂ ਪਾਰਟੀਆਂ ਵੱਲੋਂ ਮੁੱਖ ਮੰਤਰੀ ਕੌਣ ਬਣੇਗਾ। ਭਾਜਪਾ ਦੀ ਜਿੱਤ ਮਗਰੋਂ ਭਾਜਪਾ ਆਗੂਆਂ ਨੇ ਕਿਹਾ ਕਿ ਇਨ੍ਹਾਂ ਚੋਣ ਨਤੀਜਿਆਂ ਵਿੱਚ ਲੋਕਾਂ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀਆਂ ਗਈਆਂ ਗਾਰੰਟੀਆਂ ਅਤੇ ਭਾਜਪਾ ਦੇ ਪ੍ਰਸ਼ਾਸਨ ’ਤੇ ਭਰੋਸਾ ਜ਼ਾਹਿਰ ਕੀਤਾ ਹੈ। ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਆਏ ਇਨ੍ਹਾਂ ਚਾਰ ਸੂਬਿਆਂ ਦੇ ਚੋਣ ਨਤੀਜਿਆਂ ਨੂੰ ਬਹੁਤ ਹੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਮਿਜ਼ੋਰਮ ਸਮੇਤ ਇਨ੍ਹਾਂ ਪੰਜ ਸੂਬਿਆਂ ਵਿੱਚ 84 ਲੋਕ ਸਭਾ ਹਲਕੇ ਹਨ। ਇਨ੍ਹਾਂ ’ਚੋਂ ਮੱਧ ਪ੍ਰਦੇਸ਼ ਵਿੱਚ 29, ਛੱਤੀਸਗੜ੍ਹ ’ਚ 11, ਰਾਜਸਥਾਨ ’ਚ 25, ਤਿਲੰਗਾਨਾ ’ਚ 17 ਅਤੇ ਮਿਜ਼ੋਰਮ ’ਚ ਦੋ ਲੋਕ ਸਭਾ ਹਲਕੇ ਆਉਂਦੇ ਹਨ।
ਉੱਧਰ ਚੋਣ ਨਤੀਜੇ ਸਾਹਮਣੇ ਆਉਣ ਮਗਰੋਂ ਰਾਜਸਥਾਨ ਦੇ ਮੁੱਖ ਮਤਰੀ ਅਸ਼ੋਕ ਗਹਿਲੋਤ ਨੇ ਰਾਜ ਭਵਨ ਪਹੁੰਚ ਕੇ ਆਪਣਾ ਅਸਤੀਫਾ ਰਾਜਪਾਲ ਕਲਰਾਜ ਮਿਸ਼ਰਾ ਨੂੰ ਸੌਂਪ ਦਿੱਤਾ। ਇਸੇ ਦੌਰਾਨ ਤਿਲੰਗਾਨਾ ’ਚ ਬੀਆਰਐੱਸ ਦੇ ਕਾਰਜਕਾਰੀ ਪ੍ਰਧਾਨ ਕੇਟੀ ਰਾਮਾ ਰਾਓ ਨੇ ਦੱਸਿਆ ਕਿ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਆਪਣਾ ਅਸਤੀਫਾ ਰਾਜਪਾਲ ਤਾਮਿਲਸਾਈ ਸੁੰਦਰਰਾਜਨ ਨੂੰ ਭੇਜ ਦਿੱਤਾ ਹੈ। -ਪੀਟੀਆਈ
ਅਸੀਂ ਲੋਕ ਫਤਵਾ ਪ੍ਰਵਾਨ ਕਰਦੇ ਹਾਂ: ਅਸ਼ੋਕ ਗਹਿਲੋਤ
ਜੈਪੁਰ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਨਤੀਜੇ ਹਰ ਕਿਸੇ ਲਈ ਹੈਰਾਨ ਕਰਨ ਵਾਲੇ ਹਨ ਅਤੇ ਪਾਰਟੀ ਲੋਕ ਫਤਵਾ ਨਿਮਰਤਾ ਨਾਲ ਸਵੀਕਾਰ ਕਰਦੀ ਹੈ। ਅਸ਼ੋਕ ਗਹਿਲੋਤ ਨੇ ਐਕਸ ’ਤੇ ਪੋੋਸਟ ਕੀਤਾ, ‘ਅਸੀਂ ਨਿਮਰਤਾ ਸਹਿਤ ਰਾਜਸਥਾਨ ਦੇ ਲੋਕਾਂ ਦਾ ਫ਼ੈਸਲਾ ਸਵੀਕਾਰ ਕਰਦੇ ਹਾਂ। ਇਹ ਹਰ ਕਿਸੇ ਲਈ ਹੈਰਾਨ ਕਰਨ ਵਾਲੇ ਨਤੀਜੇ ਹਨ। ਇਹ ਹਾਰ ਦਸਦੀ ਹੈ ਕਿ ਅਸੀਂ ਆਪਣੀਆਂ ਯੋਜਨਾਵਾਂ, ਕਾਨੂੰਨਾਂ ਤੇ ਨਵੇਂ ਵਿਚਾਰਾਂ ਨੂੰ ਜਨਤਾ ਤੱਕ ਲਿਜਾਣ ’ਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਏ।’ ਉਨ੍ਹਾਂ ਕਿਹਾ, ‘ਮੈਂ ਨਵੀਂ ਸਰਕਾਰ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ। ਮੇਰੀ ਉਨ੍ਹਾਂ ਨੂੰ ਸਲਾਹ ਹੈ ਕਿ ਬੇਸ਼ੱਕ ਸਖਤ ਮਿਹਨਤ ਦੇ ਬਾਵਜੂਦ ਅਸੀਂ ਕਾਮਯਾਬ ਨਹੀਂ ਹੋਏ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਰਕਾਰ ਬਣਾਉਣ ਮਗਰੋਂ ਕੰਮ ਨਾ ਕਰਨ।’ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਸਾਰੀਆਂ ਯੋਜਨਾਵਾਂ ਅਗਲੀ ਸਰਕਾਰ ਨੂੰ ਜਾਰੀ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ, ‘ਮੈਂ ਚੋਣਾਂ ਦੌਰਾਨ ਸਖਤ ਮਿਹਨਤ ਕਰਨ ਵਾਲੇ ਕਾਂਗਰਸ ਵਰਕਰਾਂ ਦਾ ਅਤੇ ਸਾਡੇ ’ਚ ਭਰੋਸਾ ਜ਼ਾਹਿਰ ਕਰਨ ਵਾਲੇ ਵੋਟਰਾਂ ਦਾ ਸ਼ੁਕਰੀਆ ਕਰਦਾ ਹਾਂ।’ -ਪੀਟੀਆਈ
ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ
ਆਈਜ਼ੋਲ: ਮਿਜ਼ੋਰਮ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਭਲਕੇ ਸੋਮਵਾਰ ਨੂੰ ਹੋਣ ਵਾਲੀ ਗਿਣਤੀ ਦੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ। ਮਿਜ਼ੋਰਮ ਦੇ ਵਧੀਕ ਮੁੱਖ ਚੋਣ ਅਧਿਕਾਰੀ ਐੱਚ ਲਿਆਂਜ਼ੇਲਾ ਨੇ ਦੱਸਿਆ ਕਿ ਸਖਤ ਸੁਰੱਖਿਆ ਪ੍ਰਬੰਧਾਂ ਦੌਰਾਨ 13 ਕੇਂਦਰਾਂ ’ਤੇ ਸਵੇਰੇ ਅੱਠ ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ 13 ਕੇਂਦਰਾਂ ’ਤੇ 40 ਵਿਧਾਨ ਸਭਾ ਸੀਟਾਂ ’ਚੋਂ ਹਰੇਕ ਲਈ ਗਿਣਤੀ ਹਾਲ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਡਾਕ ਵੋਟਾਂ ਦੀ ਗਿਣਤੀ ਹੋਵੇਗੀ ਤੇ ਇਸ ਤੋਂ ਬਾਅਦ ਸਵੇਰੇ 8.30 ਵਜੇ ਈਵੀਐਮ ’ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 12 ਵਿਧਾਨ ਸਭਾ ਹਲਕਿਆਂ ਵਾਲੇ ਆਈਜ਼ੋਲ ਜ਼ਿਲ੍ਹੇ ਵਿੱਚ ਤਿੰਨ ਗਿਣਤੀ ਕੇਂਦਰ ਅਤੇ ਬਾਕੀ 10 ਜ਼ਿਲ੍ਹਿਆਂ ਵਿੱਚ ਇਕ-ਇਕ ਕੇਂਦਰ ਸਥਾਪਿਤ ਕੀਤਾ ਗਿਆ ਹੈ। ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਲਗਪਗ 4000 ਮੁਲਜ਼ਮ ਤਾਇਨਾਤ ਕੀਤੇ ਗਏ ਹਨ। -ਪੀਟੀਆਈ
ਆਮ ਚੋਣਾਂ ਲਈ ‘ਇੰਡੀਆ’ ਗੱਠਜੋੜ ਨਾਲ ਮਿਲ ਕੇ ਕੰਮ ਕਰਾਂਗੇ: ਖੜਗੇ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਹਾਰ ’ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਆਰਜ਼ੀ ਨਾਕਾਮੀਆਂ ਤੋਂ ਖੁਦ ਨੂੰ ਉਭਾਰੇਗੀ ਅਤੇ ਵਿਰੋਧੀ ਗੱਠਜੋੜ ‘ਇੰਡੀਆ’ ਦੀਆਂ ਪਾਰਟੀਆਂ ਨਾਲ ਮਿਲ ਕੇ ਅਗਲੀਆਂ ਲੋਕ ਸਭਾ ਚੋਣਾਂ ਲਈ ਖੁਦ ਨੂੰ ਤਿਆਰ ਕਰੇਗੀ। ਉਨ੍ਹਾਂ ਤਿਲੰਗਾਨਾ ’ਚ ਜਿੱਤ ਲਈ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘ਪਾਰਟੀ ਨੇ ਪੂਰੀ ਜਾਨ ਲਗਾ ਕੇ ਇਨ੍ਹਾਂ ਚਾਰ ਰਾਜਾਂ ਦੀਆਂ ਚੋਣਾਂ ’ਚ ਹਿੱਸਾ ਲਿਆ। ਮੈਂ ਆਪਣੇ ਅਣਗਿਣਤ ਵਰਕਰਾਂ ਦਾ ਵੀ ਧੰਨਵਾਦ ਕਰਦਾ ਹਾਂ।’ ਖੜਗੇ ਨੇ ਐਕਸ ’ਤੇ ਪੋਸਟ ਕੀਤਾ, ‘ਸਾਡੇ ਹੱਕ ’ਚ ਫ਼ੈਸਲਾ ਦੇਣ ਲਈ ਮੈਂ ਤਿਲੰਗਾਨਾ ਦੇ ਲੋਕਾਂ ਦਾ ਸ਼ੁਕਰੀਆ ਕਰਦਾ ਹਾਂ। ਮੈਂ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਸਾਨੂੰ ਵੋਟ ਪਾਉਣ ਵਾਲੇ ਲੋਕਾਂ ਦਾ ਵੀ ਸ਼ੁਕਰੀਆ ਕਰਦਾ ਹਾਂ। ਇਨ੍ਹਾਂ ਤਿੰਨ ਰਾਜਾਂ ’ਚ ਸਾਡੀ ਕਾਰਗੁਜ਼ਾਰੀ ਆਸ ਮੁਤਾਬਕ ਨਹੀਂ ਰਹੀ ਪਰ ਅਸੀਂ ਦ੍ਰਿੜ੍ਹ ਨਿਸ਼ਚੇ ਨਾਲ ਮੁੜ ਉੱਠਾਂਗੇ ਅਤੇ ਇਨ੍ਹਾਂ ਤਿੰਨ ਸੂਬਿਆਂ ’ਚ ਖੁਦ ਨੂੰ ਮਜ਼ਬੂਤ ਕਰਾਂਗੇ।’ ਉਨ੍ਹਾਂ ਕਿਹਾ, ‘ਅਸੀਂ ਇਨ੍ਹਾਂ ਆਰਜ਼ੀ ਨਾਕਾਮੀਆਂ ਤੋਂ ਉਭਰ ਆਵਾਂਗੇ ਅਤੇ ‘ਇੰਡੀਆ’ ਦੀਆਂ ਪਾਰਟੀਆਂ ਨਾਲ ਮਿਲ ਕੇ ਅਗਾਮੀ ਲੋਕ ਸਭਾ ਚੋਣਾਂ ਲਈ ਪੂਰੀ ਜਾਨ ਲਗਾ ਕੇ ਤਿਆਰੀ ਕਰਾਂਗੇ।’ -ਪੀਟੀਆਈ
ਲੋਕ ਫਤਵਾ ਪ੍ਰਵਾਨ ਪਰ ਵਿਚਾਰਧਾਰਾ ਦੀ ਲੜਾਈ ਜਾਰੀ: ਰਾਹੁਲ
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਦੇ ਲੋਕਾਂ ਦਾ ਫਤਵਾ ਨਿਮਰਤਾ ਨਾਲ ਸਵੀਕਾਰ ਕਰਦੇ ਹਨ ਅਤੇ ਉਹ ਵਿਚਾਰਧਾਰਾ ਦੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਐਕਸ ’ਤੇ ਪੋਸਟ ਕੀਤਾ, ‘ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਦਾ ਲੋਕ ਫਤਵਾ ਅਸੀਂ ਨਿਮਰਤਾ ਸਹਿਤ ਪ੍ਰਵਾਨ ਕਰਦੇ ਹਾਂ, ਵਿਚਾਰਧਾਰਾ ਦੀ ਲੜਾਈ ਜਾਰੀ ਰਹੇਗੀ। ਤਿਲੰਗਾਨਾ ਦੇ ਲੋਕਾਂ ਦਾ ਬਹੁਤ ਸ਼ੁਕਰੀਆ। ‘ਪ੍ਰਜਾਲੂ ਤਿਲੰਗਾਨਾ’ ਬਣਾਉਣ ਦਾ ਵਾਅਦਾ ਅਸੀਂ ਜ਼ਰੂਰ ਪੂਰਾ ਕਰਾਂਗੇ। ਸਾਰੇ ਵਰਕਰਾਂ ਦਾ ਮਿਹਨਤ ਤੇ ਹਮਾਇਤ ਲਈ ਦਿਲੋਂ ਸ਼ੁਕਰੀਆ।’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਤਿਲੰਗਾਨਾ ’ਚ ਕਾਂਗਰਸ ਦੀ ਜਿੱਤ ਲਈ ਉੱਥੋਂ ਦੇ ਲੋਕਾਂ ਦਾ ਸ਼ੁਕਰੀਆ ਕੀਤਾ ਤੇ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਤਿਲੰਗਾਨਾ ’ਚ ਪਾਰਟੀ ਦੀ ਹਾਰ ਨੂੰ ਲੈ ਕੇ ਕਿਹਾ ਕਿ ਜਨਤਾ ਦਾ ਫ਼ੈਸਲਾ ਸਿਰ ਮੱਥੇ ’ਤੇ ਹੈ। ਉਨ੍ਹਾਂ ਐਕਸ ’ਤੇ ਪੋਸਟ ਕੀਤਾ, ‘ਇਹ ਤਿਲੰਗਾਨਾ ਦੇ ਲੋਕਾਂ ਤੇ ਕਾਂਗਰਸ ਪਾਰਟੀ ਦੇ ਵਰਕਰ ਦੀ ਜਿੱਤ ਹੈ। ਤਿਲੰਗਾਨਾ ਦੇ ਲੋਕਾਂ ਦਾ ਸ਼ੁਕਰੀਆ।’ ਉਨ੍ਹਾਂ ਕਿਹਾ, ‘ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਲੋਕਾਂ ਨੇ ਕਾਂਗਰਸ ਨੂੰ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾਉਣ ਲਈ ਚੁਣਿਆ ਹੈ। ਅਸੀਂ ਇਸ ਫ਼ੈਸਲੇ ਨੂੰ ਸਵੀਕਾਰ ਕਰਦੇ ਹਾਂ।’ -ਪੀਟੀਆਈ
ਵਿਕਸਤ ਅਤੇ ਆਤਮ-ਨਿਰਭਰ ਭਾਰਤ ਦੇ ਸੰਕਲਪ ਦੀ ਜਿੱਤ: ਮੋਦੀ
ਨਵੀਂ ਦਿੱਲੀ, 3 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਇਹ ਵਿਕਸਿਤ ਭਾਰਤ ਦੇ ਸੱਦੇ ਅਤੇ ਆਤਮ-ਨਿਰਭਰ ਭਾਰਤ ਦੇ ਸੰਕਲਪ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਰਾਜਾਂ ਵਿੱਚ ਜਿੱਤ ਦੀ ਹੈਟ੍ਰਿਕ ਇਸ ਗੱਲ ਦੀ ਗਾਰੰਟੀ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਵੀ ਭਾਜਪਾ ਦੀ ਹੈਟ੍ਰਿਕ ਬਣੇਗੀ। ਉਹ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਮਗਰੋਂ ਇੱਥੇ ਸਥਿਤ ਪਾਰਟੀ ਹੈੱਡਕੁਆਰਟਰ ਪਹੁੰਚੇ ਸਨ ਜਿੱਥੇ ਪਾਰਟੀ ਵਰਕਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।
ਉਨ੍ਹਾਂ ਕਿਹਾ, ‘ਇਨ੍ਹਾਂ ਨਤੀਜਿਆਂ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਉਨ੍ਹਾਂ ਦੀ ਜੰਗ ’ਚ ਲੋਕ ਹਮਾਇਤ ਦਿਖਾਈ ਹੈ।’ ਉਨ੍ਹਾਂ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਕਾਂਗਰਸ ਦੇ ਵਿਰੋਧੀ ਧਿਰ ਦੇ ਗੱਠਜੋੜ ‘ਇੰਡੀਆ’ ਨੂੰ ਸੁਨੇਹਾ ਦਿੱਤਾ ਹੈ ਕਿ ਕੁਝ ਪਰਿਵਾਰਾਂ ਦੇ ਇੱਕ ਮੰਚ ’ਤੇ ਇਕੱਠੇ ਹੋਣ ਨਾਲ ਚੰਗੀ ਤਸਵੀਰ ਬਣ ਸਕਦੀ ਹੈ ਪਰ ਲੋਕਾਂ ਦਾ ਭਰੋਸਾ ਨਹੀਂ ਜਿੱਤਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਵੋਟਰਾਂ ਨੇ ਭ੍ਰਿਸ਼ਟਾਚਾਰ ’ਚ ਸ਼ਾਮਲ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣਾ ਰਾਹ ਬਦਲ ਲੈਣ ਨਹੀਂ ਤਾਂ ਲੋਕ ਉਨ੍ਹਾਂ ਨੂੰ ਖਤਮ ਕਰ ਦੇਣਗੇ। ਉਨ੍ਹਾਂ ਵਿਰੋਧੀ ਪਾਰਟੀਆਂ ’ਤੇ ਹਮਲਾ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਤੇ ਲੋਕਾਂ ਵਿਚਾਲੇ ਨਹੀਂ ਆਉਣਾ ਚਾਹੀਦਾ ਨਹੀਂ ਤਾਂ ਲੋਕ ਉਨ੍ਹਾਂ ਨੂੰ ਹਟਾ ਦੇਣਗੇ। ਉਨ੍ਹਾਂ ਕਿਹਾ ਕਿ ਕੁਝ ਲੋਕ ਪਹਿਲਾਂ ਹੀ ਕਹਿ ਰਹੇ ਹਨ ਕਿ ਰਾਜਾਂ ਵਿੱਚ ਜਿੱਤ ਦੀ ਹੈਟ੍ਰਿਕ 2024 ਦੀਆਂ ਲੋਕ ਸਭਾ ਚੋਣਾਂ ’ਚ ਹੈਟ੍ਰਿਕ ਦੀ ਗਾਰੰਟੀ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਕਿਹਾ ਕਿ ਉਹ ਦੇਸ਼ ਦੇ ਹਿੱਤਾਂ ਖ਼ਿਲਾਫ਼ ਕੰਮ ਕਰਨ ਵਾਲੀਆਂ ਤਾਕਤਾਂ ਦੀ ਹਮਾਇਤ ਨਾ ਕਰਨ। ਸਮਾਗਮ ’ਚ ਹਾਜ਼ਰ ਭਾਜਪਾ ਦੇ ਮੈਂਬਰਾਂ, ਕੇਂਦਰੀ ਮੰਤਰੀਆਂ ਤੇ ਵਰਕਰਾਂ ਨੂੰ ਮੋਦੀ ਨੇ ਕਿਹਾ ਕਿ ਇਹ ਨਤੀਜੇ ਦੁਨੀਆ ਦਾ ਭਾਰਤ ਵਿੱਚ ਭਰੋਸਾ ਵਧਾਉਣਗੇ ਅਤੇ ਆਲਮੀ ਨਿਵੇਸ਼ਕ ਭਾਰਤ ਵੱਲ ਆਉਣਗੇ। ਉਨ੍ਹਾਂ ਕਿਹਾ ਕਿ ਇਹ ਨਤੀਜੇ ਇਸ ਗੱਲ ਦਾ ਸਬੂਤ ਹਨ ਕਿ ਲੋਕ ਸਾਡੇ ਵਿਕਸਿਤ ਭਾਰਤ ਦੇ ਏਜੰਟੇ ਦੀ ਲਗਾਤਾਰ ਹਮਾਇਤ ਕਰ ਰਹੇ ਹਨ। -ਪੀਟੀਆਈ
ਤਿਲੰਗਾਨਾ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ ਕਾਂਗਰਸ: ਰੇਵੰਤ ਰੈੱਡੀ
ਹੈਦਰਾਬਾਦ: ਤਿਲੰਗਾਨਾ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਜਿੱਤ ਮਗਰੋਂ ਸੂਬਾਈ ਕਾਂਗਰਸ ਦੇ ਪ੍ਰਧਾਨ ਰੇਵੰਤ ਰੈੱਡੀ ਨੇ ਪਾਰਟੀ ਆਗੂ ਸੋਨੀਆ ਗਾਂਧੀ ਤੇ ਮਲਿਕਾਰਜੁਨ ਖੜਗੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਬਣਨ ਮਗਰੋਂ ਉਨ੍ਹਾਂ ਦੀ ਪਾਰਟੀ ਤਿਲੰਗਾਨਾ ਦੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰੇਗੀ। ਮੁੱਖ ਮੰਤਰੀ ਦੇ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਰੈੱਡੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਾਂਗਰਸ ਦੀ ਜਿੱਤ ਤਿਲੰਗਾਨਾ ਦੇ ਸ਼ਹੀਦਾਂ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਨੇ ਪਾਰਟੀ ਨੂੰ ਮਜ਼ਬੂਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਵੱਲੋਂ ਦਿੱਤੀਆਂ ਗਈਆਂ ਛੇ ਗਾਰੰਟੀਆਂ ਅਤੇ ਰਾਹੁਲ ਗਾਂਧੀ ਤੇ ਪਾਰਟੀ ਦੇ ਹੋਰ ਆਗੂਆਂ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ। -ਪੀਟੀਆਈ
ਮੋਦੀ ਦੀ ਜ਼ੋਰਦਾਰ ਚੋਣ ਮੁਹਿੰਮ ਸਦਕਾ ਮਿਲੀ ਜਿੱਤ: ਸ਼ਿਵਰਾਜ
ਭੋਪਾਲ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਚੋਣ ਨਤੀਜਿਆਂ ’ਚ ਪਾਰਟੀ ਦੇ ਪ੍ਰਦਰਸ਼ਨ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚਲਾਈ ਜ਼ੋਰਦਾਰ ਮੁਹਿੰਮ ਨੂੰ ਦਿੱਤਾ ਹੈ। ਚੌਹਾਨ ਨੇ ਕਿਹਾ, ‘‘ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮੱਧ ਪ੍ਰਦੇਸ਼ ਦੇ ਲੋਕਾਂ ਦੇ ਦਿਲਾਂ ਵਿੱਚ ਹਨ। ਸੂਬਾ ਵੀ ਉਨ੍ਹਾਂ ਦੇ ਦਿਲ ਵਿੱਚ ਹੈ। ਇੱਥੇ ਉਨ੍ਹਾਂ ਪ੍ਰਤੀ ਵੱਡਾ ਭਰੋਸਾ ਹੈ। ਉਨ੍ਹਾਂ ਇੱਥੇ ਜਨਤਕ ਰੈਲੀਆਂ ਕੀਤੀਆਂ ਤੇ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਜਿਹੜੀ ਲੋਕਾਂ ਦੇ ਦਿਲਾਂ ਨੂੰ ਛੂਹ ਗਈ।’’ ਸ਼ਿਵਰਾਜ ਸਿੰਘ ਚੌਹਾਨ ਅਤੇ ਕਈ ਹੋਰ ਭਾਜਪਾ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ‘ਲਾਡਲੀ ਭੈਣ ਯੋਜਨਾ’ ਜਿਸ ਤਹਿਤ ਔਰਤਾਂ ਨੂੰ 1,250 ਰੁਪਏ ਪ੍ਰਤੀ ਮਹੀਨਾ ਮਿਲਦੇ ਹਨ, ‘ਗੇਮਚੇਂਜਰ’ ਸਾਬਤ ਹੋਈ ਹੈ। ਦੂਜੇ ਪਾਸੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸ਼ਿਵਰਾਜ ਚੌਹਾਨ ਪੰਜਵੀਂ ਵਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣ ਸਕਦੇ ਹਨ। -ਪੀਟੀਆਈ
ਰਾਜਸਥਾਨ ’ਚ ਲੋਕਾਂ ਨੇ ਕਾਂਗਰਸ ਨੂੰ ਨਕਾਰਿਆ: ਵਸੁੰਧਰਾ ਰਾਜੇ
ਜੈਪੁਰ: ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੀ ਸੀਨੀਅਰ ਨੇਤਾ ਵਸੁੰਧਰਾ ਰਾਜੇ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿੱਤਾ ਹੈ। ਵਸੁੰਧਰਾ ਰਾਜੇ ਨੇ ਝਾਲਰਾਪਾਟਨ ਸੀਟ ਤੋਂ 53,193 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ। ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲਣ ’ਤੇ ਵਸੁੰਧਰਾ ਨੇ ਕਿਹਾ, ‘‘ਰਾਜਸਥਾਨ ਦੀ ਇਹ ਸ਼ਾਨਦਾਰ ਜਿੱਤ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਮੰਤਰ ‘ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਦੀ ਜਿੱਤ ਹੈ। ਉਨ੍ਹਾਂ ਦੀ ਦਿੱਤੀ ਹੋਈ ‘ਗਾਰੰਟੀ’ ਦੀ ਜਿੱਤ ਹੈ। ਇਹ ਜਿੱਤ ਸਾਡੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੀ ਰਣਨੀਤੀ ਦੀ ਜਿੱਤ ਹੈ। ਇਹ ਜਿੱਤ ਸਾਡੇ (ਭਾਜਪਾ) ਪ੍ਰਧਾਨ ਜੇਪੀ ਨੱਢਾ ਦੀ ਯੋਗ ਅਗਵਾਈ ਦੀ ਜਿੱਤ ਹੈ। ਸਭ ਤੋਂ ਮਹੱਤਵਪੂਰਨ, ਇਹ ਜਿੱਤ ਸਾਡੇ ਵਰਕਰਾਂ ਦੀ ਹੈ। ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਦੀ ਜਿੱਤ ਹੈ।’’ ਵਸੁੰਧਰਾ ਨੇ ਕਿਹਾ, ‘‘ਸਭ ਤੋਂ ਵੱਡੀ ਜਿੱਤ ਲੋਕਾਂ ਦੀ ਹੈ, ਜਿਨ੍ਹਾਂ ਕਾਂਗਰਸ ਨੂੰ ਨਕਾਰਦਿਆਂ ਭਾਜਪਾ ਦਾ ਸੁਰਾਜ (ਸਵੈਰਾਜ) ਅਪਣਾਉਣ ਦਾ ਕੰਮ ਕੀਤਾ ਹੈ। ਇਹ ਜਿੱਤ 2024 ਵਿੱਚ ਮੋਦੀ ਜੀ ਨੂੰ ਮੁੜ ਦੇਸ਼ ਵਾਸੀਆਂ ਦੀ ਸੇਵਾ ਦਾ ਮੌਕਾ ਦੇਣ ਦੀ ਜਿੱਤ ਹੈ।’’ -ਪੀਟੀਆਈ