ਗੁਆਚੇ ਹੋਏ ਪਲ
ਜਗਦੀਸ਼ ਕੌਰ ਮਾਨ
ਗੱਲ ਬਹੁਤ ਪੁਰਾਣੀ ਹੈ। ਉਦੋਂ ਚੌਥੀ ਜਮਾਤ ਦੀ ਵਿਦਿਆਰਥਣ ਸਾਂ। ਪੰਜਾਬੀ ਅੱਛੀ ਤਰ੍ਹਾਂ ਲਿਖ ਪੜ੍ਹ ਲੈਂਦੀ ਸਾਂ। ਘਰੇ ਸਾਹਿਤਕ ਮਾਹੌਲ ਸੀ। ਕਿਤਾਬਾਂ ਰਸਾਲੇ ਆਮ ਹੀ ਘਰ ਵਿੱਚ ਆਉਂਦੇ ਸਨ। ਤਸਵੀਰਾਂ ਦੇਖਣ ਦੇ ਲਾਲਚ ਵਿਚ ਮੈਂ ਵੀ ਵਰਕੇ ਫਰੋਲਣ ਲੱਗ ਪੈਂਦੀ। ਫਿਰ ਹੌਲੀ ਹੌਲੀ ਪੜ੍ਹਨ ਦੀ ਚੇਟਕ ਲੱਗ ਗਈ। ਵੱਡੇ ਲੇਖਕਾਂ ਦੀਆਂ ਰਚਨਾਵਾਂ ਸਮਝਣ ਜੋਗੀ ਉਮਰ ਤਾਂ ਉਦੋਂ ਨਹੀਂ ਸੀ, ਫਿਰ ਵੀ ਸ਼ੌਕ ਵਜੋਂ ਪੜ੍ਹਦੀ ਰਹਿੰਦੀ। ਸੁਫ਼ਨੇ ’ਚ ਵੀ ਨਹੀਂ ਸੀ ਸੋਚਿਆ ਕਿ ਖ਼ੁਦ ਵੀ ਮਾੜਾ ਮੋਟਾ ਲਿਖਣ ਲੱਗ ਜਾਵਾਂਗੀ।
ਪਹਿਲੀ ਵਾਰ ਕੁਝ ਲਿਖਿਆ ਤਾਂ ਆਮ ਬੱਚਿਆਂ ਵਾਂਗ ਡਰ ਗਈ ਸਾਂ ਜਿਵੇਂ ਕੋਈ ਵੱਡਾ ਗੁਨਾਹ ਕਰ ਦਿੱਤਾ ਹੋਵੇ। ਉਹ ਵੇਲੇ ਹੀ ਅਜਿਹੇ ਸਨ; ਬੱਚਿਆਂ ਵਾਸਤੇ ਸਿਲੇਬਸ ਤੋਂ ਬਾਹਰਲੀ ਰਚਨਾ ਪੜ੍ਹਨੀ ਵਰਜਿਤ ਸੀ, ਲਿਖਣ ਦਾ ਤਾਂ ਸਵਾਲ ਹੀ ਨਹੀਂ ਸੀ। ਸੋ, ਆਪਣਾ ਲਿਖਿਆ ਵਰਕਾ ਕਾਪੀ ਵਿੱਚ ਲੁਕੋ ਕੇ ਬਸਤਾ ਪੂਰੀ ਚੌਕਸੀ ਨਾਲ ਸਾਂਭ ਸਾਂਭ ਕੇ ਰੱਖਾਂ, ਮਤੇ ਮੇਰਾ ਲਿਖਿਆ ਕਿਸੇ ਦੇ ਨਜ਼ਰੀਂ ਨਾ ਪੈ ਜਾਵੇ। ਉਂਝ, ਬਹੁਤੀ ਹੁਸਿ਼ਆਰੀ ਨਾਲ ਬਸਤਾ ਸੰਭਾਲ ਕੇ ਰੱਖਣ ਦਾ ਸਿੱਟਾ ਇਹ ਨਿਕਲਿਆ ਕਿ ਭਰਾਵਾਂ ਨੂੰ ਸ਼ੱਕ ਹੋ ਗਿਆ ਕਿ ਜ਼ਰੂਰ ਮੈਂ ਸਕੂਲੋਂ ਕਿਸੇ ਦੀ ਕੋਈ ਚੀਜ਼ ਚੋਰੀ ਕਰ ਕੇ ਲਿਆਈ ਹਾਂ। ਵੱਡੇ ਭਰਾ ਨੇ ਝਪੱਟਾ ਮਾਰ ਕੇ ਬਸਤਾ ਮੈਥੋਂ ਖੋਹ ਲਿਆ ਤੇ ਕਿਤਾਬਾਂ ਕਾਪੀਆਂ ਫਰੋਲ ਸੁੱਟੀਆਂ, ਤੇ ਫਰੋਲਾ ਫਰਾਲੀ ਦੌਰਾਨ ਬਸਤੇ ਵਿਚੋਂ ਤਹਿ ਕੀਤਾ ਕਾਗਜ਼ ਨਿਕਲ ਆਇਆ। ਉਸ ਕਾਗਜ਼ ’ਤੇ ਮੈਂ ਉਨ੍ਹੀਂ ਦਿਨੀਂ ਵਾਪਰੀ ਇਕ ਘਟਨਾ ਨਾਟਕੀ ਢੰਗ ਨਾਲ ਲਿਖੀ ਹੋਈ ਸੀ। ਨਾਟਕ ਕੀ ਹੁੰਦਾ ਹੈ? ਕਿਵੇਂ ਲਿਖਿਆ ਜਾਂਦਾ ਹੈ? ਇਸ ਵਿਧਾ ਦਾ ਵਿਧੀ ਵਿਧਾਨ ਕੀ ਹੈ? ਪਾਤਰ ਚਿਤਰਨ ਕੀ ਹੁੰਦਾ ਹੈ? ਪਲਾਟ ਕਿਵੇਂ ਤਿਆਰ ਕੀਤਾ ਜਾਂਦਾ ਹੈ?... ਮੈਨੂੰ ਅਬੋਧ ਬਾਲੜੀ ਨੂੰ ਕੁਝ ਵੀ ਨਹੀਂ ਸੀ ਪਤਾ। ਮੈਂ ਤਾਂ ਬੱਸ ਆਪਣੇ ਮਨ ਵਿਚ ਉਠੇ ਵਲਵਲੇ ਕਾਗਜ਼ ’ਤੇ ਉਤਾਰ ਦਿੱਤੇ ਸਨ।
ਕਾਗਜ਼ ਖੋਹੇ ਜਾਣ ’ਤੇ ਮੈਂ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਸੀ। ਹੁਣ ਅੱਗਿਓਂ ਇਹ ਮੁੰਡੇ ਪਿਤਾ ਜੀ ਨੂੰ ਸਿ਼ਕਾਇਤ ਲਾ ਕੇ ਕੀ ਕੁਝ ਕਰਵਾਉਣਗੇ?... ਭਲੀ-ਭਾਂਤ ਜਾਣਦੀ ਸਾਂ, ਇਸੇ ਕਰ ਕੇ ਡਰ ਨਾਲ ਕੰਬ ਰਹੀ ਸਾਂ।
ਬਾਜ਼ਾਰੋਂ ਸੌਦਾ ਪੱਤਾ ਲੈ ਕੇ ਮਾਂ ਘਰ ਆ ਗਈ ਸੀ। ਪਿਤਾ ਜੀ ਨੇ ਅਜੇ ਸ਼ਾਮ ਨੂੰ ਡਿਊਟੀ ਤੋਂ ਵਾਪਸ ਆਉਣਾ ਸੀ। ਭਰਾ ਕੱਛਾਂ ਵਜਾਉਂਦੇ ਫਿਰ ਰਹੇ ਸਨ ਕਿ ਅੱਜ ਇਹਦੇ ਕੁੱਟ ਪੈਂਦੀ ਦੇਖਾਂਗੇ ਤੇ ਮਜ਼ੇ ਲਵਾਂਗੇ। ਉਹ ਪਿਤਾ ਜੀ ਦੀ ਉਡੀਕ ਵਿਚ ਕਾਹਲੇ ਪੈ ਰਹੇ ਸਨ ਕਿ ਕਦੋਂ ਉਹ ਘਰ ਆਉਣ, ਕਦੋਂ ਕਾਗਜ਼ ਉਨ੍ਹਾਂ ਨੂੰ ਪੜ੍ਹਾਉਣ ਤੇ ਮੇਰੇ ਧੈਂਅ ਧੈਂਅ ਪੈਂਦੀਆਂ ਦੇਖਣ।
ਪਿਤਾ ਜੀ ਨੇ ਘਰ ਆ ਕੇ ਅਜੇ ਸਾਈਕਲ ਕੰਧ ਨਾਲ ਲਾਇਆ ਹੀ ਸੀ ਕਿ ਉਹ ਕਾਗਜ਼ ਫੜਾਉਣ ਲਈ ਭੱਜ ਪਏ। ਬਿਨਾਂ ਕੁਝ ਬੋਲੇ ਉਨ੍ਹਾਂ ਕਾਗਜ਼ ਪਿਤਾ ਜੀ ਦੇ ਹੱਥ ਵਿਚ ਫੜਾ ਦਿੱਤਾ। ਪਿਤਾ ਜੀ ਨੂੰ ਪਾਣੀ ਦਾ ਗਿਲਾਸ ਫੜਾਉਣ ਦਾ ਵੀ ਕਿਸੇ ਨੂੰ ਚੇਤਾ ਨਾ ਰਿਹਾ, ਮੇਰੇ ਤਾਂ ਭਲਾ ਕੀ ਚੇਤੇ ਰਹਿਣਾ ਸੀ! ਮੇਰੀ ਤਾਂ ਜਾਨ ’ਤੇ ਬਣੀ ਹੋਈ ਸੀ।
ਹੁਣ ਦੱਸਦੀ ਹਾਂ ਉਸ ਕਾਗਜ਼ ’ਤੇ ਮੈਂ ਕੀ ਲਿਖਿਆ ਸੀ:
ਅਸੀਂ ਲਾਗਲੇ ਪਿੰਡ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਜਾਂਦੇ ਸਾਂ। ਮੈਂ ਚੌਥੀ ਜਮਾਤ ਵਿਚ ਸੀ। ਮੈਥੋਂ ਵੱਡਾ ਭਰਾ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ। ਸਾਡੇ ਕੋਲ ਰਹਿੰਦਾ ਭੂਆ ਦਾ ਪੁੱਤ ਜਗਸੀਰ ਵੀ ਪੰਜਵੀਂ ਜਮਾਤ ਵਿਚ ਸੀ। ਸਾਰਿਆਂ ਤੋਂ ਛੋਟਾ ਭਰਾ ਦੂਜੀ ਜਮਾਤ ਵਿਚ ਪੜ੍ਹਦਾ ਸੀ। ਅਸੀਂ ਚਾਰੇ ਭੈਣ ਭਰਾ ਇਕੱਠੇ ਸਕੂਲ ਜਾਇਆ ਕਰਦੇ ਸਾਂ। ਕਈ ਦਿਨਾਂ ਤੋਂ ਹਰ ਰੋਜ਼ ਸਾਡੇ ਰਾਹ ਵਿੱਚ ਖੜ੍ਹਦੀ ਪੰਦਰਾਂ ਸੋਲਾਂ ਸਾਲਾਂ ਦੀ ਕੁੜੀ ਸਾਨੂੰ ਸਕੂਲ ਜਾਂਦਿਆਂ ਨੂੰ ਇਹ ਕਹਿ ਕੇ ਰਾਹ ’ਚੋਂ ਹੀ ਮੋੜ ਦਿੰਦੀ, “ਨਿਆਣਿਓ! ਮੁੜ ਜੋ ਘਰ ਨੂੰ, ਮੈਂ ਸਕੂਲ ਮੂਹਰਦੀ ਲੰਘ ਕੇ ਆਈ ਹਾਂ, ਸਕੂਲ ਤਾਂ ਅੱਜ ਛੁੱਟੀ ਐ।” ਅਸੀਂ ਜਵਾਕ ਕੁਝ ਤਾਂ ਉਸ ਤੋਂ ਡਰਦੇ ਮਾਰੇ ਤੇ ਕੁਝ ਛੁੱਟੀ ਦੇ ਚਾਅ ਨਾਲ ਘਰ ਨੂੰ ਮੁੜ ਆਉਂਦੇ, ਬਸਤੇ ਸੁੱਟਦੇ ਤੇ ਖੇਡਣ ਲੱਗ ਪੈਂਦੇ। ਉਦੋਂ ਤੱਕ ਪਿਤਾ ਜੀ ਤਾਂ ਡਿਊਟੀ ’ਤੇ ਜਾ ਚੁੱਕੇ ਹੁੰਦੇ। ਮਾਂ ਨੇ ਪੁੱਛਣਾ ਤਾਂ ਅਸੀਂ ਕਹਿ ਦੇਣਾ ਕਿ ਸਕੂਲੇ ਛੁੱਟੀ ਹੋ ਗਈ ਹੈ। ਕਈ ਦਿਨ ਇਉਂ ਹੀ ਉਹ ਸਾਨੂੰ ਰਾਹ ਵਿਚੋਂ ਮੋੜਦੀ ਰਹੀ ਤੇ ਅਸੀਂ ਮੌਜ ਮਸਤੀ ਵਿਚ ਖੇਡ ਕੁੱਦ ਕੇ ਸਮਾਂ ਲੰਘਾ ਲੈਂਦੇ। ਹੁਣ ਸੋਚਦੀ ਹਾਂ, ਉਹ ਇਉਂ ਕਿਉਂ ਕਰਦੀ ਸੀ? ਸ਼ਾਇਦ ਅਚੇਤ ਮਨ ਵਿਚ ਕਿਤੇ ਈਰਖਾ ਦੀ ਚੰਗਿਆੜੀ ਮਘ ਰਹੀ ਹੋਵੇ ਕਿ ਇਹ ਨਿੱਕੇ ਨਿੱਕੇ ਜਵਾਕ ਪੜ੍ਹ ਲਿਖ ਕੇ ਕੁਝ ਬਣ ਜਾਣਗੇ ਤੇ ਮੈਂ ਅਨਪੜ੍ਹ ਰਹਿ ਕੇ ਸਾਰੀ ਉਮਰ ਘਰ ਦੇ ਕੰਮਾਂ ਧੰਦਿਆਂ ’ਚ ਹੀ ਲੰਘਾ ਦੇਵਾਂਗੀ?
ਇਕ ਦਿਨ ਪਿਤਾ ਜੀ ਕੋਈ ਜ਼ਰੂਰੀ ਕਾਗਜ਼ ਘਰ ਭੁੱਲ ਗਏ। ਜਦੋਂ ਉਹ ਦਫਤਰੋਂ ਕਾਗਜ਼ ਲੈਣ ਆਏ ਤਾਂ ਅਸੀਂ ਸਾਰੇ ਖੇਡ ਰਹੇ ਸਾਂ। ਪਿਤਾ ਜੀ ਨੇ ਸਾਡੇ ਸਕੂਲ ਨਾ ਜਾਣ ਦਾ ਕਾਰਨ ਪੁੱਛਿਆ ਤਾਂ ਮਾਤਾ ਜੀ ਨੇ ਦੱਸਿਆ ਕਿ ਇਨ੍ਹਾਂ ਨੂੰ ਤਾਂ ਅੱਜ ਛੁੱਟੀ ਏ। ਪਿਤਾ ਜੀ ਨੂੰ ਪਤਾ ਸੀ ਕਿ ਅੱਜ ਕੋਈ ਛੁੱਟੀ ਨਹੀਂ, ਸ਼ਹਿਰ ਦੇ ਸਾਰੇ ਸਕੂਲ ਲੱਗੇ ਹੋਏ ਹਨ। ਜਦੋਂ ਸਾਡੀ ਖੜਕੈਂਤੀ ਹੋਈ ਤਾਂ ਸਾਨੂੰ ਸੱਚ ਦੱਸਣਾ ਪਿਆ, “ਨਾਮੋ ਕੀ ਬੰਸੋ ਸਾਨੂੰ ਕਈ ਦਿਨਾਂ ਤੋਂ ਰਾਹ ’ਚੋਂ ਈ ਮੋੜ ਦਿੰਦੀ ਆ ਕਿ ਸਕੂਲੇ ਤਾਂ ਅੱਜ ਛੁੱਟੀ ਐ।” ਗੱਲ ਸੁਣਦਿਆਂ ਹੀ ਪਿਤਾ ਜੀ ਦਾ ਪਾਰਾ ਚੜ੍ਹ ਗਿਆ। ਪਹਿਲਾਂ ਤਾਂ ਮਾਤਾ ਜੀ ਦੀ ਸ਼ਾਮਤ ਆਈ ਕਿ ਏਨੇ ਦਿਨਾਂ ਦਾ ਦੱਸਿਆ ਕਾਹਤੋਂ ਨਾ? ਫਿਰ ਉਹ ਸਾਨੂੰ ਅੱਧੀ ਦੁਪਹਿਰ ਬਸਤੇ ਚੁਕਵਾ ਕੇ ਸਕੂਲ ਛੱਡ ਕੇ ਆਏ। ਬੰਸੋ ਨੂੰ ਵੀ ਸਖ਼ਤੀ ਨਾਲ ਅਜਿਹਾ ਝਿੜਕਿਆ ਕਿ ਉਸ ਦਿਨ ਤੋਂ ਬਾਅਦ ਉਸ ਦੀ ਇਹੋ ਜਿਹੀ ਹਰਕਤ ਕਰਨ ਦੀ ਹਿੰਮਤ ਨਹੀਂ ਪਈ। ਮੇਰੇ ਬਾਲ ਮਨ ’ਤੇ ਇਸ ਘਟਨਾ ਦਾ ਬਹੁਤ ਬੁਰਾ ਅਸਰ ਪਿਆ ਤੇ ਮੈਂ ਸਾਰੀ ਘਟਨਾ ਨੂੰ ਨਾਟਕੀ ਰੂਪ ਦੇ ਦਿੱਤਾ ਸੀ।
ਪਿਤਾ ਜੀ ਜਿਵੇਂ ਜਿਵੇਂ ਪੜ੍ਹਦੇ ਗਏ, ਉਨ੍ਹਾਂ ਦਾ ਚਿਹਰਾ ਗੰਭੀਰ ਹੁੰਦਾ ਗਿਆ। ਫਿਰ ਉਨ੍ਹਾਂ ਉਸ ਕਾਗਜ਼ ਦੇ ਟੁਕੜੇ ਟੁਕੜੇ ਕਰ ਕੇ ਕੂੜਾਦਾਨ ਵਿਚ ਸੁੱਟ ਦਿੱਤੇ।
ਹੁਣ ਸੋਚਦੀ ਹਾਂ, ਕਾਸ਼! ਪਿਤਾ ਜੀ ਮੇਰੀ ਪਹਿਲੀ ਲਿਖਤ ਬਾਬਤ ਚੁੱਪ ਨਾ ਵੱਟਦੇ!! ਚੰਗਾ ਜਾਂ ਮੰਦਾ ਕੁਝ ਤਾਂ ਬੋਲਦੇ!!! ਉਨ੍ਹਾਂ ਦੀ ਜ਼ਰਾ ਜਿੰਨੀ ਹੱਲਾਸ਼ੇਰੀ ਨਾਲ ਮੈਂ ਵਧੀਆ ਲਿਖਾਰੀ ਬਣ ਸਕਦੀ ਸੀ ਪਰ ਖੁੰਝ ਗਏ ਵੇਲੇ ਦਾ ਕੋਈ ਕੀ ਕਰੇ!
ਸੰਪਰਕ: 78146-98117