ਗੜਿਆਂ ਤੇ ਤੇਜ਼ ਹਵਾਵਾਂ ਨਾਲ ਕਾਰਨ ਫ਼ਸਲਾਂ ਦਾ ਨੁਕਸਾਨ
ਜਸਬੀਰ ਸਿੰਘ ਸ਼ੇਤਰਾ/ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 2 ਮਾਰਚ
ਇਲਾਕੇ ’ਚ ਅੱਜ ਹੋਈ ਪਏ ਗੜਿਆਂ ਅਤੇ ਚੱਲੀਆਂ ਤੇਜ਼ ਹਵਾਵਾਂ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਆਲੂ ਉਤਪਾਦਕ ਵਧੇਰੇ ਨਿਰਾਸ਼ ਹਨ। ਇਲਾਕੇ ’ਚ ਜਿਹੜੇ ਕਿਸਾਨ ਆਲੂ ਪੁੱਟਣ ਲੱਗੇ ਹੋਏ ਸਨ ਉਨ੍ਹਾਂ ਨੇ ਗੜਿਆਂ ਤੇ ਬਾਰਸ਼ ਨਾਲ ਭਾਰੀ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ ਹੈ। ਇਸ ਤੋਂ ਇਲਾਵਾ ਤੇਜ਼ ਹਵਾਵਾਂ ਤੇ ਮੀਂਹ ਨੇ ਕਣਕ ਦੀ ਫ਼ਸਲ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਬੀਤੀ ਰਾਤ ਤੋਂ ਬਾਅਦ ਅੱਜ ਦਿਨ ਵੇਲੇ ਰੁਕ-ਰੁਕ ਕੇ ਤਿੰਨ ਵਾਰ ਹੋਈ ਬਾਰਸ਼ ਕਰ ਕੇ ਜਗਰਾਉਂ ਦੇ ਕਮਲ ਚੌਕ ਅਤੇ ਪੁਰਾਣੀ ਦਾਣਾ ਮੰਡੀ ਸਣੇ ਕਈ ਬਾਜ਼ਾਰਾਂ ’ਚ ਪਾਣੀ ਭਰ ਗਿਆ। ਸਦਨ ਮਾਰਕੀਟ ਵਾਲਾ ਪਾਸਾ ਤਾਂ ਪਾਣੀ ‘ਚ ਡੁੱਬਿਆ ਨਜ਼ਰ ਆਇਆ। ਗੜਿਆਂ ਅਤੇ ਮੀਂਹ ਕਰ ਕੇ ਕੁਝ ਦਿਨ ਤੋਂ ਵਧ ਰਹੇ ਤਾਪਮਾਨ ’ਚ ਵੀ ਗਿਰਾਵਟ ਆ ਗਈ ਜਿਸ ਕਰ ਕੇ ਅਗਲੇ ਕੁਝ ਦਿਨ ਹੋਰ ਠੰਢ ਰਹਿਣ ਦੀ ਉਮੀਦ ਹੈ।
ਆਲੂਆਂ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਅਤੇ ਪੁਟਾਈ ਦਾ ਸੀਜਨ ਸ਼ੁਰੂ ਹੋਣ ਕਾਰਨ ਆਲੂ ਉਤਪਾਦਕ ਵਧੇਰੇ ਨਿਰਾਸ਼ ਹਨ। ਆਲੂ ਲਾਉਣ ਵਾਲੇ ਕਿਸਾਨ ਦੀਦਾਰ ਸਿੰਘ ਮਲਕ ਨੇ ਦੱਸਿਆ ਕਿ ਉਹ ਪਿਛਲੇ ਦਿਨਾਂ ਤੋਂ ਲਗਾਤਾਰ ਆਲੂਆਂ ਦੀ ਪੁਟਾਈ ’ਚ ਰੁੱਝੇ ਹੋਏ ਸਨ। ਪੁੱਟੇ ਜਾ ਰਹੇ ਆਲੂ ਹਾਲੇ ਖੇਤਾਂ ’ਚ ਹੀ ਸਨ ਕਿ ਅੱਜ ਭਾਰੀ ਬਾਰਸ਼ ਤੇ ਗੜਿਆਂ ਨੇ ਵੱਡਾ ਨੁਕਸਾਨ ਕਰ ਦਿੱਤਾ ਹੈ। ਇਸ ਕਾਰਨ ਖੇਤਾਂ ’ਚ ਮਜ਼ਦੂਰਾਂ ਦਾ ਕੰਮ ਵੀ ਠੱਪ ਹੋ ਗਿਆ ਹੈ।
ਉਧਰ, ਸ਼ਹਿਰ ਦੇ ਕਈ ਹਿੱਸੇ ਕੁਝ ਸਮੇਂ ਦੀ ਬਾਰਸ਼ ਨਾਲ ਹੀ ਪਾਣੀ ’ਚ ਡੁੱਬ ਗਏ ਜਿਸ ਨਾਲ ਹਾਕਮ ਧਿਰ ਅਤੇ ਪ੍ਰਸ਼ਾਸਨ ਦੇ ਪਾਣੀ ਨਿਕਾਸੀ ਦੇ ਕੀਤੇ ਗਏ ਸਾਰੇ ਦਾਅਵਿਆਂ ਦੀ ਫੂਕ ਨਿੱਕਲ ਗਈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਜਗਤਾਰ ਸਿੰਘ ਦੇਹੜਕਾ, ਮਹਿੰਦਰ ਸਿੰਘ ਕਮਾਲਪੁਰਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਨੇ ਗੜੇਮਾਰੀ ਅਤੇ ਮੀਂਹ ਕਰਕੇ ਹੋਏ ਫ਼ਸਲਾਂ ਦੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।
ਲੁਧਿਆਣਾ (ਗਗਨਦੀਪ ਅਰੋੜਾ): ਸ਼ਨਿੱਚਰਵਾਰ ਬਾਅਦ ਦੁਪਹਿਰ ਚਾਰ ਵਜੇ ਦੇ ਆਸਪਾਸ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ। ਪੂਰਾ ਦਿਨ ਕਾਲੇ ਬੱਦਲ ਛਾਏ ਰਹੇ। ਸ਼ਾਮ ਹੁੰਦੇ ਹੁੰਦੇ ਇਹ ਬੱਦਲ ਕਾਫ਼ੀ ਤੇਜ਼ ਵਰ੍ਹੇ। ਸ਼ਾਮ ਤੱਕ ਮੌਸਮ ਵਿਭਾਗ ਨੇ 10 ਐਮਐਮ ਮੀਂਹ ਦਰਜ ਕੀਤਾ ਸੀ। ਮੀਂਹ ਨਾਲ ਤੇਜ਼ ਹਨੇਰੀ ਵੀ ਚੱਲੀ ਜਿਸ ਕਾਰਨ ਸ਼ਹਿਰ ਵਿੱਚ ਕਈ ਦਰੱਖਤ ਡਿੱਗ ਗਏ ਤੇ ਲੋਕਾਂ ਦੀਆਂ ਛੱਤਾਂ ’ਤੇ ਰੱਖੇ ਸ਼ੈੱਡ ਉੱਡ ਗਏ। ਮੌਸਮ ਵਿਭਾਗ ਨੇ ਸ਼ਹਿਰ ਵਿੱਚ ਮੀਂਹ ਤੇ ਹਨੇਰੀ ਦੀ ਪੇਸ਼ੀਨਗੋਈ ਕੀਤੀ ਸੀ। ਸ਼ਹਿਰ ਵਿੱਚ 50 ਤੋਂ 60 ਕਿਲੋਮੀਟਰ ਦੀ ਰਫ਼ਤਾਰ ਹਵਾ ਚੱਲੀ।
ਸ਼ਹਿਰ ਵਿੱਚ ਸਵੇਰ ਤੋਂ ਹੀ ਅਸਮਾਨ ਵਿੱਚ ਕਾਲੇ ਬਦਲ ਛਾਏ ਹੋਏ ਸਨ। ਦੁਪਹਿਰ ਤੋਂ ਬਾਅਦ ਕਣੀਆਂ ਸ਼ੁਰੂ ਹੋ ਗਈਆਂ ਤੇ ਚਾਰ ਵਜੇ ਦੇ ਕਰੀਬ ਤੇਜ਼ ਮੀਂਹ ਪੈਣ ਲੱਗਿਆ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪਿਆ। ਸ਼ਾਮ ਪੰਜ ਵਜੇ ਤੱਕ ਮੌਸਮ ਵਿਭਾਗ ਨੇ 10 ਐਮਐਮ ਮੀਂਹ ਦਰਜ ਕੀਤਾ ਸੀ।
ਮੌਸਮ ਵਿਭਾਗ ਦੇ ਵਿਗਿਆਨੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਪਿਛਲੇ 54 ਸਾਲਾਂ ਵਿੱਚ ਮਾਰਚ ਦੇ ਮਹੀਨੇ ਦੂਜੀ ਵਾਰ ਤੇਜ਼ ਮੀਂਹ ਪਿਆ ਹੈ। ਇਸ ਤੋਂ ਪਹਿਲਾਂ 1978 ਵਿੱਚ 2 ਮਾਰਚ ਨੂੰ 19 ਐਮਐਮ ਮੀਂਹ ਪਿਆ ਸੀ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਨੂੰ ਵੀ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂਕਿ 4 ਮਾਰਚ ਤੋਂ ਮੌਸਮ ਸਾਫ਼ ਰਹਿਣ ਦੇ ਆਸਾਰ ਹਨ। ਸ਼ਹਿਰ ਵਿੱਚ ਸ਼ਨਿੱਚਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਤੇ ਘੱਟੋ-ਘੱਟ ਤਾਪਮਾਨ 16.4 ਡਿਗਰੀ ਦਰਜ ਕੀਤਾ ਗਿਆ।
ਸਿਆਸੀ ਆਗੂਆਂ ਵੱਲੋਂ ਕਿਸਾਨਾਂ ਲਈ ਹਾਅ ਦਾ ਨਾਅਰਾ
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਇੱਥੋਂ ਦੇ ਸਿਆਸੀ ਆਗੂਆਂ ਨੇ ਮੌਸਮ ਦੀ ਖ਼ਰਾਬੀ ਕਾਰਨ ਨੁਕਸਾਨ ਝੱਲਣ ਵਾਲੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਆਗੂਆਂ ਨੇ ਮੰਗ ਕੀਤੀ ਹੈ ਕਿ ਜਿਹੜੇ ਕਿਸਾਨਾਂ ਦੇ ਕਣਕ, ਸਰ੍ਹੋਂ ਅਤੇ ਚਾਰੇ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਲਈ ਪਿੰਡ ਦੀ ਬਜਾਇ ਖੇਤ ਨੂੰ ਇਕਾਈ ਮੰਨਿਆ ਜਾਵੇ। ਏਡੀਸੀ (ਵਿਕਾਸ) ਹਰਬੰਸ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਮਾਲ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਰਾਜ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੇ-ਆਪਣੇ ਖੇਤਰ ਦੇ ਕਿਸਾਨਾਂ ਨਾਲ ਤਾਲਮੇਲ ਰੱਖਣ ਅਤੇ ਲੋੜ ਪੈਣ ‘ਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ ਹੈ। ਹਰਬੰਸ ਸਿੰਘ ਨੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਹਾਲਾਂ ਇਸ ਸਬੰਧ ਵਿੱਚ ਕੋਈ ਨਿਰਦੇਸ਼ ਨਹੀਂ ਆਏ ਪਰ ਸਬੰਧਤ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਖ਼ਰਾਬ ਮੌਸਮ ਦੇ ਚੱਲਦਿਆਂ ਪੀੜਤ ਕਿਸਾਨਾਂ ਦੀ ਤਕਲੀਫ਼ ਨੂੰ ਘੱਟ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ। ਸ਼੍ਰੋਮਣੀ ਅਕਾਲੀ ਦਲ ਆਗੂ ਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਇਸ ਖੇਤਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਏ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਕਣਕ, ਸਰ੍ਹੋਂ, ਆਲੂ ਅਤੇ ਚਾਰੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਸ੍ਰੀ ਝੂੰਦਾਂ ਨੇ ਮੰਗ ਕੀਤੀ ਕਿ ਵਿਸ਼ੇਸ਼ ਗਿਰਦਾਵਰੀ ਦੌਰਾਨ ਮੁਆਵਜ਼ੇ ਦਾ ਮੁਲਾਂਕਣ ਕਰਨ ਲਈ ਨੁਕਸਾਨੇ ਖੇਤਾਂ ਨੂੰ ਇਕਾਈ ਮੰਨਿਆ ਜਾਵੇ। ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸਰਵੇਖਣਾਂ ਅਤੇ ਗਿਰਦਾਵਰੀਆਂ ਦੇ ਨਤੀਜਿਆਂ ਦੀ ਲੰਮੀ ਉਡੀਕ ਦੀ ਥਾਂ ਪੀੜਤ ਕਿਸਾਨਾਂ ਦੀ ਤੁਰੰਤ ਮਦਦ ਕੀਤੀ ਜਾਵੇ।
ਗੜਿਆਂ ਕਾਰਨ ਵਾਹਨਾਂ ਦਾ ਨੁਕਸਾਨ
ਜਗਰਾਉਂ: ਇੱਥੇ ਅੱਜ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਪਏ ਗੜਿਆਂ ਕਾਰਨ ਫ਼ਸਲਾਂ ਦੇ ਨਾਲ ਨਾਲ ਵਾਹਨਾਂ ਦਾ ਵੀ ਨੁਕਸਾਨ ਹੋਇਆ ਹੈ। ਜਗਰਾਉਂ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ’ਚ ਗੜਿਆਂ ਨੇ ਧਰਤੀ ’ਤੇ ਬਰਫ ਦੀ ਚਿੱਟੀ ਚਾਦਰ ਵਿਛਾ ਦਿੱਤੀ। ਟੈਕਸੀ ਕਾਰੋਬਾਰ ਨਾਲ ਜੁੜੇ ਵੀਰੂ, ਗਗਨਦੀਪ ਅਤੇ ਗੋਗਾ ਮਾਨ ਨੇ ਦੱਸਿਆ ਕਿ ਪਹਿਲਾਂ ਤਾਂ ਹਲਕੀ ਬਾਰਸ਼ ਸ਼ੁਰੂ ਹੋਈ ਉਪਰੰਤ ਜਦੋਂ ਗੜੇ ਪੈਣੇ ਸ਼ੁਰੂ ਹੋਏ ਤਾਂ ਕਾਰਾਂ ਦੀਆਂ ਛੱਤਾਂ, ਸੀਸਿਆਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਅਤੇ ਟੈਕਸੀ ਚਾਲਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ।