ਇਨਕਲਾਬ ਜ਼ਿੰਦਾਬਾਦ
ਚਮਨ ਲਾਲ
ਹਿੰਦੋਸਤਾਨ ਦੇ ਆਜ਼ਾਦੀ ਸੰਗਰਾਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਹੀਦ ਹੋਏ ਜਿਨ੍ਹਾਂ ਵਿੱਚ ਪੁਰਸ਼ਾਂ ਦੇ ਨਾਲ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ। ਲੋਕ ਮਨਾਂ ਵਿੱਚ ਜਿੰਨੇ ਪੁਰਸ਼ ਸ਼ਹੀਦ ਦਰਜ ਹੋਏ ਓਨੇ ਔਰਤ ਸ਼ਹੀਦ ਨਹੀਂ ਹੋਏ, ਇੱਕ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਨੂੰ ਛੱਡ ਕੇ। ਪ੍ਰੀਤੀਲਤਾ ਵਾਡੇਦਾਰ ਅਜਿਹੀ ਹੀ ਇੱਕ ਸ਼ਹੀਦ ਹੈ, ਜੋ 23-24 ਸਤੰਬਰ 1932 ਦੀ ਦਰਮਿਆਨੀ ਰਾਤ ਨੂੰ ਸਾਇਨਾਈਡ ਦਾ ਕੈਪਸੂਲ ਖਾ ਕੇ ਪੁਲੀਸ ਦੇ ਹੱਥ ਆਉਣ ਤੋਂ ਪਹਿਲਾਂ ਹੀ ਸ਼ਹਾਦਤ ਦਾ ਜਾਮ ਪੀ ਗਈ। ਉਹ ਵੀ ਸਿਰਫ਼ 21 ਸਾਲਾਂ ਦੀ ਭਰ ਜਵਾਨ ਉਮਰ ਵਿੱਚ। ਪ੍ਰੀਤੀਲਤਾ ਦੀ ਕਹਾਣੀ ਬੜੀ ਹੀ ਪ੍ਰੇਰਨਾ ਭਰੀ ਹੈ। ਪੰਜ ਮਈ 1911 ਨੂੰ ਇੱਕ ਸਰਕਾਰੀ ਮੁਲਾਜ਼ਮ ਦੇ ਘਰ ਛੇ ਭੈਣ ਭਰਾਵਾਂ ਵਿੱਚੋਂ ਇੱਕ ਪ੍ਰੀਤੀਲਤਾ, ਹੁਣ ਦੇ ਬੰਗਲਾਦੇਸ਼ ਦੇ ਚਿਟਾਗੌਂਗ ਵਿੱਚ ਪੈਦਾ ਹੋਈ ਅਤੇ ਉਸ ਦੇ ਪਿਤਾ ਨੇ ਸਾਰੇ ਹੀ ਭੈਣ ਭਰਾਵਾਂ ਨੂੰ ਆਪਣੇ ਵਿੱਤ ਤੋਂ ਬਾਹਰ ਜਾ ਕੇ ਪੜ੍ਹਾਇਆ ਲਿਖਾਇਆ। ਕਲਕੱਤਾ ਯੂਨੀਵਰਸਿਟੀ ਤੋਂ ਉਸ ਨੇ 1928 ਵਿੱਚ ਅੱਵਲ ਦਰਜੇ ਵਿੱਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ, ਜੋ ਸਰਟੀਫਿਕੇਟ ਅੰਗਰੇਜ਼ ਹਕੂਮਤ ਨੇ ਉਸ ਦੀਆਂ ਇਨਕਲਾਬੀ ਸਰਗਰਮੀਆਂ ਕਰਕੇ ਦਿੱਤਾ ਨਹੀਂ ਅਤੇ ਸਿਰਫ਼ 2012 ਵਿੱਚ ਜਾ ਕੇ ਉਸ ਦਾ ਅਤੇ ਇੱਕ ਹੋਰ ਇਨਕਲਾਬੀ ਬੀਨਾ ਦਾਸ ਦੇ ਸਰਟੀਫਿਕੇਟ ਜਾਰੀ ਕੀਤੇ ਗਏ। ਜਿਸ ਵੇਲੇ ਪੰਜਾਬ ਵਿੱਚ ਭਗਤ ਸਿੰਘ ਦੀ ਸਮਾਜਵਾਦੀ ਇਨਕਲਾਬ ਦੀ ਲਹਿਰ ਸਿਖਰ ’ਤੇ ਸੀ, ਉਸੇ ਵੇਲੇ ਬੰਗਾਲ ਵਿੱਚ ਮਾਸਟਰ ਸੂਰਯਾ ਸੇਨ ਨੇ ਅਜਿਹੀ ਇਨਕਲਾਬੀ ਲਹਿਰ ਨੂੰ ਅਪਰੈਲ 1930 ਵਿੱਚ ਸਰਕਾਰੀ ਹਥਿਆਰ ਲੁੱਟਣ ਦੀ ਕਾਰਵਾਈ ਨਾਲ ਆਰੰਭਿਆ। ਪ੍ਰੀਤੀਲਤਾ ਅਤੇ ਕਲਪਨਾ ਦੱਤ ਜਿਸ ਨੇ ਬਾਅਦ ਵਿੱਚ ਚਟਗਰਾਮ (ਚਿਟਾਗੌਂਗ) ਇਨਕਲਾਬੀ ਲਹਿਰ ਦੀਆਂ ਯਾਦਾਂ ਲਿਖੀਆਂ ਅਤੇ ਭਾਰਤ ਦੀ ਕਮਿਊਨਿਸਟ ਪਾਰਟੀ ਦੇ ਮਸ਼ਹੂਰ ਆਗੂ ਪੀ.ਸੀ. ਜੋਸ਼ੀ ਨਾਲ ਵਿਆਹ ਕਰਵਾਇਆ, ਉਹ ਦੋਵੇਂ ਕਲਕੱਤੇ ਦੇ ਕਾਲਜ ਵਿੱਚ ਬੀ.ਏ. ਵਿੱਚ ਜਮਾਤੀ ਸਨ। ਇਹ ਦੋਵੇਂ ਚਿਟਾਗੌਂਗ ਲਹਿਰ ਅਤੇ ਮਾਸਟਰ ਸੂਰਯਾ ਸੇਨ ਤੋਂ ਪ੍ਰਭਾਵਿਤ ਹੋ ਕੇ ਲਹਿਰ ਦਾ ਅੰਗ ਬਣੀਆਂ, ਹਾਲਾਂਕਿ ਪ੍ਰੀਤੀਲਤਾ ਇੱਕ ਸਕੂਲ ਦੀ ਹੈੱਡਮਿਸਟਰਸ ਬਣ ਗਈ ਸੀ। ਇਸੇ ਇਨਕਲਾਬੀ ਲਹਿਰ ਦੇ ਅੰਗ ਵਜੋਂ ਉਸ ਨੇ ਆਪਣੇ ਸਾਥੀਆਂ ਸਮੇਤ ਚਿਟਾਗੌਂਗ ਦੇ ਪਹਾੜਤੱਲੀ ਯੂਰੋਪੀਅਨ ਕਲੱਬ ’ਤੇ 23 ਸਤੰਬਰ ਦੀ ਰਾਤ ਨੂੰ ਹਮਲਾ ਕਰ ਕੇ ਕਲੱਬ ਤਬਾਹ ਕਰ ਦਿੱਤਾ ਅਤੇ ਪ੍ਰੀਤੀਲਤਾ ਨੇ ਪੁਲੀਸ ਦੇ ਉਸ ਤੱਕ ਪਹੁੰਚਣ ਤੋਂ ਪਹਿਲਾਂ ਹੀ ਸਾਇਨਾਈਡ ਦੀ ਗੋਲੀ ਖਾ ਕੇ ਖ਼ੁਦਕੁਸ਼ੀ ਕਰ ਕੇ ਸ਼ਹੀਦ ਹੋ ਗਈ। ਉਸ ਦੀ ਜੇਬ੍ਹ ਵਿੱਚੋਂ ਅੰਗਰੇਜ਼ੀ ਵਿੱਚ ਲਿਖੇ ਕੁਝ ਨੋਟ ਬਰਾਮਦ ਹੋਏ ਸਨ। ਕਲਪਨਾ ਦੱਤ ਕਈ ਵਰ੍ਹੇ ਜੇਲ੍ਹ ਵਿੱਚ ਰਹੀ ਅਤੇ ਉਸ ਨੇ ਚਿਟਾਗੌਂਗ ਇਨਕਲਾਬੀ ਲਹਿਰ ਦੀਆਂ ਯਾਦਾਂ ਲਿਖੀਆਂ। ਕਲਪਨਾ ਦੱਤ ਦੀ ਨੂੰਹ ਅਤੇ ਪ੍ਰਸਿੱਧ ਪੱਤਰਕਾਰ ਮਾਨਿਨੀ ਚੈਟਰਜੀ ਨੇ ਆਪਣੀ ਮਸ਼ਹੂਰ ਅੰਗਰੇਜ਼ੀ ਕਿਤਾਬ ‘Do and Die’ ਜੋ ਮਹਾਤਮਾ ਗਾਂਧੀ ਦੇ 1942 ਦੇ ਭਾਰਤ ਛੱਡੋ ਲਹਿਰ ਦੇ ਨਾਅਰੇ Do or Die ਤੋਂ ਪਹਿਲਾਂ ਚਿਟਾਗੌਂਗ ਇਨਕਲਾਬੀ ਲਹਿਰ ਦਾ ਨਾਅਰਾ ਸੀ, ਵਿੱਚ ਪ੍ਰੀਤੀਲਤਾ ਵਾਡੇਦਰ ਦੇ ਲਿਖੇ ਉਹ ਨੋਟ ਛਾਪੇ ਸਨ , ਉਨ੍ਹਾਂ ਵਿੱਚੋਂ ਇਹ ਨੋਟ ਅੰਸ਼ ‘ਇਨਕਲਾਬ ਜ਼ਿੰਦਾਬਾਦ’ ਪ੍ਰੀਤੀਲਤਾ ਦੇ ਸ਼ਹਾਦਤ ਦਿਨ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
ਪ੍ਰੀਤੀਲਤਾ ਦੀਆਂ ਕੁਝ ਇਤਿਹਾਸਕ ਤਸਵੀਰਾਂ ਦੇ ਨਾਲ ਉਸ ਦਾ ਨੋਟ ਅੰਸ਼ ‘ਇਨਕਲਾਬ ਜ਼ਿੰਦਾਬਾਦ’ ਪੰਜਾਬੀ ਪਾਠਕਾਂ ਲਈ ਪੇਸ਼ ਹੈ:
ਇਨਕਲਾਬ ਜ਼ਿੰਦਾਬਾਦ
ਪ੍ਰੀਤੀਲਤਾ ਵਾਡੇਦਾਰ
ਮੈਂ ਬਾਕਾਇਦਾ ਐਲਾਨ ਕਰਦੀ ਹਾਂ ਕਿ ਮੈਂ ਭਾਰਤੀ ਗਣਤਾਂਤ੍ਰਿਕ ਸੈਨਾ ਦੀ ਚਟਗਾਓਂ ਸ਼ਾਖਾ ਤੋਂ ਹਾਂ, ਜਿਸ ਦਾ ਪਰਮ ਲਕਸ਼ ਜ਼ਾਲਮ, ਲੋਟੂ ਅਤੇ ਸਾਮਰਾਜਵਾਦੀ ਬਰਤਾਨਵੀ ਰਾਜ ਦੀ ਜਕੜ ਤੋਂ ਭਾਰਤ ਨੂੰ ਆਜ਼ਾਦ ਕਰਾ ਕੇ ਫੈਡਰਲ ਭਾਰਤੀ ਗਣਤੰਤਰ ਦੀ ਸਥਾਪਨਾ ਕਰਨਾ ਹੈ। 18 ਅਪਰੈਲ 1930 ਦੀ ਆਪਣੀ ਬੇਮਿਸਾਲ ਯਾਦਗਾਰੀ ਕਾਰਵਾਈ ਅਤੇ ਫਿਰ ਜਲਾਲਾਬਾਦ ਦੀਆਂ ਪਹਾੜੀਆਂ ’ਤੇ ਸਮੀਰਪੁਰ, ਫੇਣੀ, ਚੰਦਨ ਨਗਰ ਚੈਨਪੁਰ, ਢਾਕਾ, ਕੋਮਿਲਾ ਅਤੇ ਢਲਘਟ ਵਿੱਚ ਆਪਣੀਆਂ ਬਹਾਦਰੀ ਭਰੀਆਂ ਕਾਮਯਾਬੀਆਂ ਸਦਕਾ ਇਹ ਅਨੋਖੀ ਪਾਰਟੀ ਨੌਜਵਾਨਾਂ ਦੇ ਦਿਲੋਂ ਦਿਮਾਗ ’ਤੇ ਛਾ ਗਈ ਹੈ ਅਤੇ ਇਸ ਨੇ ਸਿਰਫ਼ ਬੰਗਾਲ ਹੀ ਨਹੀਂ, ਪੂਰੇ ਹਿੰਦੋਸਤਾਨ ਦੇ ਇਨਕਲਾਬੀਆਂ ਨੂੰ ਪ੍ਰੇਰਨਾ ਦਿੱਤੀ ਹੈ। ਮੈਨੂੰ ਮਾਣ ਹੈ ਕਿ ਮੈਨੂੰ ਇਸ ਮਾਣਮੱਤੀ ਪਾਰਟੀ ਦਾ ਮੈਂਬਰ ਬਣਨ ਦੇ ਕਾਬਿਲ ਸਮਝਿਆ ਗਿਆ ਹੈ।
ਅਸੀਂ ਆਜ਼ਾਦੀ ਦੀ ਲੜਾਈ ਲੜ ਰਹੇ ਹਾਂ। ਅੱਜ ਦੀ ਕਾਰਵਾਈ ਉਸ ਚੱਲ ਰਹੀ ਲੜਾਈ ਦਾ ਇੱਕ ਹਿੱਸਾ ਹੈ। ਬਰਤਾਨਵੀ ਲੋਕਾਂ ਨੇ ਸਾਥੋਂ ਸਾਡੀ ਆਜ਼ਾਦੀ ਖੋਹ ਲਈ ਹੈ। ਭਾਰਤ ਨੂੰ ਲਹੂ-ਲੁਹਾਣ ਕਰ ਦਿੱਤਾ ਹੈ ਅਤੇ ਕਰੋੜਾਂ ਕਰੋੜ ਭਾਰਤੀ ਔਰਤਾਂ-ਮਰਦਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਸਾਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ- ਨੈਤਿਕ ਤੌਰ ’ਤੇ, ਸਰੀਰਕ ਤੌਰ ’ਤੇ, ਸਿਆਸੀ ਅਤੇ ਆਰਥਿਕ ਤੌਰ ’ਤੇ, ਇਸ ਦੀ ਵਜ੍ਹਾ ਸਿਰਫ਼ ਤੇ ਸਿਰਫ਼ ਬਰਤਾਨਵੀ ਲੋਕ ਹਨ। ਇਸ ਤਰ੍ਹਾਂ ਉਹ ਸਾਡੇ ਮੁਲਕ ਦੇ ਸਭ ਤੋਂ ਵੱਡੇ ਦੁਸ਼ਮਣ ਸਾਬਤ ਹੋਏ ਹਨ। ਸਾਡੀ ਆਪਣੀ ਆਜ਼ਾਦੀ ਵਾਪਸ ਲੈਣ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਉਹੀ ਹਨ। ਇਸ ਲਈ ਸਾਨੂੰ ਮਜਬੂਰ ਹੋ ਕੇ ਬਰਤਾਨਵੀ ਕੌਮ ਦੇ ਹਰ ਮੈਂਬਰ ਖ਼ਿਲਾਫ਼ ਹਥਿਆਰ ਚੁੱਕਣੇ ਪਏ ਹਨ, ਚਾਹੇ ਉਹ ਸਰਕਾਰੀ ਹੋਵੇ ਜਾਂ ਗ਼ੈਰ ਸਰਕਾਰੀ। ਕਿਸੇ ਵੀ ਇਨਸਾਨ ਦੀ ਜਾਨ ਲੈਣਾ ਸਾਡੇ ਲਈ ਕੋਈ ਖ਼ੁਸ਼ੀ ਦੀ ਗੱਲ ਨਹੀਂ ਹੈ, ਪਰ ਇਸ ਆਜ਼ਾਦੀ ਦੀ ਲੜਾਈ ਵਿੱਚ ਸਾਨੂੰ ਆਪਣੇ ਰਾਹ ਵਿੱਚ ਆਉਣ ਵਾਲੀ ਕਿਸੇ ਵੀ ਰੁਕਾਵਟ ਨੂੰ ਕਿਸੇ ਵੀ ਤਰੀਕੇ ਨਾਲ ਹਟਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਜਦੋਂ ਸਾਡੀ ਪਾਰਟੀ ਦੇ ਬਹੁਤ ਹੀ ਆਦਰਯੋਗ ਆਗੂ ਮਹਾਨ ਮਾਸਟਰ ਦਾ (ਮਾਸਟਰ ਸੁਰਜਯੋ ਸੇਨ, ਦਾ ਦਰਜਾ ਉਨ੍ਹਾਂ ਦੀ ਪਾਰਟੀ ਵਿੱਚ ਭਗਤ ਸਿੰਘ ਵਰਗਾ ਹੀ ਸੀ, ਉਨ੍ਹਾਂ ਨੂੰ ਵੀ ਫਾਂਸੀ ਚੜ੍ਹਾ ਦਿੱਤਾ ਗਿਆ ਸੀ) ਨੇ ਮੈਨੂੰ ਅੱਜ ਦੇ ਹਥਿਆਰਬੰਦ ਹਮਲੇ ਵਿੱਚ ਸ਼ਾਮਿਲ ਹੋਣ ਲਈ ਬੁਲਾਇਆ ਤਾਂ ਮੈਨੂੰ ਲੱਗਿਆ ਕਿ ਮੈਂ ਕਿੰਨੀ ਖੁਸ਼ਕਿਸਮਤ ਹਾਂ ਜੋ ਮੇਰੀ ਇੰਨੀ ਪੁਰਾਣੀ ਹਸਰਤ ਆਖ਼ਰਕਾਰ ਪੂਰੀ ਹੋਣ ਜਾ ਰਹੀ ਹੈ। ਮੈਂ ਪੂਰੀ ਸੰਜੀਦਗੀ ਨਾਲ ਇਸ ਹੁਕਮ ਨੂੰ ਕਬੂਲ ਕੀਤਾ। ਪਰ ਜਦੋਂ ਉਸ ਮਹਾਨ ਹਸਤੀ ਨੇ ਮੈਨੂੰ ਇਸ ਹਮਲੇ ਦੀ ਅਗਵਾਈ ਕਰਨ ਲਈ ਕਿਹਾ ਤਾਂ ਮੈਂ ਸੰਕੋਚ ਵਿੱਚ ਪੈ ਗਈ। ਮੈਂ ਉਨ੍ਹਾਂ ਦੇ ਹੁਕਮ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਸ ਕਾਰਵਾਈ ਦੀ ਅਗਵਾਈ ਇੱਕ ਭੈਣ ਨੂੰ ਕਿਉਂ ਕਰਨੀ ਚਾਹੀਦੀ ਹੈ, ਜਦੋਂ ਇੰਨੇ ਤਾਕਤਵਰ ਅਤੇ ਤਜਰਬੇਕਾਰ ਭਰਾ ਮੌਜੂਦ ਹਨ? ਪਰ ਆਪਣੀਆਂ ਪੁਰਅਸਰ ਦਲੀਲਾਂ ਨਾਲ ਮਾਸਟਰ ਦਾ ਨੇ ਮੈਨੂੰ ਛੇਤੀ ਹੀ ਇਸ ਲਈ ਮਨਾ ਲਿਆ। ਮੈਨੂੰ ਆਪਣੇ ਆਗੂ ਦਾ ਹੁਕਮ ਸਿਰ ਮੱਥੇ ਸੀ ਅਤੇ ਉਸ ਪਰਮ ਪਿਤਾ ਨੂੰ ਯਾਦ ਕੀਤਾ ਜਿਸ ਦੀ ਪੂਜਾ ਮੈਂ ਬਚਪਨ ਤੋਂ ਕਰਦੀ ਆਈ ਹਾਂ ਕਿ ਉਹ ਇਸ ਵੱਡੀ ਭਾਰੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਵਿੱਚ ਮੇਰੀ ਮਦਦ ਕਰੇ। (ਚਿਟਾਗੌਂਗ ਇਨਕਲਾਬੀ ਲਹਿਰ ਦੇ ਆਗੂ ਮਾਸਟਰ ਸੂਰਯਾ ਸੇਨ ਨੂੰ ਮਾਸਟਰ ਦਾ ਭਾਵ ਭਰਾ ਕਹਿ ਕੇ ਆਦਰ ਨਾਲ ਬੁਲਾਇਆ ਜਾਂਦਾ ਸੀ। ਦਾ ਜਾਂ ਦਾਦਾ ਬੰਗਾਲੀ ਵਿੱਚ ਭਰਾ ਲਈ ਬਹੁਤ ਪਿਆਰ ਨਾਲ ਇਸਤੇਮਾਲ ਕੀਤਾ ਜਾਂਦਾ ਸ਼ਬਦ ਹੈ)
ਮੈਨੂੰ ਲੱਗਦਾ ਹੈ ਕਿ ਮੇਰਾ ਫਰਜ਼ ਹੈ ਕਿ ਮੈਂ ਆਪਣੇ ਹਮਵਤਨਾਂ ਨੂੰ ਦੱਸਾਂ ਕਿ ਮੈਂ ਇਸ ਕਾਰਵਾਈ ਵਿੱਚ ਕਿਉਂ ਸ਼ਾਮਿਲ ਹੋਈ। ਬਦਕਿਸਮਤੀ ਨਾਲ ਮੇਰੇ ਦੇਸ਼ ਦੇ ਬਹੁਤ ਸਾਰੇ ਲੋਕਾਂ ਨੂੰ ਇਹ ਜਾਣ ਕੇ ਬੜਾ ਧੱਕਾ ਲੱਗੇਗਾ ਕਿ ਇਨਸਾਨੀ ਜ਼ਿੰਦਗੀ ਦਾ ਕਤਲੇਆਮ ਵਰਗਾ ਭਿਆਨਕ ਕੰਮ ਕੋਈ ਅਜਿਹੀ ਕੁੜੀ ਕਿਵੇਂ ਕਰ ਸਕਦੀ ਹੈ, ਜਿਸਦੀ ਪਰਵਰਿਸ਼ ਭਾਰਤੀ ਇਸਤਰੀਪਣ ਦੀ ਬਿਹਤਰੀਨ ਪਰੰਪਰਾ ਵਿੱਚ ਹੋਈ ਹੈ। ਮੇਰੀ ਸਮਝ ਵਿੱਚ ਇਹ ਗੱਲ ਨਹੀਂ ਆਉਂਦੀ ਕਿ ਕਿਸੇ ਮਕਸਦ ਲਈ ਸੰਘਰਸ਼ ਵਿੱਚ ਔਰਤਾਂ ਅਤੇ ਮਰਦਾਂ ਵਿੱਚ ਫ਼ਰਕ ਆਖ਼ਰ ਕਿਉਂ ਕੀਤਾ ਜਾਂਦਾ ਹੈ? ਭੈਣਾਂ ਵੀ ਆਖ਼ਰ ਕਿਉਂ ਉਸ ਸੰਘਰਸ਼ ਵਿੱਚ ਸ਼ਰੀਕ ਨਹੀਂ ਹੋ ਸਕਦੀਆਂ? ਸਾਡੇ ਸਾਹਮਣੇ ਅਜਿਹੀਆਂ ਮਿਸਾਲਾਂ ਹਨ ਜਦ ਬੜੀਆਂ ਸੰਸਕਾਰੀ ਰਾਜਪੂਤ ਔਰਤਾਂ ਲੜਾਈ ਦੇ ਮੈਦਾਨ ਵਿੱਚ ਬੜੀ ਬਹਾਦਰੀ ਨਾਲ ਲੜੀਆਂ ਅਤੇ ਬਿਨਾ ਕਿਸੇ ਝਿਜਕ ਤੋਂ ਮੁਲਕ ਦੇ ਦੁਸ਼ਮਣਾਂ ਦਾ ਸਾਹਮਣਾ ਕੀਤਾ। ਇਨ੍ਹਾਂ ਬਹੁਸੰਸਕਾਰੀ ਔਰਤਾਂ ਦੇ ਦਲੇਰਾਨਾ ਕਾਰਨਾਮਿਆਂ ਨਾਲ ਤਾਂ ਇਤਿਹਾਸ ਦੇ ਪੰਨੇ ਭਰੇ ਪਏ ਹਨ।
ਫਿਰ ਕਿਉਂ ਸਾਨੂੰ ਆਧੁਨਿਕ ਭਾਰਤੀ ਔਰਤਾਂ ਨੂੰ ਵਿਦੇਸ਼ੀ ਗ਼ੁਲਾਮੀ ਤੋਂ ਸਾਡੇ ਮੁਲਕ ਨੂੰ ਆਜ਼ਾਦ ਕਰਾਉਣ ਦੇ ਇਸ ਮਹਾਨ ਸੰਘਰਸ਼ ਵਿੱਚ ਸ਼ਾਮਿਲ ਹੋਣ ਤੋਂ ਵਾਂਝਾ ਰੱਖਿਆ ਜਾਵੇ? ਭੈਣਾਂ ਆਪਣੇ ਭਰਾਵਾਂ ਨਾਲ ਜੇ ਸਤਿਆਗ੍ਰਹਿ ਲਹਿਰ ਵਿੱਚ ਕਦਮ ਨਾਲ ਕਦਮ ਮਿਲਾ ਕੇ ਚੱਲ ਸਕਦੀਆਂ ਹਨ ਤਾਂ ਇਨਕਲਾਬੀ ਲਹਿਰ ਵਿੱਚ ਅਜਿਹਾ ਕਰਨ ਦਾ ਹੱਕ ਉਨ੍ਹਾਂ ਨੂੰ ਕਿਉਂ ਨਹੀਂ ਹੋਣਾ ਚਾਹੀਦਾ? ਕੀ ਇਸ ਲਈ ਕਿ ਇਸ ਲਹਿਰ ਦੇ ਤੌਰ ਤਰੀਕੇ ਵੱਖਰੇ ਹਨ? ਜਾਂ ਕਿ ਇਸ ਲਈ ਕਿ ਔਰਤਾਂ ਇੰਨੀਆਂ ਤਾਕਤਵਰ ਨਹੀਂ ਹਨ ਕਿ ਇਸ ਵਿੱਚ ਸ਼ਾਮਿਲ ਹੋ ਸਕਣ?
ਜਿੱਥੋਂ ਤੱਕ ਤਰੀਕੇ ਯਾਨੀ ਹਥਿਆਰਬੰਦ ਇਨਕਲਾਬ ਦੀ ਗੱਲ ਹੈ, ਉਹ ਤਾਂ ਕੋਈ ਅਨੋਖਾ ਤਰੀਕਾ ਨਹੀਂ ਹੈ। ਇਸ ਨੂੰ ਤਾਂ ਕਈ ਮੁਲਕਾਂ ਵਿੱਚ ਬੜੀ ਕਾਮਯਾਬੀ ਨਾਲ ਅਪਣਾਇਆ ਗਿਆ ਹੈ ਅਤੇ ਉਨ੍ਹਾਂ ਵਿੱਚ ਔਰਤਾਂ ਨੇ ਵੀ ਸੈਂਕੜਿਆਂ ਦੀ ਤਾਦਾਦ ਵਿੱਚ ਹਿੱਸਾ ਲਿਆ ਹੈ। ਫਿਰ ਹਿੰਦੋਸਤਾਨ ਵਿੱਚ ਹੀ ਕਿਉਂ ਇਸ ਤਰੀਕੇ ਨੂੰ ਨਫ਼ਰਤੀ ਮੰਨਿਆ ਜਾਵੇ? ਜਿੱਥੋਂ ਤੱਕ ਤਾਕਤਵਰ ਹੋਣ ਦੀ ਗੱਲ ਹੈ ਤਾਂ ਕੀ ਇਹ ਸਰਾਸਰ ਨਾਇਨਸਾਫ਼ੀ ਨਹੀਂ ਹੈ ਕਿ ਆਜ਼ਾਦੀ ਦੀ ਲੜਾਈ ਵਿੱਚ ਔਰਤਾਂ ਨੂੰ ਹਮੇਸ਼ਾ ਕਮਜ਼ੋਰ ਅਤੇ ਛੋਟਾ ਮੰਨਿਆ ਜਾਵੇ? ਹੁਣ ਵਕਤ ਆ ਗਿਆ ਹੈ ਕਿ ਇਸ ਝੂਠੀ ਧਾਰਨਾ ਨੂੰ ਛੱਡ ਦਿੱਤਾ ਜਾਵੇ। ਜੇ ਉਹ ਅੱਜ ਵੀ ਕਮਜ਼ੋਰ ਹਨ ਤਾਂ ਸਿਰਫ਼ ਇਸ ਲਈ ਕਿ ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ ਗਿਆ ਹੈ। ਪਰ ਹੁਣ ਔਰਤਾਂ ਨੇ ਅਹਿਦ ਕਰ ਲਿਆ ਹੈ ਕਿ ਉਹ ਜ਼ਿਆਦਾ ਪਿੱਛੇ ਨਹੀਂ ਰਹਿਣਗੀਆਂ ਅਤੇ ਖ਼ਤਰਨਾਕ ਤੋਂ ਖ਼ਤਰਨਾਕ ਅਤੇ ਮੁਸ਼ਕਿਲ ਤੋਂ ਮੁਸ਼ਕਿਲ ਕਾਰਵਾਈ ਵਿੱਚ ਵੀ ਆਪਣੇ ਭਰਾਵਾਂ ਨਾਲ ਖੜ੍ਹੀਆਂ ਰਹਿਣਗੀਆਂ।
ਮੈਂ ਬੜੀ ਸ਼ਿੱਦਤ ਨਾਲ ਉਮੀਦ ਕਰਦੀ ਹਾਂ ਕਿ ਮੇਰੀਆਂ ਭੈਣਾਂ ਹੁਣ ਖ਼ੁਦ ਨੂੰ ਭਰਾਵਾਂ ਤੋਂ ਕਮਜ਼ੋਰ ਨਹੀਂ ਸਮਝਣਗੀਆਂ ਅਤੇ ਹਰ ਤਰ੍ਹਾਂ ਦੇ ਖ਼ਤਰਿਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਖ਼ੁਦ ਨੂੰ ਤਿਆਰ ਕਰਨਗੀਆਂ ਅਤੇ ਹਜ਼ਾਰਾਂ ਹਜ਼ਾਰ ਦੀ ਤਾਦਾਦ ਵਿੱਚ ਇਨਕਲਾਬੀ ਲਹਿਰ ਵਿੱਚ ਸ਼ਾਮਿਲ ਹੋਣਗੀਆਂ।
ਈ-ਮੇਲ: Chamanlal.jnu@gmail.com