For the best experience, open
https://m.punjabitribuneonline.com
on your mobile browser.
Advertisement

ਮੁਹਾਲੀ ਜ਼ਿਲ੍ਹੇ ਵਿੱਚ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਲੋਕ ਸਭਾ ਚੋਣਾਂ ਦਾ ਅਮਲ

07:47 AM Jun 02, 2024 IST
ਮੁਹਾਲੀ ਜ਼ਿਲ੍ਹੇ ਵਿੱਚ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ ਲੋਕ ਸਭਾ ਚੋਣਾਂ ਦਾ ਅਮਲ
ਮੁਹਾਲੀ ਦੇ ਇੱਕ ਬੂਥ ’ਤੇ ਵੋਟਰਾਂ ਨਾਲ ਨੱਚਦੇ ਹੋਏ ਡੀਸੀ ਆਸ਼ਿਕਾ ਜੈਨ।
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 1 ਜੂਨ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਧੀਨ ਆਉਂਦੇ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਅੱਜ ਲੋਕ ਸਭਾ ਚੋਣਾਂ ਮਾਮੂਲੀ ਧੱਕਾ-ਮੁੱਕੀ ਦੀਆਂ ਘਟਨਾਵਾਂ ਨੂੰ ਛੱਡ ਕੇ ਬਾਕੀ ਥਾਵਾਂ ’ਤੇ ਪੁਰਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ। ਸਵੇਰੇ 7 ਵਜੇ ਮਤਦਾਨ ਸ਼ੁਰੂ ਹੋਇਆ ਦੇਰ ਸ਼ਾਮ ਤੱਕ ਜਾਰੀ ਰਿਹਾ। ਇਸ ਵਾਰ ਮੁਹਾਲੀ ਜ਼ਿਲ੍ਹੇ ਵਿੱਚ 33 ਸਥਾਨਾਂ ’ਤੇ 89 ਸੰਵੇਦਨਸ਼ੀਲ/ਨਾਜ਼ੁਕ ਬੂਥ ਐਲਾਨੇ ਗਏ ਸਨ। ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਪਰਿਵਾਰ ਨਾਲ ਸੈਕਟਰ-71 ਦੇ ਪੋਲਿੰਗ ਬੂਥ ’ਤੇ ਵੋਟ ਪਾਈ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਮੇਅਰ ਜੀਤੀ ਸਿੱਧੂ ਨੇ ਪਰਿਵਾਰ ਨਾਲ ਫੇਜ਼-7 ਵਿੱਚ ਬੂਥ ’ਤੇ ਜਾ ਕੇ ਪਰਿਵਾਰ ਨਾਲ ਵੋਟ ਪਾਈ। ‘ਆਪ’ ਉਮੀਦਵਾਰ ਮਾਲਵਿੰਦਰ ਕੰਗ ਨੇ ਫੇਜ਼-11 ਅਤੇ ਕਰਮਜੀਤ ਅਨਮੋਲ ਨੇ ਫੇਜ਼-10 ਵਿੱਚ ਵੋਟ ਪਾਈ। ਡੀਸੀ ਆਸ਼ਿਕਾ ਜੈਨ ਨੇ ਫੇਜ਼-5 ਵਿੱਚ ਮਤਦਾਨ ਕੀਤਾ।
ਉਂਜ, ਮੁਹਾਲੀ ਨੇੜਲੇ ਪਿੰਡ ਕੁਰੜੀ ਵਿੱਚ ‘ਆਪ’ ਅਤੇ ਕਾਂਗਰਸੀ ਵਰਕਰ ਜਾਅਲੀ ਵੋਟਾਂ ਨੂੰ ਲੈ ਕੇ ਆਪਸ ਵਿੱਚ ਉਲਝ ਪਏ। ਇਸ ਕਾਰਨ ਕਾਂਗਰਸੀ ਵਰਕਰ ਜਤਿੰਦਰ ਸਿੰਘ ਦੀ ਲੱਤ ’ਤੇ ਸੱਟ ਵੱਜੀ ਹੈ। ਜਤਿੰਦਰ ਸਿੰਘ ਨੇ ਦੱਸਿਆ ਕਿ ‘ਆਪ’ ਆਗੂ ਕਥਿਤ ਜਾਅਲੀ ਵੋਟਾਂ ਪੁਆ ਰਹੇ ਸਨ। ਇੱਕ ਘਰ ਵਿੱਚ ਬਾਹਰੀ ਵਿਅਕਤੀਆਂ ਦੀਆਂ 15 ਵੋਟਾਂ ਬਣੀਆਂ ਹੋਈਆਂ ਸਨ ਜਿਸ ਦਾ ਉਸ ਨੇ ਵਿਰੋਧ ਕਰਨਾ ਚਾਹਿਆ ਤਾਂ ਉਹ ਝਗੜਾ ਕਰਨ ਲੱਗ ਪਏ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਸ਼ਾਮ ਪੰਜ ਵਜੇ ਤਕ ਮੁਹਾਲੀ ਵਿੱਚ 48 ਫ਼ੀਸਦੀ, ਖਰੜ ਵਿੱਚ 51 ਫ਼ੀਸਦੀ ਅਤੇ ਡੇਰਾਬੱਸੀ ਵਿੱਚ 61 ਫ਼ੀਸਦੀ ਵੋਟਾਂ ਪਈਆਂ ਹਨ। ਇਸ ਦੌਰਾਨ ਵਿਸ਼ੇਸ਼ ਆਬਜ਼ਰਵਰ ਰਾਮ ਮੋਹਨ ਮਿਸ਼ਰਾ, ਆਬਜ਼ਰਵਰ ਜਨਰਲ ਡਾ. ਹੀਰਾ ਲਾਲ, ਜ਼ਿਲ੍ਹਾ ਚੋਣ ਅਫ਼ਸਰ ਅਤੇ ਐੱਸਐੱਸਪੀ ਸੰਦੀਪ ਗਰਗ ਨੇ ਵੱਖ-ਵੱਖ ਪੋਲਿੰਗ ਬੂਥਾਂ ਦਾ ਤੂਫ਼ਾਨੀ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ। ਮੁਹਾਲੀ ਜ਼ਿਲ੍ਹੇ ਵਿੱਚ 30 ਮਾਡਲ ਬੂਥ, 6 ਗਰੀਨ ਬੂਥ ਤੇ ਤਿੰਨ ਗੁਲਾਬੀ ਬੂਥ ਵੋਟਰਾਂ ਦੀ ਖਿੱਚ ਦਾ ਕੇਂਦਰ ਰਹੇ।
ਮੁਹਾਲੀ ਜ਼ਿਲ੍ਹੇ ਵਿੱਚ 8 ਲੱਖ 12 ਹਜ਼ਾਰ 593 ਵੋਟਰ ਹਨ। ਪੋਲਿੰਗ ਸਟਾਫ਼ ਅਤੇ ਪੋਲਿੰਗ ਪਾਰਟੀ ਦੇ ਮੁਖੀਆਂ ਵਿੱਚ ਸਭ ਤੋਂ ਵੱਧ ਨਾਰੀ ਸ਼ਕਤੀ ਹੈ, ਕਿਉਂਕਿ ਕਰੀਬ 70 ਫ਼ੀਸਦੀ ਮਹਿਲਾ ਮੁਲਾਜ਼ਮ ਹਨ ਅਤੇ 30 ਫ਼ੀਸਦੀ ਪੁਰਸ਼ ਹਨ। ਜ਼ਿਲ੍ਹੇ ਵਿੱਚ ਦੋ ਸੁਪਰ ਮਾਡਲ ਬੂਥ, 30 ਮਾਡਲ ਬੂਥ, 3-3 ਪਿੰਕ, ਦਿਵਿਆਂਗ ਅਤੇ ਯੂਥ ਬੂਥ ਹਨ। ਇਸ ਤੋਂ ਇਲਾਵਾ ਕੁੱਝ ਹਰੇ ਬੂਥ ਬਣਾਏ ਸਨ। ਮੁਹਾਲੀ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ 818 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਸਨ। 825 ਪੋਲਿੰਗ ਬੂਥਾਂ ਦੀ ਵੈਲਬਕਾਸਟਿੰਗ ਕਰਵਾਈ ਗਈ। ਦੇਰ ਸ਼ਾਮ ਪੋਲਿੰਗ ਸਟਾਫ਼ ਵੱਲੋਂ ਈਵੀਐਮ ਸਟਰਾਂਗ ਰੂਮ ਵਿੱਚ ਜਮ੍ਹਾਂ ਕਰਵਾਈਆਂ ਗਈਆਂ। ਇਨ੍ਹਾਂ ਥਾਵਾਂ ’ਤੇ 24 ਘੰਟੇ ਸੁਰੱਖਿਆ ਕਰਮਚਾਰੀ ਤਾਇਨਾਤ ਰਹਿਣਗੇ। ਸਟਰਾਂਗ ਰੂਮ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਅਤੇ ਉਮੀਦਵਾਰਾਂ ਦੇ ਅਧਿਕਾਰਤ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਸੀਲ ਕੀਤੇ ਗਏ ਹਨ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

Advertisement

Advertisement
Author Image

Advertisement
Advertisement
×