For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਸਿਆਸੀ ਆਗੂਆਂ ਨੇ ਪਾਰਕਾਂ ਵਿੱਚ ਡੇਰੇ ਲਾਏ

10:05 AM May 07, 2024 IST
ਲੋਕ ਸਭਾ ਚੋਣਾਂ  ਸਿਆਸੀ ਆਗੂਆਂ ਨੇ ਪਾਰਕਾਂ ਵਿੱਚ ਡੇਰੇ ਲਾਏ
ਲੁਧਿਆਣਾ ਦੇ ਇਕ ਪਾਰਕ ਵਿੱਚ ਲੋਕਾਂ ਨੂੰ ਮਿਲਦੇ ਹੋਏ ਰਵਨੀਤ ਬਿੱਟੂ।
Advertisement

ਗਗਨਦੀਪ ਅਰੋੜਾ
ਲੁਧਿਆਣਾ, 6 ਮਈ
ਲੋਕ ਸਭਾ ਹਲਕਾ ਲੁਧਿਆਣਾ ਵਿੱਚ ਸਿਆਸੀ ਧਿਰਾਂ ਦੇ ਆਗੂਆਂ ਨੇ ਚੋਣ ਪ੍ਰਚਾਰ ਦੀ ਹਨੇਰੀ ਲਿਆਂਦੀ ਹੋਈ ਹੈ ਅਤੇ ਆਗੂਆਂ ਨੇ ਸ਼ਹਿਰ ਦੀਆਂ ਪਾਰਕਾਂ ਨੂੰ ਸਿਆਸਤ ਦਾ ਅਖਾੜਾ ਬਣਾ ਲਿਆ ਹੈ। ਜਾਣਕਾਰੀ ਅਨੁਸਾਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਤੜਕੇ ਹੀ ਪਾਰਕਾਂ ’ਚ ਸੈਰ ਕਰਨ ਪੁੱਜ ਜਾਂਦੇ ਹਨ ਤਾਂ ਜੋ ਲੋਕਾਂ ਨਾਲ ਰਾਬਤਾ ਬਣਾਇਆ ਜਾ ਸਕੇ। ਪਤਾ ਲੱਗਾ ਹੈ ਕਿ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰ ਪਾਰਕਾਂ ’ਚ ਸੈਰ ਕਰਨ ਲਈ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਜਾ ਰਹੇ ਹਨ ਅਤੇ ਲੋਕਾਂ ਨੂੰ ਮਿਲ ਕੇ ਸਹਿਯੋਗ ਮੰਗ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚੋਣ ਪ੍ਰਚਾਰ ਦਾ ਤਰੀਕਾ ਵੱਖਰਾ ਹੈ। ਪਜਾਮਾ ਟੀ-ਸ਼ਰਟ ਤੇ ਸਿਰ ’ਤੇ ਟੋਪੀ ਪਾ ਕੇ ਰਾਜਾ ਵੜਿੰਗ ਪਹਿਲੇ ਦਿਨ ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਦੇ ਇੱਕ ਪਾਰਕ ’ਚ ਸੈਰ ਕਰਨ ਪੁੱਜੇ। ਉਸ ਤੋਂ ਬਾਅਦ ਅਗਲੇ ਦਿਨ ਉਹ ਕਿਦਵਈ ਨਗਰ ਸਥਿਤ ਮਿਨੀ ਰੋਜ਼ ਗਾਰਡਨ ਪੁੱਜੇ। ਇਸ ਦੌਰਾਨ ਸਾਬਕਾ ਵਿਧਾਇਕ ਸੁਰਿੰਦਰ ਡਾਬਰ ਉਨ੍ਹਾਂ ਨਾਲ ਮੌਜੂਦ ਸਨ ਅਤੇ ਅੱਜ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਉਹ ਰੋਜ਼ ਗਾਰਡਨ ਪੁੱਜੇ। ਜਿੱਥੇ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲੇ ਤੇ ਆਪਣੇ ਹੱਕ ’ਚ ਵੋਟਾਂ ਮੰਗੀਆਂ। ਰਾਜਾ ਵੜਿੰਗ ਨੂੰ ਦੇਖ ਬਿੱਟੂ ਕਿੱਥੇ ਪਿੱਛੇ ਰਹਿਣ ਵਾਲੇ ਸਨ। ਉਹ ਵੀ ਪ੍ਰਚਾਰ ਲਈ ਮਿਨੀ ਰੋਜ਼ ਗਾਰਡਨ ਪੁੱਜੇ ਤੇ ਲੋਕਾਂ ਨਾਲ ਗੱਲਬਾਤ ਕੀਤੀ। ਲੋਕਾਂ ਨੇ ਜਦੋਂ ਉਨ੍ਹਾਂ ਨੂੰ ਪਾਰਕ ’ਚ ਆਉਣ ਵਾਲੀਆਂ ਸਮੱਸਿਆਵਾਂ ਦੱਸੀਆਂ ਤਾਂ ਉਨ੍ਹਾਂ ਨੇ ਦੇਰ ਨਾ ਕਰਦੇ ਹੋਏ ਤੁਰੰਤ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਫੋਨ ਖੜਕਾ ਦਿੱਤਾ ਤੇ ਇਸ ਨੂੰ ਤੁਰੰਤ ਹੱਲ ਕਰਵਾਉਣ ਦੀ ਗੱਲ ਆਖੀ। ਉਕਤ ਅਧਿਕਾਰੀ ਨੂੰ ਇਹ ਵੀ ਆਖ ਦਿੱਤਾ ਕਿ ਉਸ ਦੇ ਉਚ ਅਧਿਕਾਰੀਆਂ ਨਾਲ ਗੱਲ ਵੀ ਕਰ ਲਈ ਜਾਵੇਗੀ ਅਤੇ ਲੋਕਾਂ ਦੀ ਪ੍ਰੇਸ਼ਾਨੀ ਹੱਲ ਕੀਤੀ ਜਾਵੇਗੀ। ਇਸ ਤੋਂ ਬਾਅਦ ਸੰਸਦ ਮੈਂਬਰ ਬਿੱਟੂ ਵੀ ਸੈਰ ਕਰਦੇ ਲੋਕਾਂ ਨੂੰ ਮਿਲਦੇ ਹੋਏ ਚਲੇ ਗਏ। ਅਕਾਲੀ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਵੀ ਪਾਰਕ ’ਚ ਲੋਕਾਂ ਨੂੰ ਮਿਲੇ ਅਤੇ ਆਪਣੇ ਹੱਕ ’ਚ ਵੋਟ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×