ਲੋਕ ਸਭਾ ਚੋਣਾਂ: ਸੁਰੱਖਿਆ ਪ੍ਰਬੰਧਾਂ ਲਈ ਮੁਹਾਲੀ ਅਤੇ ਯੂਟੀ ਪੁਲੀਸ ਨੇ ਤਾਲਮੇਲ ਵਧਾਇਆ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 29 ਮਾਰਚ
ਪੰਜਾਬ ਵਿੱਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅੱਜ ਮੁਹਾਲੀ ਪੁਲੀਸ ਦੇ ਸਬ ਡਿਵੀਜ਼ਨ-2 ਅਧੀਨ ਆਉਂਦੇ ਖੇਤਰ ਅਤੇ ਗੁਆਂਢੀ ਸੂਬਾ ਚੰਡੀਗੜ੍ਹ ਵਿੱਚ ਚੌਕਸੀ ਵਧਾਉਣ ਸਬੰਧੀ ਮੁਹਾਲੀ ਅਤੇ ਯੂਟੀ ਪੁਲੀਸ ਦੇ ਅਧਿਕਾਰੀ ਸਿਰਜੋੜ ਕੇ ਬੈਠੇ।
ਇਸ ਸਾਂਝੀ ਤੇ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਕੀਤੀ। ਮੀਟਿੰਗ ਵਿੱਚ ਚੰਡੀਗੜ੍ਹ ਸਾਊਥ ਦੇ ਡੀਐਸਪੀ ਦਲਬੀਰ ਸਿੰਘ ਦੀ ਅਗਵਾਈ ਹੇਠ ਯੂਟੀ ਪੁਲੀਸ ਦੇ ਵੱਖ-ਵੱਖ ਥਾਣਾ ਮੁਖੀਆਂ ਨੇ ਵੀ ਸ਼ਮੂਲੀਅਤ ਕੀਤੀ। ਡੀਐਸਪੀ ਬੱਲ ਨੇ ਦੱਸਿਆ ਕਿ ਐੱਸਐੱਸਪੀ ਸੰਦੀਪ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਸਾਂਝੀ ਤਾਲਮੇਲ ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਚੰਡੀਗੜ੍ਹ ਅਤੇ ਮੁਹਾਲੀ ਦੀਆਂ ਕਈਆਂ ਹੱਦਾਂ ਸਾਂਝੀਆਂ ਹਨ। ਲਿਹਾਜ਼ਾ ਮੁਹਾਲੀ ਤੇ ਯੂਟੀ ਪੁਲੀਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਸਾਂਝੇ ਨਾਕੇ ਲਗਾਏ ਜਾਣਗੇ ਅਤੇ ਜਿੱਥੇ ਵੀ ਲੋੜ ਹੋਵੇਗੀ ਉੱਥੇ ਸਾਂਝੇ ਅਪਰੇਸ਼ਨ ਕੀਤੇ ਜਾਣਗੇ। ਨਾਲ ਹੀ ਚੰਡੀਗੜ੍ਹ ਨਾਲ ਲਗਦੇ ਮੁਹਾਲੀ ਦੇ ਖੇਤਰਾਂ ਵਿੱਚ ਲੋੜ ਪੈਣ ’ਤੇ ਯੂਟੀ ਅਤੇ ਸਥਾਨਕ ਪੁਲੀਸ ਵੱਲੋਂ ਸਾਂਝੀ ਮੁਹਿੰਮ ਵਿੱਢੀ ਜਾਵੇ। ਡੀਐੱਸਪੀ ਬੱਲ ਨੇ ਇੱਕ ਮਿਸਾਲ ਦਿੰਦਿਆਂ ਕਿਹਾ ਕਿ ਜਗਤਪੁਰਾ ਦੀ ਹੱਦ ਚੰਡੀਗੜ੍ਹ ਨਾਲ ਸਾਂਝੀ ਹੈ। ਇਸੇ ਤਰ੍ਹਾਂ ਪਿੰਡ ਫੈਦਾ ਦੀ ਹੱਦ ਮੁਹਾਲੀ ਨਾਲ ਸਾਂਝੀ ਹੈ। ਅਕਸਰ ਅਪਰਾਧੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੜੀ ਆਸਾਨੀ ਨਾਲ ਦੂਜੇ ਖੇਤਰ ਵੱਲ ਭੱਜ ਜਾਂਦੇ ਹਨ ਅਤੇ ਪੁਲੀਸ ਦੀ ਪਕੜ ਤੋਂ ਬਚ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਅਜਿਹੀਆਂ ਸਾਰੀਆਂ ਥਾਵਾਂ ’ਤੇ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਸਰਚ ਅਭਿਆਨ ਚਲਾਇਆ ਜਾਵੇਗਾ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਅਸਰਦਾਰ ਤਰੀਕੇ ਨਾਲ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਮੀਟਿੰਗ ਦੌਰਾਨ ਚੰਡੀਗੜ੍ਹ ਦੇ ਸੈਕਟਰ-31, ਸੈਕਟਰ-49 ਦੇ ਐਸਐਚਓਜ਼ ਅਤੇ ਬੁੜੈਲ ਚੌਂਕੀ ਦੇ ਇੰਚਾਰਜ, ਸੈਂਟਰਲ ਥਾਣਾ ਫੇਜ਼-8 ਮੁਹਾਲੀ, ਥਾਣਾ ਫੇਜ਼-11, ਸੋਹਾਣਾ ਥਾਣਾ ਅਤੇ ਆਈਟੀ ਸਿਟੀ ਦੇ ਥਾਣਾ ਮੁਖੀ ਨੇ ਵੀ ਸ਼ਿਰਕਤ ਕੀਤੀ।