ਲੋਕ ਸਭਾ ਚੋਣਾਂ: ਕਾਂਗਰਸ ਵੱਲੋਂ 14 ਉਮੀਦਵਾਰਾਂ ਦੀ ਅੱਠਵੀਂ ਸੂਚੀ ਜਾਰੀ
ਨਵੀਂ ਦਿੱਲੀ, 27 ਮਾਰਚ
ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 14 ਉਮੀਦਵਾਰਾਂ ਦੀ ਆਪਣੀ 8ਵੀਂ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਹੁਣ ਤੱਕ 208 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਪਾਰਟੀ ਨੇ ਰਾਓ ਯਾਦਵੇਂਦਰ ਸਿੰਘ ਨੂੰ ਕੇਂਦਰੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਖਿਲਾਫ਼ ਮੱਧ ਪ੍ਰਦੇਸ਼ ਦੇ ਗੁਣਾ ਤੋਂ ਉਮੀਦਵਾਰ ਐਲਾਨਿਆ ਹੈ। ਇਸੇ ਤਰ੍ਹਾਂ ਪ੍ਰਤਾਪ ਭਾਨੂ ਸ਼ਰਮਾ ਨੂੰ ਵਿਦੀਸ਼ਾ ਤੋਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਖਿਲਾਫ਼ ਚੋਣ ਮੈਦਾਨ ਵਿਚ ਉਤਾਰਿਆ ਹੈ। ਤਰਵਰ ਸਿੰਘ ਲੋਧੀ ਨੂੰ ਦਮੋਚ ਤੋਂ ਨਾਮਜ਼ਦ ਕੀਤਾ ਹੈ। ਕਾਂਗਰਸ ਨੇ ਇਸ ਅੱਠਵੀਂ ਸੂਚੀ ਵਿਚ ਉੱਤਰ ਪ੍ਰਦੇਸ਼ ਤੇ ਤਿਲੰਗਾਨਾ ਲਈ ਚਾਰ-ਚਾਰ ਉਮੀਦਵਾਰਾਂ ਅਤੇ ਮੱਧ ਪ੍ਰਦੇਸ਼ ਤੇ ਝਾਰਖੰਡ ਲਈ ਤਿੰਨ ਤਿੰਨ ਉਮੀਦਵਾਰ ਐਲਾਨੇ ਹਨ। ਝਾਰਖੰਡ ਦੀ ਖੁੰਟੀ (ਐੱਸਟੀ) ਸੀਟ ਤੋਂ ਕਾਲੀਚਰਨ ਮੁੰਡਾ, ਲੋਹਾਰਡੱਗਾ (ਐੱਸਟੀ) ਤੋਂ ਸੁਖਦਿਓ ਭਗਤ ਤੇ ਹਜ਼ਾਰੀਬਾਗ਼ ਸੰਸਦੀ ਹਲਕੇ ਤੋਂ ਜੈਪ੍ਰਕਾਸ਼ ਭਾਈ ਪਟੇਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਤਿਲੰਗਾਨਾ ਵਿਚ ਪਾਰਟੀ ਨੇ ਸੁਗੁਨਾ ਕੁਮਾਰੀ ਚੇਲੀਮਾਲਾ ਨੂੰ ਆਦਿਲਾਬਾਦ, ਤਾਤੀਪਾਰਥੀ ਜੀਵਨ ਰੈੱਡੀ ਨੂੰ ਨਿਜ਼ਾਮਾਬਾਦ, ਨੀਲਮ ਮਧੂ ਨੂੰ ਮੇਡਕ ਤੇ ਚਮਾਲਾ ਕਿਰਨ ਕੁਮਾਰ ਰੈੱਡੀ ਨੂੰ ਭੋਂਗੀਰ ਤੋਂ, ਯੂਪੀ ਵਿਚ ਡੌਲੀ ਸ਼ਰਮਾ ਨੂੰ ਗਾਜ਼ੀਆਬਾਦ, ਨਕੁਲ ਦੂਬੇ ਨੂੰ ਸੀਤਾਪੁਰ, ਸ਼ਿਵਰਾਮ ਵਾਲਮੀਕੀ ਨੂੰ ਬੁਲੰਦਸ਼ਹਿਰ (ਐੱਸਸੀ) ਤੇ ਵੀਰੇਂਦਰ ਚੌਧਰੀ ਨੂੰ ਮਹਾਰਾਜਗੰਜ ਤੋਂ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। -ਪੀਟੀਆਈ
ਇਕ ਵੋਟ ਲਈ 39 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ ਚੋਣ ਅਧਿਕਾਰੀ
ਈਟਾਨਗਰ: ਚੀਨ ਸਰਹੱਦ ਦੇ ਨੇੜੇ ਅਰੁਣਾਚਲ ਪ੍ਰਦੇਸ਼ ਦੇ ਇੱਕ ਦੂਰ-ਦੁਰਾਡੇ ਕੋਨੇ ਵਿੱਚ ਇੱਕ ਵੋਟਿੰਗ ਬੂਥ ਸਥਾਪਤ ਕਰਨ ਲਈ 18 ਅਪਰੈਲ ਨੂੰ ਪੋਲਿੰਗ ਅਧਿਕਾਰੀਆਂ ਦੀ ਇੱਕ ਟੀਮ ਲਗਪਗ 40 ਕਿਲੋਮੀਟਰ ਪੈਦਲ ਯਾਤਰਾ ਕਰੇਗੀ। ਮਾਲੋਗਾਮ ਪਿੰਡ ਦੀ ਇਕਲੌਤੀ ਵੋਟਰ 44 ਸਾਲਾ ਸੋਕੇਲਾ ਤਯਾਂਗ ਦੀ ਵੋਟ ਲਈ ਚੋਣ ਅਧਿਕਾਰੀਆਂ ਨੂੰ ਪਹਾੜੀ ਖੇਤਰ ’ਚ ਮੁੜਕੋ ਮੁੜਕੀ ਹੋਣਾ ਪਵੇਗਾ। ਮੁੱਖ ਚੋਣ ਅਧਿਕਾਰੀ ਪਵਨ ਕੁਮਾਰ ਸੈਨ ਨੇ ਕਿਹਾ ਕਿ ਮਾਲੋਗਾਮ ਵਿੱਚ ਬਹੁਤ ਘੱਟ ਪਰਿਵਾਰ ਰਹਿੰਦੇ ਹਨ ਅਤੇ ਤਯਾਂਗ ਨੂੰ ਛੱਡ ਕੇ ਬਾਕੀ ਸਾਰੇ ਪੋਲਿੰਗ ਬੂਥਾਂ ਵਿੱਚ ਰਜਿਸਟਰਡ ਵੋਟਰ ਹਨ। ਪਰ ਤਯਾਂਗ ਕਿਸੇ ਹੋਰ ਪੋਲਿੰਗ ਬੂਥ ’ਤੇ ਸ਼ਿਫਟ ਕਰਨ ਲਈ ਤਿਆਰ ਨਹੀਂ ਹੈ ਜਿਸ ਕਾਰਨ ਚੋਣ ਅਮਲੇ ਨੂੰ ਅਸੁਵਿਧਾਜਨਕ ਪਹਾੜੀ ਖੇਤਰ ਵਿੱਚ ਔਖੀ ਪੈਦਲ ਯਾਤਰਾ ਕਰਨੀ ਹੋਵੇਗੀ। ਇਹੀ ਨਹੀਂ ਇਕ ਵੋਟ ਲਈ ਚੋਣ ਅਮਲੇ ਨੂੰ ਵੋਟਿੰਗ ਵਾਲੇ ਦਿਨ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤਕ ਚੋਣ ਬੂਥ ’ਤੇ ਡਿਊਟੀ ਨਿਭਾਉਣੀ ਪਵੇਗੀ, ਪਤਾ ਨਹੀਂ ਤਯਾਂਗ ਵੋਟ ਪਾਉਣ ਕਦੋਂ ਆਵੇਗੀ। -ਪੀਟੀਆਈ