ਲੋਕ ਸਭਾ ਚੋਣਾਂ: ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
* ਗੱਠਜੋੜ ਵੱਲੋਂ ਯੂਪੀ, ਮਹਾਰਾਸ਼ਟਰ, ਰਾਜਸਥਾਨ, ਹਰਿਆਣਾ ਤੇ ਕਰਨਾਟਕ ’ਚ ਸ਼ਾਨਦਾਰ ਪ੍ਰਦਰਸ਼ਨ
* ਭਾਜਪਾ ਨੂੰ ਆਂਧਰਾ ਪ੍ਰਦੇਸ਼ ’ਚ ਫਾਇਦਾ, ਕੇਰਲਾ ’ਚ ਖਾਤਾ ਖੁੱਲ੍ਹਿਆ ਤੇ ਉੜੀਸਾ ’ਚ ਹੂੰਝਾ ਫੇਰਿਆ
ਨਵੀਂ ਦਿੱਲੀ, 4 ਜੂਨ
ਲੋਕ ਸਭਾ ਚੋਣਾਂ ਦੇ ਅਣਕਿਆਸੇ ਰੁਝਾਨ/ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵੱਡਾ ਝਟਕਾ ਹਨ। ਇਨ੍ਹਾਂ ਰੁਝਾਨਾਂ ਵਿਚ ਭਾਜਪਾ 241 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ ਪਰ ਪ੍ਰਧਾਨ ਮੰਤਰੀ ਦੇ ‘400 ਪਾਰ’ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਤੇ ਪਾਰਟੀ (ਭਾਜਪਾ) ਆਪਣੇ ਦਮ ’ਤੇ ਸਪਸ਼ਟ ਬਹੁਮਤ ਜੁਟਾਉਣ ਵਿਚ ਵੀ ਨਾਕਾਮ ਰਹੀ। ਰੁਝਾਨਾਂ ਵਿਚ ਐੱਨਡੀਏ ਗੱਠਜੋੜ ਨੂੰ 294 ਸੀਟਾਂ ’ਤੇ ਅੱਗੇ ਦਰਸਾਇਆ ਗਿਆ ਹੈ। ਉਧਰ ਕਾਂਗਰਸ ਦੀ ਅਗਵਾਈ ਵਾਲਾ ‘ਇੰਡੀਆ’ ਗੱਠਜੋੜ 231 ਸੀਟਾਂ ’ਤੇ ਚੜ੍ਹਤ ਬਣਾ ਕੇ ਮਜ਼ਬੂਤ ਤਾਕਤ ਵਜੋਂ ਉਭਰਿਆ ਹੈ। ਗੱਠਜੋੜ ਨੇ ਐਗਜ਼ਿਟ ਪੋਲ ਦੇ ਅਨੁਮਾਨਾਂ ਨੂੰ ਗ਼ਲਤ ਸਾਬਤ ਕਰਦਿਆਂ ਯੂਪੀ, ਮਹਾਰਾਸ਼ਟਰ, ਰਾਜਸਥਾਨ, ਹਰਿਆਣਾ ਤੇ ਕਰਨਾਟਕ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਉੜੀਸਾ ਵਿਚ ਭਾਜਪਾ ਨੇ 147 ਮੈਂਬਰੀ ਅਸੈਂਬਲੀ ਵਿਚ 78 ਸੀਟਾਂ ਜਿੱਤ ਕੇ ਨਵੀਨ ਪਟਨਾਇਕ ਦਾ ਲਗਾਤਾਰ ਛੇਵੀਂ ਵਾਰ ਸਰਕਾਰ ਬਣਾਉਣ ਦਾ ਸੁਫ਼ਨਾ ਤੋੜ ਦਿੱਤਾ। ਬੀਜੇਡੀ ਨੂੰ 51 , ਕਾਂਗਰਸ ਨੂੰ 14 ਤੇ ਹੋਰਾਂ ਨੂੰ 4 ਸੀਟਾਂ ਮਿਲੀਆਂ। ਉਧਰ ਆਂਧਰਾ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ’ਚ ਤੇਲਗੂ ਦੇਸਮ ਪਾਰਟੀ (ਟੀਡੀਪੀ), ਉਸ ਦੇ ਭਾਈਵਾਲ ਜਨਸੈਨਾ ਅਤੇ ਭਾਜਪਾ ਨੇ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ। ਸੂਬੇ ਦੀਆਂ 175 ਸੀਟਾਂ ’ਚੋਂ ਐੱਨਡੀਏ ਗੱਠਜੋੜ ਨੇ 156 ਸੀਟਾਂ ਜਿੱਤੀਆਂ ਹਨ। ਭਾਜਪਾ ਕੇਰਲਾ ਵਿਚ ਵੀ ਖਾਤਾ ਖੋਲ੍ਹਣ ਵਿਚ ਸਫ਼ਲ ਰਹੀ ਹੈ। ਕਾਂਗਰਸ ਨੇ ਨਸਲੀ ਹਿੰਸਾ ਦੇ ਝੰਬੇ ਮਨੀਪੁਰ ਦੀਆਂ ਦੋਵੇਂ ਲੋਕ ਸਭਾ ਸੀਟਾਂ ਜਿੱਤ ਲਈਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਕਾਂਗਰਸ 7, ਸੱਤਾਧਾਰੀ ‘ਆਪ’ 3, ਸ਼੍ਰੋਮਣੀ ਅਕਾਲੀ ਦਲ ਇਕ ਤੇ ਦੋ ਸੀਟਾਂ ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਭਾਜਪਾ ਨੇ ਸਾਰੀਆਂ ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਪਾਰਟੀ ਇਕ ਵੀ ਸੀਟ ਜਿੱਤਣ ਵਿਚ ਨਾਕਾਮ ਰਹੀ। ਉਧਰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ ਕਾਂਗਰਸ ਤੇ ਆਪ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਦੀ ਝੋਲੀ ਪਈ। ਤਿਵਾੜੀ ਨੇ ਭਾਜਪਾ ਦੇ ਸੰਜੇ ਟੰਡਨ ਨੂੰ 2504 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਦੌਰਾਨ ਕਾਂਗਰਸ ਆਗੂਆਂ ਨੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਹੋਰ ਚੋਣ ਕਮਿਸ਼ਨਰਾਂ ਨਾਲ ਮੁਲਾਕਾਤ ਕਰਕੇ ਦੋਸ਼ ਲਾਇਆ ਕਿ ਯੂਪੀ ਅਤੇ ਬਿਹਾਰ ’ਚ ਵੋਟਾਂ ਦੀ ਗਿਣਤੀ ਧੀਮੀ ਰਫ਼ਤਾਰ ਨਾਲ ਕੀਤੀ ਜਾ ਰਹੀ ਹੈ। ਵਫ਼ਦ ’ਚ ਸ਼ਾਮਲ ਅਭਿਸ਼ੇਕ ਸਿੰਘਵੀ ਅਤੇ ਸਲਮਾਨ ਖੁਰਸ਼ੀਦ ਨੇ ਇਹ ਵੀ ਮੰਗ ਕੀਤੀ ਕਿ ਹਰੇਕ ਗੇੜ ਦੀ ਗਿਣਤੀ ਮਗਰੋਂ ਅਪਡੇਟ ਨਤੀਜੇ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਨਸ਼ਰ ਕੀਤੇ ਜਾਣ।
ਦੇਰ ਰਾਤ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਭਾਜਪਾ 238 ਸੀਟਾਂ ’ਤੇ ਜਿੱਤ ਦਰਜ ਕਰ ਚੁੱਕੀ ਸੀ ਤੇ ਜਦੋਂਕਿ ਤਿੰਨ ਸੀਟਾਂ ’ਤੇ ਉਸ ਦੇ ਉਮੀਦਵਾਰ ਅੱਗੇ ਸਨ। ਭਾਜਪਾ ਕੁੱਲ ਮਿਲਾ ਕੇ 241 ਸੀਟਾਂ ’ਤੇ ਅੱਗੇ ਸੀ। ਭਾਜਪਾ 543 ਮੈਂਬਰੀ ਲੋਕ ਸਭਾ ਵਿਚ ਬਹੁਮੱਤ ਲਈ ਲੋੜੀਂਦੇ 272 ਦੇ ਜਾਦੂਈ ਅੰਕੜੇ ਤੋਂ ਪਿੱਛੇ ਹੈ। ਉਧਰ, ਦੂਜੇ ਪਾਸੇ ਇੰਡੀਆ ਗੱਠਜੋੜ ਕਰੀਬ 231 ਸੀਟਾਂ ’ਤੇ ਜੇਤੂ ਰਿਹਾ। ਕਾਂਗਰਸ 93 ਸੀਟਾਂ ਜਿੱਤ ਚੁੱਕੀ ਹੈ ਅਤੇ ਛੇ ਸੀਟਾਂ ਉੱਤੇ ਉਸ ਦੇ ਉਮੀਦਵਾਰ ਅੱਗੇ ਹਨ। ਸਾਲ 2019 ਦੇ ਪ੍ਰਦਰਸ਼ਨ ਦੇ ਮੁਕਾਬਲੇ ਕਾਂਗਰਸ ਲਗਪਗ ਦੁੱਗਣੀਆਂ ਸੀਟਾਂ ਜਿੱਤਣ ਵੱਲ ਵਧ ਰਹੀ ਹੈ। ਪਿਛਲੀਆਂ ਚੋਣਾਂ ਵਿਚ ਭਾਜਪਾ ਕੋਲ 303 ਜਦੋਂਕਿ ਐੱਨਡੀਏ ਕੋਲ 350 ਤੋਂ ਵੱਧ ਸੀਟਾਂ ਸਨ। ਐੱਨਡੀਏ ਤੀਜੀ ਵਾਰ ਸੱਤਾ ਵਿਚ ਆਉਂਦਾ ਹੈ ਤਾਂ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦੇ ਰਿਕਾਰਡ ਦੀ ਬਰਾਬਰੀ ਕਰ ਲੈਣਗੇ।
ਭਾਜਪਾ ਨੂੰ ਐਤਕੀਂ ਲੋਕ ਸਭਾ ਚੋਣਾਂ ਵਿਚ ਯੂਪੀ ਵਿਚ ਵੱਡਾ ਝਟਕਾ ਲੱਗਾ ਹੈ ਜਿੱਥੇ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਨੇ ਉਸ ਨੂੰ ਪਿੱਛੇ ਛੱਡ ਦਿੱਤਾ। ਰਾਜਸਥਾਨ ਤੇ ਹਰਿਆਣਾ ਵਿਚ ਪਾਰਟੀ ਦਾ ਪ੍ਰਦਰਸ਼ਨ ਆਸ ਤੋਂ ਉਲਟ ਰਿਹਾ। ਚੋਣ ਨਤੀਜਿਆਂ ਦੇ ਰੁਝਾਨਾਂ ਦਰਮਿਆਨ ਸਥਿਤੀ ਕੋਈ ਬਹੁਤੀ ਸਪਸ਼ਟ ਨਹੀਂ ਹੈ ਪਰ ਇਸ ਦੇ ਬਾਵਜੂਦ ਦੋਵੇਂ ਪ੍ਰਮੁੱਖ ਗੱਠਜੋੜਾਂ ਦੇ ਆਗੂਆਂ ਨੇ ਆਪੋ ਆਪਣੇ ਦਾਅਵੇ ਕੀਤੇ ਹਨ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ ਕਿਹਾ, ‘‘ਇਹ ਕਰੀਬੀ ਮੁਕਾਬਲਾ ਨਹੀਂ ਹੈ। ਭਾਜਪਾ ਦੀ ਅਗਵਾਈ ਵਾਲਾ ਐੱਨਡੀਏ ਗੱਠਜੋੜ ਵੱਡੇ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਿਹਾ ਹੈ। ਵੋਟਾਂ ਦੀ ਗਿਣਤੀ ਖ਼ਤਮ ਹੋਣ ਦਿਓ, ਸਾਫ਼ ਹੋ ਜਾਵੇਗਾ ਕਿ ਦੇਸ਼ ਦੀ ਜਨਤਾ ਮੋਦੀ ਦੇ ਨਾਲ ਹੈ।’’ ਕਾਂਗਰਸ ਦੇ ਜੈਰਾਮ ਰਮੇਸ਼ ਨੇ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਉਹ ਦਿਖਾਵਾ ਕਰਦੇ ਸਨ ਕਿ ਉਹ ਅਸਾਧਾਰਨ ਹਨ।’’ ਉਨ੍ਹਾਂ ਐੱਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਹੁਣ ਇਹ ਸਾਬਤ ਹੋ ਗਿਆ ਹੈ ਕਿ ਮੌਜੂਦਾ ਪ੍ਰਧਾਨ ਮੰਤਰੀ ਹੁਣ ਸਾਬਕਾ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਉਹ ਨੈਤਿਕ ਜ਼ਿੰਮੇਵਾਰੀ ਲੈਣ ਤੇ ਅਸਤੀਫ਼ਾ ਦੇਣ।’’
ਯੂਪੀ ਅਜਿਹਾ ਰਾਜ ਹੈ, ਜੋ ਲੋਕ ਸਭਾ ਵਿਚ 80 ਸੰਸਦ ਮੈਂਬਰ ਭੇਜਦਾ ਹੈ ਤੇ ਭਾਜਪਾ ਲਈ ਪਿਛਲੀਆਂ ਦੋ ਲੋਕ ਸਭਾ ਚੋਣਾਂ ਵਿਚ ਇਹ ਰਾਜ ਖੇਡ ਬਦਲਣ ਵਾਲਾ ਸਾਬਤ ਹੁੰਦਾ ਰਿਹਾ ਹੈ। ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਨੇ ਭਾਜਪਾ ਵਿਰੋਧੀ ਵੋਟਾਂ ਨੂੰ ਇਕਜੁੱਟ ਕਰਕੇ ਭਾਜਪਾ ਨੂੰ ਉਸ ਦੇ ਮਜ਼ਬੂਤ ਗੜ੍ਹ ਵਿਚ ਮਾਤ ਦਿੱਤੀ ਹੈ। ਪਿਛਲੀ ਵਾਰ 62 ਸੀਟਾਂ ’ਤੇ ਜਿੱਤ ਦਰਜ ਕਰਨ ਵਾਲੀ ਭਾਜਪਾ ਨੇ 33 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਪਾ ਨੇ 37 ਸੀਟਾਂ ’ਤੇ ਿਜੱਤ ਦਰਜ ਕੀਤੀ ਹੈ। ਸਪਾ ਨੂੰ ਸਾਲ 2019 ਵਿਚ ਸਿਰਫ਼ ਪੰਜ ਸੀਟਾਂ ’ਤੇ ਜਿੱਤ ਨਸੀਬ ਹੋਈ ਸੀ। ਪ੍ਰਧਾਨ ਮੰਤਰੀ ਮੋਦੀ ਵਾਰਾਣਸੀ ਤੋਂ 1.52 ਲੱਖ ਵੋਟਾਂ ਨਾਲ ਜਿੱਤ ਗਏ ਹਨ। ਹਾਲਾਂਕਿ ਉਨ੍ਹਾਂ ਦੀ ਪਾਰਟੀ ਦੀ ਸਮ੍ਰਿਤੀ ਇਰਾਨੀ ਅਮੇਠੀ ਵਿਚ ਕਾਂਗਰਸ ਉਮੀਦਵਾਰ ਤੇ ਗਾਂਧੀ ਪਰਿਵਾਰ ਦੇ ਕਰੀਬੀ ਕਿਸ਼ੋਰੀ ਲਾਲ ਸ਼ਰਮਾ ਤੋਂ 1.31 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਾਰ ਗਈ। ਰਾਏਬਰੇਲੀ ਤੋਂ ਰਾਹੁਲ ਗਾਂਧੀ 3,90,030 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਜਦੋਂਕਿ ਲਖਨਊ ਤੋਂ ਰਾਜਨਾਥ ਸਿੰਘ (1,31,922 ਵੋਟਾਂ ਦੇ ਫ਼ਰਕ ਨਾਲ) ਅਤੇ ਕਨੌਜ ਤੋਂ ਅਖਿਲੇਸ਼ ਯਾਦਵ (1.70 ਲੱਖ ਵੋਟਾਂ ਦੇ ਫ਼ਰਕ ਨਾਲ) ਅੱਗੇ ਸਨ। ਉਧਰ ਇੰਡੀਆ ਗੱਠਜੋੜ ਦੀ ਇਕ ਹੋਰ ਪ੍ਰਮੁੱਖ ਭਾਈਵਾਲ ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਵਿਚ 29 ਸੀਟਾਂ ਜਿੱਤੀਆਂ ਹਨ। ਪੰਜ ਸਾਲ ਪਹਿਲਾਂ ਟੀਐੱਮਸੀ ਨੇ 22 ਸੀਟਾਂ ਜਿੱਤੀਆਂ ਸਨ। ਪਿਛਲੀਆਂ ਲੋਕ ਸਭਾ ਚੋਣਾਂ ਵਿਚ 18 ਸੀਟਾਂ ਜਿੱਤਣ ਵਾਲੀ ਭਾਜਪਾ ਨੇ 12 ਸੀਟਾਂ ਜਿੱਤੀਆਂ। ਗੁਆਂਢੀ ਰਾਜ ਬਿਹਾਰ ਵਿਚ ਭਾਜਪਾ ਤੇ ਉਸ ਦੇ ਸਹਿਯੋਗੀ ਜੇਡੀਯੂ ਨੇ 12-12 ਸੀਟਾਂ ਜਿੱਤੀਆਂ ਹਨ।
ਰਾਸ਼ਟਰੀ ਜਨਤਾ ਦਲ ਚਾਰ ਸੀਟਾਂ ’ਤੇ ਜੇਤੂ ਰਿਹਾ ਹੈ। ਰਾਜਸਥਾਨ ਵਿਚ ਭਾਜਪਾ ਨੇ ਜੈਪੁਰ ਲੋਕ ਸਭਾ ਚੋਣ ਜਿੱਤ ਲਈ ਜਦੋਂਕਿ ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਮੰਤਰੀ ਭੁਪੇਂਦਰ ਯਾਦਵ ਸਣੇ ਪਾਰਟੀ ਦੇ 14 ਉਮੀਦਵਾਰ ਜੇਤੂ ਰਹੇ। ਉਧਰ ਕਾਂਗਰਸ ਪਾਰਟੀ ਨੇ ਅੱਠ ਸੀਟਾਂ ਜਿੱਤੀਆਂ। 48 ਸੀਟਾਂ ਵਾਲੇ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਐਤਕੀਂ ਦੋ ਧੜਿਆਂ ਵਿਚ ਵੰਡੀ ਹੋਈ ਹੈ। ਪੰਜ ਸਾਲ ਪਹਿਲਾਂ 23 ਸੀਟਾਂ ਜਿੱਤਣ ਵਾਲੀ ਭਾਜਪਾ 11 ਸੀਟਾਂ ’ਤੇ ਸਿਮਟ ਗਈ ਜਦੋਂਕਿ ਉਸ ਦੀ ਭਾਈਵਾਲ ਸ਼ਿਵਸੈਨਾ ਸੱਤ ਸੀਟਾਂ ਜਿੱਤ ਸਕੀ। ਉਧਰ ਦੂਜੇ ਪਾਸੇ ਕਾਂਗਰਸ 13 ਸੀਟਾਂ ’ਤੇ ਅੱਗੇ ਹੈ ਜਦੋਂਕਿ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵਸੈਨਾ ਨੌਂ ਸੀਟਾਂ ’ਤੇ ਅੱਗੇ ਹੈ।
ਆਂਧਰਾ ਪ੍ਰਦੇਸ਼ ਵਿਚ ਚੰਦਰਬਾਬੂ ਨਾਇਡੂ ਦੀ ਅਗਵਾਈ ਵਾਲੀ ਟੀਡੀਪੀ ਨੇ 25 ਸੀਟਾਂ ਵਿਚੋਂ 16 ਸੀਟਾਂ ’ਤੇ, ਭਾਜਪਾ 3 ਤੇ ਵਾਈਐੱਸਆਰਸੀਪੀ ਚਾਰ ਸੀਟਾਂ ’ਤੇ ਜੇਤੂ ਰਹੀ। ਕਰਨਾਟਕ ਵਿੱਚ ਕਾਂਗਰਸ ਲਾਭ ਦੀ ਸਥਿਤੀ ਵਿੱਚ ਹੈ। -ਪੀਟੀਆਈ
1962 ਮਗਰੋਂ ਪਹਿਲੀ ਵਾਰ ਕੋਈ ਸਰਕਾਰ ਤੀਜੀ ਵਾਰ ਸੱਤਾ ’ਚ ਆਈ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਜਿੱਤ ਨੂੰ ‘ਵਿਕਸਿਤ ਭਾਰਤ’ ਦੇ ਸੰਕਲਪ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਦੇਸ਼ਵਾਸੀਆਂ ਨੇ ਭਾਜਪਾ ਤੇ ਉਸ ਦੀ ਅਗਵਾਈ ਵਾਲੇ ਗੱਠਜੋੜ ’ਤੇ ‘ਪੂਰਾ ਭਰੋਸਾ’ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਇਹ ਨਤੀਜੇ ਲੋਕਾਂ, ਲੋਕਤੰਤਰ ਅਤੇ ਦੇਸ਼ ਦੇ ਸੰਵਿਧਾਨ ਵਿੱਚ ਵਿਸ਼ਵਾਸ ਦੀ ਜਿੱਤ ਹਨ। ਚੋਣ ਨਤੀਜੇ ਸਪਸ਼ਟ ਹੋਣ ਮਗਰੋਂ ਭਾਜਪਾ ਮੁੱਖ ਦਫ਼ਤਰ ਵਿੱਚ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ 1962 ਮਗਰੋਂ ਪਹਿਲੀ ਵਾਰ ਕੋਈ ਸਰਕਾਰ ਆਪਣੇ ਦੋ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਲਗਾਤਾਰ ਤੀਸਰੀ ਵਾਰ ਸੱਤਾ ਵਿੱਚ ਆਈ ਹੈ। ਉਧਰ, ਭਾਜਪਾ ਨੇ ਦਾਅਵਾ ਕੀਤਾ ਕਿ ਐੱਨਡੀਏ ਗੱਠਜੋੜ ਦੀ ਜਿੱਤ ਪ੍ਰਧਾਨ ਮੰਤਰੀ ਮੋਦੀ ਦੇ ‘ਵਿਕਸਿਤ ਭਾਰਤ’ ਦੇ ਨਜ਼ਰੀਏ ਵਿੱਚ ਲੋਕਾਂ ਦੇ ਵਿਸ਼ਵਾਸ ਤੇ ਭਰੋਸੇ ਨੂੰ ਜ਼ਾਹਿਰ ਕਰਦੀ ਹੈ। ਮੋਦੀ ਨੇ ਐੱਨਡੀਏ ਦੀ ਜਿੱਤ ਨੂੰ ਭਾਰਤ ਦੇ ਇਤਿਹਾਸ ਵਿੱਚ ‘ਅਦਭੁੱਤ ਪਲ’ ਕਰਾਰ ਦਿੰਦਿਆਂ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਨਵੀਂ ਊਰਜਾ, ਨਵੇਂ ਉਤਸ਼ਾਹ ਅਤੇ ਨਵੇਂ ਸੰਕਲਪਾਂ ਨਾਲ ਅੱਗੇ ਵਧਣਗੇ। ਮੋਦੀ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਦੇਸ਼ ਦੀ ‘ਜਨਤਾ ਜਨਾਰਦਨ’ ਨੇ ਐੱਨਡੀਏ ’ਤੇ ਲਗਾਤਾਰ ਤੀਜੀ ਵਾਰ ਭਰੋਸਾ ਕੀਤਾ ਹੈ। ਭਾਰਤ ਦੇ ਇਤਿਹਾਸ ਵਿੱਚ ਇਹ ਇੱਕ ਸ਼ਾਨਦਾਰ ਪਲ ਹੈ। ਮੈਂ ਇਸ ਪਿਆਰ ਅਤੇ ਆਸ਼ੀਰਵਾਦ ਲਈ ਆਪਣੇ ਪਰਿਵਾਰਕ ਮੈਂਬਰਾਂ ਨੂੰ ਪ੍ਰਣਾਮ ਕਰਦਾ ਹਾਂ।’’ ਉਨ੍ਹਾਂ ਕਿਹਾ, ‘‘ਮੈਂ ਦੇਸ਼ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਸੀਂ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਨਵੀਂ ਊਰਜਾ, ਨਵੇਂ ਉਤਸ਼ਾਹ ਅਤੇ ਨਵੇਂ ਸੰਕਲਪਾਂ ਨਾਲ ਅੱਗੇ ਵਧਾਂਗੇ।’’ ਉਨ੍ਹਾਂ ਨੇ ਸਮਰਪਣ ਭਾਵਨਾ ਤੇ ਅਣਥੱਕ ਮਿਹਨਤ ਨਾਲ ਕੰਮ ਕਰਨ ਲਈ ਸਾਰੇ ਭਾਜਪਾ ਵਰਕਰਾਂ ਦਾ ਧੰਨਵਾਦ ਕੀਤਾ। ਨਰਿੰਦਰ ਮੋਦੀ ਨੇ ਉੜੀਸਾ ਵਿੱਚ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸੂਬਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਚੰਗੇ ਸ਼ਾਸਨ ਅਤੇ ਸੂਬੇ ਦੇ ਵਿਲੱਖਣ ਸੱਭਿਆਚਾਰ ਲਈ ਹੈ। ਉਨ੍ਹਾਂ ਕਿਹਾ, ‘‘ਸੂਬਾ ਵਾਸੀਆਂ ਦੇ ਸੁਫ਼ਨੇ ਪੂਰੇ ਕਰਨ ਅਤੇ ਉੜੀਸਾ ਨੂੰ ਤਰੱਕੀ ਦੀਆਂ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਭਾਜਪਾ ਕੋਈ ਕਸਰ ਨਹੀਂ ਛੱਡੇਗੀ।’’ ਉਨ੍ਹਾਂ ਆਂਧਰਾ ਪ੍ਰਦੇਸ਼ ਵਿੱਚ ਐੱਨਡੀਏ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਅਸਾਧਾਰਨ ਫਤਵਾ ਕਰਾਰ ਦਿੰਦਿਆਂ ਸੂਬਾ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਜਿੱਤ ਲਈ ਤੇਲਗੂ ਦੇਸ਼ਮ ਪਾਰਟੀ ਦੇ ਆਗੂ ਚੰਦਰਬਾਬੂ ਨਾਇਡੂ, ਜਨਸੈਨਾ ਪਾਰਟੀ ਦੇ ਪਵਨ ਕਲਿਆਣ ਅਤੇ ਭਾਜਪਾ ਆਗੂਆਂ ਨੂੰ ਵਧਾਈ ਦਿੱਤੀ। -ਪੀਟੀਆਈ
ਮੋਦੀ ਦੀ ਵਾਰਾਣਸੀ ਤੋਂ ਹੈਟ੍ਰਿਕ
ਲਖਨਊ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ਦੇ ਅਜੈ ਰਾਏ ਨੂੰ ਹਰਾ ਕੇ ਲਗਾਤਾਰ ਤੀਜੀ ਵਾਰ ਵਾਰਾਣਸੀ ਸੀਟ ਤੋਂ ਚੋਣ ਜਿੱਤ ਗਏ ਹਨ। ਮੋਦੀ ਦੀ ਜਿੱਤ ਦਾ ਇਸ ਵਾਰ ਫ਼ਰਕ 1,52,513 ਰਿਹਾ ਜੋ 2019 ਅਤੇ 2014 ਦੀ ਜਿੱਤ ਨਾਲੋਂ ਘੱਟ ਹੈ। ਸਾਲ 2019 ’ਚ ਮੋਦੀ ਦੀ ਜਿੱਤ ਦਾ ਫ਼ਰਕ 4,79,505 ਰਿਹਾ ਸੀ ਜਦੋਂ ਉਨ੍ਹਾਂ ਸਮਾਜਵਾਦੀ ਪਾਰਟੀ ਦੀ ਸ਼ਾਲਿਨੀ ਯਾਦਵ ਨੂੰ ਹਰਾਇਆ ਸੀ ਜਦਕਿ ਕਾਂਗਰਸ ਦੇ ਅਜੈ ਰਾਏ ਤੀਜੇ ਸਥਾਨ ’ਤੇ ਰਹੇ ਸਨ। ਇਸੇ ਤਰ੍ਹਾਂ 2014 ’ਚ ਮੋਦੀ ਦੀ ਜਿੱਤ ਦਾ ਫ਼ਰਕ 3,71,784 ਰਿਹਾ ਸੀ ਜਦੋਂ ਉਨ੍ਹਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਸੀ।
ਉਂਜ ਇਸ ਵਾਰ ਭਾਜਪਾ ਆਗੂ ਦਾਅਵਾ ਕਰ ਰਹੇ ਸਨ ਕਿ ਮੋਦੀ ਰਿਕਾਰਡ ਫ਼ਰਕ ਨਾਲ ਚੋਣ ਜਿੱਤਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਜਰਾਤ ਦੀ ਗਾਂਧੀਨਗਰ ਲੋਕ ਸਭਾ ਸੀਟ ਤੋਂ 7.44 ਲੱਖ ਦੇ ਵੱਡੇ ਫ਼ਰਕ ਨਾਲ ਜੇਤੂ ਰਹੇ। ਸ਼ਾਹ ਨੇ ਕਾਂਗਰਸ ਦੀ ਸੋਨਲ ਪਟੇਲ ਨੂੰ 7,44,716 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਤੋਂ ਪਹਿਲਾਂ ਸ਼ਾਹ ਨੇ 2019 ਵਿਚ ਇਹ ਸੀਟ ਸਾਢੇ ਪੰਜ ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ। ਸ਼ਾਹ ਨੂੰ 10 ਲੱਖ ਤੋਂ ਵਧ ਵੋਟਾਂ ਪਈਆਂ ਜਦੋਂਕਿ ਪਟੇਲ ਨੂੰ 2,66,256 ਵੋਟਾਂ ਪਈਆਂ। ਬੀਤੇ ਵਿਚ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਗਾਂਧੀਨਗਰ ਸੀਟ ਦੀ ਨੁਮਾਇੰਦਗੀ ਕਰਦੇ ਰਹੇ ਹਨ। -ਪੀਟੀਆਈ