For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਆਖਰੀ ਗੇੜ ’ਚ 59 ਫ਼ੀਸਦ ਵੋਟਿੰਗ

07:31 AM Jun 02, 2024 IST
ਲੋਕ ਸਭਾ ਚੋਣਾਂ  ਆਖਰੀ ਗੇੜ ’ਚ 59 ਫ਼ੀਸਦ ਵੋਟਿੰਗ
ਵਾਰਾਣਸੀ ਵਿੱਚ ਵੋਟ ਪਾਉਣ ਲਈ ਕਤਾਰ ਵਿੱਚ ਲੱਗੇ ਹੋਏ ਲੋਕ। -ਫੋੋਟੋ: ਪੀਟੀਆਈ
Advertisement

ਨਵੀਂ ਦਿੱਲੀ, 1 ਜੂਨ
ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਗੇੜ ’ਚ ਪੱਛਮੀ ਬੰਗਾਲ ਦੇ ਸੰਦੇਸ਼ਖਲੀ ਖ਼ਿੱਤੇ ’ਚ ਟੀਐੱਮਸੀ ਅਤੇ ਭਾਜਪਾ ਹਮਾਇਤੀਆਂ ਵਿਚਕਾਰ ਹਿੰਸਾ ਦੀਆਂ ਘਟਨਾਵਾਂ, ਈਵੀਐੱਮਜ਼ ’ਚ ਨੁਕਸ ਪੈਣ ਅਤੇ ਕੁਝ ਬੂਥਾਂ ’ਤੇ ਵੋਟਾਂ ’ਚ ਹੇਰਾ-ਫੇਰੀ ਦੀਆਂ ਸ਼ਿਕਾਇਤਾਂ ਦਰਮਿਆਨ ਦੇਸ਼ ਭਰ ਦੀਆਂ 57 ਸੀਟਾਂ ’ਤੇ 59.45 ਫ਼ੀਸਦ ਮਤਦਾਨ ਹੋਇਆ ਹੈ। ਇਨ੍ਹਾਂ ਸੀਟਾਂ ’ਚ ਵਾਰਾਣਸੀ ਵੀ ਸ਼ਾਮਲ ਹੈ ਜਿਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਚੋਣ ਮੈਦਾਨ ’ਚ ਹਨ। ਇਸ ਵਾਰ ਮੁੱਖ ਮੁਕਾਬਲਾ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਅਤੇ ਕਾਂਗਰਸ ਸਣੇ ਹੋਰ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਵਿਚਕਾਰ ਹੈ। ਅਤਿ ਦੀ ਗਰਮੀ ਦੌਰਾਨ ਪੰਜਾਬ ਤੇ ਯੂਪੀ ਦੀਆਂ 13-13, ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਉੜੀਸਾ ਦੀਆਂ 6, ਹਿਮਾਚਲ ਪ੍ਰਦੇਸ਼ ਦੀਆਂ 4, ਝਾਰਖੰਡ ਦੀਆਂ 3 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ ’ਤੇ ਲੋਕਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਉੜੀਸਾ ਵਿਧਾਨ ਸਭਾ ਦੀਆਂ ਬਾਕੀ ਰਹਿੰਦੀਆਂ 42 ਸੀਟਾਂ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ 6 ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਵੀ ਵੋਟਾਂ ਪਈਆਂ। ਆਖਰੀ ਗੇੜ ਦੀਆਂ ਵੋਟਾਂ ਪੈਣ ਨਾਲ 19 ਅਪਰੈਲ ਤੋਂ ਸ਼ੁਰੂ ਹੋਇਆ ਸਭ ਤੋਂ ਲੰਬਾ ਪੋਲਿੰਗ ਅਮਲ ਅੱਜ ਮੁਕੰਮਲ ਹੋ ਗਿਆ। ਇਨ੍ਹਾਂ ਚੋਣਾਂ ਦੌਰਾਨ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਧਾਨ ਸਭਾਵਾਂ ਲਈ ਵੀ ਵੋਟਾਂ ਪਈਆਂ ਹਨ। ਅਰੁਣਾਚਲ ਅਤੇ ਸਿੱਕਮ ਦੀਆਂ ਵਿਧਾਨ ਸਭਾ ਚੋਣਾਂ ਦੀ ਗਿਣਤੀ 2 ਜੂਨ ਨੂੰ ਹੋਵੇਗੀ ਜਦਕਿ ਲੋਕ ਸਭਾ ਅਤੇ ਹੋਰ ਚੋਣਾਂ ਲਈ ਵੋਟਾਂ ਦੀ ਗਿਣਤੀ ਅਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।

Advertisement

ਕੰਗਨਾ ਰਣੌਤ (ਮੰਡੀ ਵਿੱਚ), ਮਮਤਾ ਬੈਨਰਜੀ (ਕੋਲਕਾਤਾ ਵਿੱਚ), ਜੇਪੀ ਨੱਢਾ (ਬਿਲਾਸਪੁਰ ਵਿੱਚ) ਅਤੇ ਹਰਭਜਨ ਸਿੰਘ (ਜਲੰਧਰ ਵਿੱਚ) ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਮਗਰੋਂ ਆਪਣੀਆਂ ਉਂਗਲਾਂ ’ਤੇ ਲੱਗੇ ਸਿਆਹੀ ਦੇ ਨਿਸ਼ਾਨ ਦਿਖਾਉਂਦੇ ਹੋਏ । -ਫੋਟੋਆਂ: ਪੀਟੀਆਈ

ਝਾਰਖੰਡ ’ਚ 70.66 ਫ਼ੀਸਦ ਵੋਟਿੰਗ ਹੋਈ ਜਦਕਿ ਉੜੀਸਾ ’ਚ 70.67, ਯੂਪੀ ’ਚ 55.59, ਪੱਛਮੀ ਬੰਗਾਲ ’ਚ 73.79, ਬਿਹਾਰ ’ਚ 51.92 ਅਤੇ ਹਿਮਾਚਲ ਪ੍ਰਦੇਸ਼ ’ਚ 70.07 ਫ਼ੀਸਦ ਵੋਟਿੰਗ ਹੋਈ ਹੈ। ਪੰਜਾਬ ’ਚ 61.32 ਫ਼ੀਸਦ ਮਤਦਾਨ ਹੋਇਆ ਜਦਕਿ ਯੂਟੀ ਚੰਡੀਗੜ੍ਹ ’ਚ 67.90 ਫ਼ੀਸਦ ਲੋਕਾਂ ਨੇ ਵੋਟ ਭੁਗਤਾਏ। ਪਹਿਲੇ ਛੇ ਗੇੜਾਂ ਦੌਰਾਨ ਕ੍ਰਮਵਾਰ 66.14 ਫ਼ੀਸਦ, 66.71, 65.68, 69.16, 62.2 ਅਤੇ 63.36 ਫ਼ੀਸਦ ਵੋਟਿੰਗ ਹੋਈ ਸੀ। ਬੰਗਾਲ ਦੇ ਸੰਦੇਸ਼ਖਲੀ ’ਚ ਚੋਣ ਅਮਲ ’ਚ ਗੜਬੜੀਆਂ ਦੇ ਦੋਸ਼ ਲਾਉਂਦਿਆਂ ਟੀਐੱਮਸੀ ਅਤੇ ਭਾਜਪਾ ਹਮਾਇਤੀਆਂ ਵਿਚਕਾਰ ਝੜਪਾਂ ਹੋਈਆਂ। ਭਾਜਪਾ ਉਮੀਦਵਾਰ ਰੇਖਾ ਪਾਤਰਾ ਨੇ ਦੋਸ਼ ਲਾਇਆ ਕਿ ਟੀਐੱਮਸੀ ਗੁੰਡਿਆਂ ਨੇ ਲੋਕਾਂ ਨੂੰ ਵੋਟ ਭੁਗਤਾਉਣ ਤੋਂ ਰੋਕਿਆ। ਟੀਐੱਮਸੀ ਨੇ ਵੀ ਭਾਜਪਾ ’ਤੇ ਇਹੋ ਦੋਸ਼ ਲਾਏ ਅਤੇ ਕਿਹਾ ਕਿ ਪਾਤਰਾ ਤੇ ਭਾਜਪਾ ਦੇ ਗੁੰਡਿਆਂ ਨੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ। ਦੋਵੇਂ ਧੜੇ ਬਸੰਤੀ ਐਕਸਪ੍ਰੈੱਸ ਹਾਈਵੇਅ ’ਤੇ ਆਹਮੋ-ਸਾਹਮਣੇ ਆ ਗਏ ਜਿਸ ਕਾਰਨ ਭੀੜ ਨੂੰ ਖਿੰਡਾਉਣ ਲਈ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਬਸ਼ੀਰਹਾਟ ਦੇ ਐੱਸਪੀ ਹੁਸੈਨ ਮਹਿਦੀ ਰਹਿਮਾਨ ਨੇ ਕਿਹਾ ਕਿ ਬਾਯਰਾਮਾੜੀ ’ਚ ਝੜਪ ਦੌਰਾਨ ਤਿੰਨ ਹਮਾਇਤੀ ਜ਼ਖ਼ਮੀ ਹੋ ਗਏ। ਉਨ੍ਹਾਂ ਇਸ ਸਬੰਧ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਟੀਐੱਮਸੀ ਅਤੇ ਭਾਜਪਾ ਵਰਕਰਾਂ ’ਚ ਜਾਦਵਪੁਰ ਅਤੇ ਡਾਇਮੰਡ ਹਾਰਬਰ ਹਲਕਿਆਂ ’ਚ ਵੀ ਝੜਪਾਂ ਹੋਈਆਂ ਹਨ। ਟੀਐੱਮਸੀ, ਇੰਡੀਅਨ ਸੈਕੂਲਰ ਫਰੰਟ ਤੇ ਭਾਜਪਾ ਦੇ ਹਮਾਇਤੀਆਂ ਵਿਚਕਾਰ ਝੜਪਾਂ ਦੌਰਾਨ ਦੇਸੀ ਬੰਬ ਵੀ ਸੁੱਟੇ ਗਏ। ਯੂਪੀ ਦੇ ਪਿੰਡ ਚੱਕ ਬਾਹੂਦੀਨ ’ਚ ਵੋਟ ਪਾਉਣ ਲਈ ਗਏ ਬਜ਼ੁਰਗ ਰਾਮਬਚਨ ਚੌਹਾਨ (70) ਦੀ ਮੌਤ ਹੋ ਗਈ। ਉਹ ਵੋਟ ਪਾਉਣ ਲਈ ਕਤਾਰ ’ਚ ਖੜ੍ਹਾ ਸੀ ਕਿ ਅਚਾਨਕ ਡਿੱਗ ਪਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਸੀ। -ਪੀਟੀਆਈ

Advertisement

ਪੋਲਿੰਗ ਸਟੇਸ਼ਨਾਂ ’ਤੇ ਜੁੜੇ ਵੋਟਰਾਂ ਦੇ ਅਸੀਂ ਸ਼ੁਕਰਗੁਜ਼ਾਰ: ਚੋਣ ਕਮਿਸ਼ਨ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਕਿਹਾ ਹੈ ਕਿ ਕਈ ਚੁਣੌਤੀਆਂ ਅਤੇ ਭਰਮ-ਭੁਲੇਖਿਆਂ ਦੇ ਬਾਵਜੂਦ ਪੋਲਿੰਗ ਸਟੇਸ਼ਨਾਂ ’ਤੇ ਜੁੜਨ ਵਾਲੇ ਵੋਟਰਾਂ ਦੇ ਉਹ ਸ਼ੁਕਰਗੁਜ਼ਾਰ ਹਨ। ਚੋਣ ਕਮਿਸ਼ਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਗੇੜ ਦੀਆਂ ਵੋਟਾਂ ਪਾਈਆਂ ਜਾ ਰਹੀਆਂ ਸਨ। ਚੋਣ ਕਮਿਸ਼ਨ ਨੇ ਵੋਟਰਾਂ ਨੂੰ ਅਸਲ ਜੇਤੂ ਕਰਾਰ ਦਿੰਦਿਆਂ ਇਕ ਬਿਆਨ ’ਚ ਕਿਹਾ,‘‘ਭਾਰਤੀ ਵੋਟਰਾਂ ਨੇ 18ਵੀਂ ਲੋਕ ਸਭਾ ਲਈ ਵੋਟ ਪਾਉਣ ਦੇ ਆਪਣੇ ਸਭ ਤੋਂ ਵੱਡੇ ਅਧਿਕਾਰ ਦੀ ਵਰਤੋਂ ਕੀਤੀ ਹੈ। ਭਾਰਤੀ ਲੋਕਤੰਤਰ ਅਤੇ ਚੋਣਾਂ ਨੇ ਫਿਰ ਜਾਦੂ ਕੀਤਾ ਹੈ। ਮਹਾਨ ਭਾਰਤੀ ਵੋਟਰਾਂ ਨੇ ਜਾਤ, ਨਸਲ, ਧਰਮ, ਸਮਾਜਿਕ-ਆਰਥਿਕ ਅਤੇ ਵਿਦਿਅਕ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਇੱਕ ਵਾਰ ਫਿਰ ਵੋਟਾਂ ਪਾਈਆਂ ਹਨ।’’ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ, ਚੋਣ ਕਮਿਸ਼ਨਰਾਂ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ ਤੇ ਚੋਣ ਕਮਿਸ਼ਨ ਨੇ ਕਿਹਾ ਕਿ ਉਹ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਪੂਰੇ ਚੋਣ ਅਮਲੇ, ਸੁਰੱਖਿਆ ਬਲਾਂ, ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਦਾ ਵੀ ਧੰਨਵਾਦ ਕੀਤਾ ਹੈ। ਕਮਿਸ਼ਨ ਨੇ ਆਪਣਾ ਯੋਗਦਾਨ ਪਾਉਣ ਲਈ ਮੀਡੀਆ ਦਾ ਵੀ ਧੰਨਵਾਦ ਕੀਤਾ ਹੈ। -ਪੀਟੀਆਈ

ਆਂਧਰਾ ਅਤੇ ਬੰਗਾਲ ’ਚ ਕੇਂਦਰੀ ਸੁਰੱਖਿਆ ਬਲ ਤਾਇਨਾਤ

ਚੋਣਾਂ ਤੋਂ ਬਾਅਦ ਹੋਣ ਵਾਲੀ ਹਿੰਸਾ ਨੂੰ ਧਿਆਨ ਵਿੱਚ ਰੱਖਦਿਆਂ ਚੋਣ ਕਮਿਸ਼ਨ ਨੇ 4 ਜੂਨ ਨੂੰ ਨਤੀਜਿਆਂ ਵਾਲੇ ਦਿਨ ਤੋਂ ਬਾਅਦ ਲਈ ਵੱਖ-ਵੱਖ ਸੂਬਿਆਂ ਨੂੰ ਕੇਂਦਰੀ ਬਲ ਭੇਜੇ ਹਨ। ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੂੰ ਚੋਣਾਂ ਦੀ ਗਿਣਤੀ ਵਾਲੇ ਦਿਨ ਤੋਂ ਬਾਅਦ 15 ਦਿਨਾਂ ਲਈ ਸੁਰੱਖਿਆ ਬਲ ਮੁਹੱਈਆ ਕਰਵਾਏ ਗਏ ਹਨ। ਇਸੇ ਤਰ੍ਹਾਂ ਉੱਤਰ ਪ੍ਰਦੇਸ਼, ਉੜੀਸਾ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਨੂੰ ਗਿਣਤੀ ਵਾਲੇ ਦਿਨ ਤੋਂ ਦੋ ਦਿਨ ਬਾਅਦ ਤੱਕ ਸੁਰੱਖਿਆ ਬਲ ਮੁਹੱਈਆ ਕਰਵਾਏ ਗਏ ਹਨ।

ਪਟਨਾ ਵਿੱਚ ਲਾਲੂ ਪ੍ਰਸਾਦ ਯਾਦਵ ਆਪਣੀ ਧੀ ਰੋਹਿਣੀ ਤੇ ਪਤਨੀ ਰਾਬੜੀ ਦੇਵੀ ਨਾਲ 
ਹਮੀਰਪੁਰ ’ਚ ਅਨੁਰਾਗ ਠਾਕੁਰ ਆਪਣੀ ਪਤਨੀ ਨਾਲ ਵੋਟ ਪਾਉਣ ਮਗਰੋਂ ਉਂਗਲ ’ਤੇ ਲੱਗੀ ਸਿਆਹੀ ਦਾ ਨਿਸ਼ਾਨ ਦਿਖਾਉਂਦੇ ਹੋਏ। -ਫੋਟੋਆਂ: ਪੀਟੀਆਈ
Advertisement
Author Image

sukhwinder singh

View all posts

Advertisement