For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ 2024 ਨਤੀਜਿਆਂ ਦਾ ਲੇਖਾ-ਜੋਖਾ

10:37 PM Jun 04, 2024 IST
ਲੋਕ ਸਭਾ ਚੋਣਾਂ 2024 ਨਤੀਜਿਆਂ ਦਾ ਲੇਖਾ ਜੋਖਾ
Advertisement

ਲੋਕ ਸਭਾ ਚੋਣਾਂ 2024 ਦੇ ਪੰਜਾਬ ਦੀਆਂ 13 ਸੀਟਾਂ ਦੇ ਨਤੀਜੇ ਅੱਜ ਆ ਚੁੱਕੇ ਹਨ।  ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਸੂਬੇ ਵਿੱਚ ਕਾਂਗਰਸ ਪਾਰਟੀ ਸਵੇਰ ਤੋਂ ਹੀ ਅੱਗੇ ਚੱਲ ਰਹੀ ਸੀ। ਕੌਮੀ ਚੋਣ ਕਮਿਸ਼ਨ ਵੱਲੋਂ ਵੈੱਬਸਾਈਟ ’ਤੇ ਜਾਰੀ ਨਤੀਜਿਆਂ ਮੁਤਾਬਕ ਕਾਂਗਰਸ ਪਾਰਟੀ ਨੇ ਸੱਤ, ਆਮ ਆਦਮੀ ਪਾਰਟੀ ਨੇ ਤਿੰਨ, ਸ਼੍ਰੋਮਣੀ ਅਕਾਲੀ ਦਲ ਨੇ ਇਕ ਅਤੇ ਆਜ਼ਾਦ ਉਮਦਵਾਰਾਂ ਨੇ ਦੋ ਸੀਟਾਂ ਜਿੱਤੀਆਂ ਹਨ। ਪੰਜਾਬ ਦੀ ਬਹੁਚਰਚਿਤ ਸੀਟ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ 1,97,120 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ ਹੈ। ਉੱਧਰ, ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਹਰੇਕ ਗੇੜ ਤੋਂ ਬਾਅਦ ਇੱਕ ਵੱਡੀ ਲੀਡ ਲੈਂਦੇ ਹੋਏ ਮੁਕਾਬਲੇ ਵਿੱਚ ਅੱਗੇ ਵਧਦੇ ਗਏ ਅਤੇ ਦੋਵੇਂ ਜਣੇ 1.7 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ।ਕਿਹੜੇ ਜੇਤੂ ਉਮੀਦਵਾਰਾਂ ਨੂੰ ਪਈਆਂ ਕਿੰਨੀਆਂ ਵੋਟਾਂ
Advertisement

ਜਿੱਤ ਉਪਰੰਤ ਸਰਟੀਫਿਕੇਟ ਹਾਸਲ ਕਰਦੇ ਹੋਏ ਗੁਰਮੀਤ ਸਿੰਘ ਮੀਤ ਹੇਅਰ

ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ 3,64,085 ਹਾਸਲ ਕਰ ਕੇ ਜੇਤੂ ਰਹੇ ਹਨ। ਮੀਤ ਹੇਅਰ ਨੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 1,72,560 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਹੈ। 2022 ਵਿੱਚ ਲੋਕ ਸਭਾ ਦੀ ਸੰਗਰੂਰ ਜ਼ਿਮਨੀ ਚੋਣ ਦੌਰਾਨ 2,53,154 ਵੋਟਾਂ ਨਾਲ ਜਿੱਤ ਹਾਸਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਇਸ ਵਾਰ 1,87,246 ਵੋਟਾਂ ਪਈਆਂ ਹਨ ਤੇ ਉਹ ਤੀਜੇ ਸਥਾਨ ’ਤੇ ਰਹੇ ਹਨ। ਭਾਜਪਾ ਉਮੀਦਵਾਰ ਅਰਵਿੰਦ ਖੰਨਾ ਨੂੰ 1,28,253 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨੂੰ 62,488 ਵੋਟਾਂ ਪਈਆਂ ਹਨ।

ਲੋਕ ਸਭਾ ਹਲਕਾ ਜਲੰਧਰ ਤੋਂ ਜਿੱਤ ਉਪਰੰਤ ਸਰਟੀਫਿਕੇਟ ਹਾਸਲ ਕਰਦੇ ਹੋਏ ਚਰਨਜੀਤ ਸਿੰਘ ਚੰਨੀ

ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 1,75,993 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ। ਉਨ੍ਹਾਂ ਨੂੰ 3,90,053 ਵੋਟਾਂ ਮਿਲੀਆਂ ਹਨ। ਦੂਜੇ ਨੰਬਰ ’ਤੇ ਰਹੇ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਨੂੰ 2,14,060 ਵੋਟਾਂ ਮਿਲੀਆਂ ਹਨ। ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ 2,08,889 ਵੋਟਾਂ ਹਾਸਲ ਕਰ ਕੇ ਤੀਜੇ ਸਥਾਨ ’ਤੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ 67,911 ਵੋਟਾਂ ਲੈ ਕੇ ਚੌਥੇ ਸਥਾਨ ’ਤੇ ਰਹੇ।

ਪਾਰਟੀ ਵਰਕਰਾਂ ਨੂੰ ਮਿਲਣ ਮੌਕੇ ਡਾ. ਅਮਰ ਸਿੰਘ

ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮਦਵਾਰ ਡਾ. ਅਮਰ ਸਿੰਘ ਨੇ ਕੁੱਲ 3,32,591 ਵੋਟਾਂ ਹਾਸਲ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ 34,202 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਜੀਪੀ ਨੇ 2,98,389 ਵੋਟਾਂ ਹਾਸਲ ਕੀਤੀਆਂ ਹਨ। ਇੱਥੇ ਭਾਜਪਾ ਉਮੀਦਵਾਰ ਗੇਜਾ ਰਾਮ ਵਾਲਮੀਕਿ ਨੂੰ 1,27,521 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਨੂੰ 1,26,730 ਵੋਟਾਂ ਮਿਲੀਆਂ ਹਨ।

ਜਿੱਤ ਉਪਰੰਤ ਸਰਟੀਫਿਕੇਟ ਹਾਸਲ ਕਰਦੇ ਹੋਏ ਡਾ. ਗਾਂਧੀ

ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ 3,05,616 ਵੋਟਾਂ ਹਾਸਲ ਕਰ ਕੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੂੰ ਹਰਾਇਆ ਹੈ। ਬਲਬੀਰ ਸਿੰਘ ਨੂੰ 2,90,785 ਵੋਟਾਂ ਪਈਆਂ ਹਨ। ਭਾਜਪਾ ਉਮੀਦਵਾਰ ਪ੍ਰਨੀਤ ਕੌਰ 2,88,998 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਪਟਿਆਲਾ ਵਿੱਚ ਇਸ ਵਾਰ 63.63 ਫ਼ੀਸਦ ਵੋਟਿੰਗ ਹੋਈ, ਜੋ ਕਿ 2019 ਦੇ ਮੁਕਾਬਲੇ 4.15 ਫ਼ੀਸਦ ਘੱਟ ਹੈ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪ੍ਰਨੀਤ ਕੌਰ ਨੂੰ ਹਰਾ ਕੇ ਡਾ. ਗਾਂਧੀ ‘ਆਪ’ ਵੱਲੋਂ ਸੰਸਦ ਮੈਂਬਰ ਬਣੇੇ ਸਨ।

ਚੋਣ ਅਧਿਕਾਰੀ ਤੋਂ ਜਿੱਤ ਦਾ ਸਰਟੀਫਿਕੇਟ ਲੈਣ ਮੌਕੇ ਕਾਂਗਰਸੀ ਆਗੂਆਂ ਨਾਲ ਗੁਰਜੀਤ ਔਜਲਾ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ 40,301 ਵੋਟਾਂ ਦੇ ਫਰਕ ਨਾਲ ‘ਆਪ’ ਉਮੀਦਵਾਰ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਹਰਾਇਆ ਹੈ। ਗੁਰਜੀਤ ਔਜਲਾ ਨੂੰ ਕੁੱਲ 2,55,181 ਵੋਟਾਂ ਅਤੇ ਕੁਲਦੀਪ ਧਾਲੀਵਾਲ ਨੂੰ 2,14,880 ਹਾਸਲ ਹੋਈਆਂ ਹਨ। ਇਸ ਦੌਰਾਨ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ 2,07,205 ਵੋਟਾਂ ਨਾਲ ਤੀਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ 1,62,896 ਵੋਟਾਂ ਨਾਲ ਚੌਥੇ ਸਥਾਨ ’ਤੇ ਰਹੇ। ਜ਼ਿਕਰਯੋਗ ਹੈ ਕਿ ਗੁਰਜੀਤ ਸਿੰਘ ਔਜਲਾ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕੇਂਦਰੀ ਮੰਤਰੀ ਹਰਦੀਪ ਪੂਰੀ ਨੂੰ ਇਕ ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਔਜਲਾ ਅੰਮ੍ਰਿਤਸਰ ਤੋਂ ਤੀਜੀ ਵਾਰ ਸੰਸਦ ਮੈਂਬਰ ਬਣੇ ਹਨ।

ਜਿੱਤਣ ਉਪਰੰਤ  ਗੱਲਬਾਤ ਕਰਦੇ ਹੋਏ ਸ਼ੇਰ ਸਿੰਘ ਘੁਬਾਇਆ

ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ 2,66,626 ਵੋਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ 3,242 ਵੋਟਾਂ ਦੇ ਫਰਕ ਨਾਲ ਹਰਾਇਆ। ਬਰਾੜ ਨੂੰ 2,63,384 ਵੋਟਾਂ ਮਿਲੀਆਂ ਹਨ। ਭਾਜਪਾ ਉਮੀਦਵਾਰ ਗੁਰਮੀਤ ਸਿੰਘ ਸੋਢੀ 2,55,097 ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ 2,53,645 ਵੋਟਾਂ ਨਾਲ ਚੌਥੇ ਸਥਾਨ ’ਤੇ ਹਨ। ਸ਼ੇਰ ਸਿੰਘ ਘੁਬਾਇਆ ਨੇ ਸਾਲ 2009 ਤੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤ ਹਾਸਲ ਕੀਤੀ ਸੀ। ਮਾਰਚ 2019 ਵਿੱਚ ਘੁਬਾਇਆ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।

ਜਿੱਤ ਪ੍ਰਾਪਤ ਕਰਨ ਉਪਰੰਤ ਸਰਟੀਫਿਕੇਟ ਹਾਸਲ ਕਰਦੇ ਹੋਏ ਹਰਸਿਮਰਤ ਕੌਰ ਬਾਦਲ

ਸ਼੍ਰੋਮਣੀ ਅਕਾਲੀ ਦਲ ਲਈ ਵੱਕਾਰੀ ਸੀਟ ਲੋਕ ਸਭਾ ਹਲਕਾ ਬਠਿੰਡਾ ਤੋਂ ਇੱਕ ਵਾਰ ਫਿਰ ਹਰਸਿਮਰਤ ਕੌਰ ਬਾਦਲ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ 3,76,558 ਵੋਟਾਂ ਹਾਸਲ ਕਰ ਕੇ ‘ਆਪ’ ਉਮੀਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ 49,656 ਵੋਟਾਂ ਦੇ ਫਰਕ ਨਾਲ ਹਰਾਇਆ। ਗੁਰਮੀਤ ਸਿੰਘ ਖੁੱਡੀਆਂ ਨੂੰ 3,26,902 ਵੋਟਾਂ ਮਿਲੀਆਂ ਹਨ। ਬਠਿੰਡਾ ਸੀਟ ਤੋਂ ਕਾਂਗਰਸ ਦੇ ਜੀਤ ਮਹਿੰਦਰ ਸਿੰਘ ਸਿੱਧੂ, ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲੱਖਾ ਸਿਧਾਣਾ ਚੋਣ ਮੈਦਾਨ ਵਿੱਚ ਸਨ, ਜੋ ਕਿ ਕ੍ਰਮਵਾਰ ਤੀਜੇ, ਚੌਥੇ ਤੇ ਪੰਜਵੇਂ ਸਥਾਨ ’ਤੇ ਰਹੇ।

ਆਪਣੀ ਮਾਤਾ ਨਾਲ ਜਿੱਤ ਦੀ ਖੁਸ਼ੀ ਜ਼ਾਹਿਰ ਕਰਦੇ ਹੋਏ ਡਾ. ਰਾਜ ਕੁਮਾਰ ਚੱਬੇਵਾਲ

ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ‘ਆਪ’ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੇ 3,03,859 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਹੈ। ਚੱਬੇਵਾਲ ਨੇ 2,59,748 ਵੋਟਾਂ ਹਾਸਲ ਕਰਨ ਵਾਲੀ ਕਾਂਗਰਸੀ ਉਮੀਦਵਾਰ ਯਾਮਨੀ ਗੋਮਰ ਨੂੰ 44,111 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਹਲਕਾ ਹੁਸ਼ਿਆਰਪੁਰ ਵਿੱਚ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ 1,99,994 ਵੋਟਾਂ ਨਾਲ ਤੀਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ 91,789 ਵੋਟਾਂ ਨਾਲ ਚੌਥੇ ਸਥਾਨ ’ਤੇ ਰਹੇ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਡਾ. ਰਾਜ ਕੁਮਾਰ ਚੱਬੇਵਾਲ ਨੇ ਕਾਂਗਰਸ ਪਾਰਟੀ ਵੱਲੋਂ ਚੋਣ ਲੜਦਿਆਂ 47,375 ਵੋਟਾਂ ਹਾਸਲ ਕਰ ਕੇ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਮਾਰਚ 2024 ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ।

ਮਾਲਵਿੰਦਰ ਸਿੰਘ ਕੰਗ ਮੀਡੀਆ ਨਾਲ ਗੱਲਬਾਤ ਕਰਦੇ ਹੋਏ

ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ‘ਆਪ’ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ 3,13,217 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਹੈ। ਦੂਜੇ ਨੰਬਰ ’ਤੇ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਨੇ 3,02,371 ਵੋਟਾਂ ਹਾਸਲ ਕੀਤੀਆਂ। ਇੱਥੇ ਭਾਜਪਾ ਉਮੀਵਾਰ ਡਾ. ਸੁਭਾਸ਼ ਸ਼ਰਮਾ 1,86,578 ਵੋਟਾਂ ਨਾਲ ਤੀਜੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੁਮਾਜਰਾ ਚੌਥੇ ਸਥਾਨ ’ਤੇ ਰਹੇ।

ਸਰਬਜੀਤ ਸਿੰਘ ਖਾਲਸਾ

ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਬਾਜ਼ੀ ਮਾਰੀ ਹੈ। ਉਨ੍ਹਾਂ 2,98,062 ਵੋਟਾਂ ਹਾਸਲ ਕਰਦਿਆਂ ‘ਆਪ’ ਉਮੀਦਵਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਜ਼ਦੀਕੀ ਕਰਮਜੀਤ ਸਿੰਘ ਅਨਮੋਲ ਨੂੰ 70,053 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਇੱਥੇ ਕਾਂਗਰਸ ਪਾਰਟੀ ਦੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ 1,60,357 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਅਤੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਕ੍ਰਮਵਾਰ ਚੌਥੇ ਤੇ ਪੰਜਵੇਂ ਸਥਾਨ ’ਤੇ ਰਹੇ ਹਨ। ਚੋਣ ਪ੍ਰਚਾਰ ਦੌਰਾਨ ਭਾਜਪਾ ਦੇ ਪਿੰਡਾਂ ਵਿੱਚ ਹੋ ਰਹੇ ਵਿਰੋਧ ਕਾਰਨ ਹੰਸ ਰਾਜ ਹੰਸ ਕਾਫ਼ੀ ਚਰਚਾ ਵਿੱਚ ਰਹੇ ਸਨ।

ਜਿੱਤੇ ਜਾਣ ਤੇ ਰਿਟਰਨਿੰਗ ਅਧਿਕਾਰੀ ਸੰਦੀਪ ਕੁਮਾਰ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਅਤੇ ਪਰਮਜੀਤ ਕੌਰ ਖਾਲੜਾ ਨੂੰ ਸਰਟੀਫਿਕੇਟ ਦਿੰਦੇ ਹੋਏ

ਪੰਜਾਬ ਦੀ ਬਹੁਚਰਚਿਤ ਲੋਕ ਸਭਾ ਸੀਟ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ 1,97,120 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਆਜ਼ਾਦ ਉਮੀਦਵਾਰ ਨੂੰ 4,04,430 ਵੋਟਾਂ ਪਈਆਂ ਜਦਕਿ ਦੂਜੇ ਨੰਬਰ ’ਤੇ ਰਹੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ 2,07,310 ਵੋਟਾਂ ਮਿਲੀਆਂ ਹਨ। ਜੇਤੂ ਉਮੀਦਵਾਰ ਅੰਮ੍ਰਿਤਪਾਲ ਇਸ ਵੇਲੇ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਖਡੂਰ ਸਾਹਿਬ ਤੋਂ ‘ਆਪ’ ਉਮੀਦਵਾਰ ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ 1,94,836 ਵੋਟਾਂ ਨਾਲ ਤੀਸਰੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ 86,416 ਵੋਟਾਂ ਹਾਸਲ ਕਰ ਕੇ ਚੌਥੇ ਸਥਾਨ ’ਤੇ ਰਹੇ ਹਨ।

ਪਰਿਵਾਰ ਸਮੇਤ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਰਾਜਾ ਵੜਿੰਗ

ਲੋਕ ਸਭਾ ਹਲਕਾ ਲੁਧਿਆਣਾ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਦਬਦਬਾ ਕਾਇਮ ਕਰਦਿਆਂ 3,22,224 ਵੋਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ 20,942 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਰਵਨੀਤ ਸਿੰਘ ਬਿੱਟੂ ਨੂੰ 3,01,282 ਵੋਟਾਂ ਪਈਆਂ ਹਨ। ਬਿੱਟੂ ਸਾਲ 2019 ਵਿੱਚ ਕਾਂਗਰਸ ਪਾਰਟੀ ਵੱਲੋਂ ਲੁਧਿਆਣਾ ਸੀਟ ਤੋਂ ਜਿੱਤ ਕੇ ਸੰਸਦ ਮੈਂਬਰ ਬਣੇ ਸਨ। ਲੋਕ ਸਭਾ ਚੋਣਾਂ 2024 ਤੋਂ ਐਨ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨਾਲ ਸਖਤ ਮੁਕਾਬਲਾ ਸੀ। ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ 2,37,077 ਵੋਟਾਂ ਹਾਸਲ ਕਰ ਕੇ ਤੀਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ 90,220 ਵੋਟਾਂ ਨਾਲ ਚੌਥੇ ਸਥਾਨ ’ਤੇ ਰਹੇ ਹਨ।

ਜਿੱਤ ਤੋਂ ਬਾਅਦ ਜੇਤੂ ਚਿੰਨ੍ਹ ਬਣਾਉਂਦੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ

ਲੋਕ ਸਭਾ ਹਲਕਾ ਗੁਰਦਾਸਪੁਰ ਦੀ ਸੀਟ ਵੀ ਕਾਂਗਰਸ ਦੀ ਝੋਲੀ ਪਈ ਹੈ। ਇੱਥੋਂ ਕਾਂਗਰਸ ਦੇ ਸੀਨੀਅਰ ਆਗੁ ਸੁਖਜਿੰਦਰ ਰੰਧਾਵਾ ਨੇ 3,64,043 ਵੋਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੂੰ 82,861 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਬੱਬੂ ਨੂੰ 2,81,182 ਵੋਟਾਂ ਪਈਆਂ ਹਨ। ‘ਆਪ’ ਉਮੀਦਵਾਰ ਅਮਨਸ਼ੇਰ ਸਿੰਘ (ਸ਼ੈਰੀ ਕਲਸੀ) 2,77,252 ਵੋਟਾਂ ਨਾਲ ਤੀਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ 85,500 ਵੋਟਾਂ ਨਾਲ ਚੌਥੇ ਨੰਬਰ ’ਤੇ ਰਹੇ ਹਨ।

Advertisement
Tags :
Author Image

Puneet Sharma

View all posts

Advertisement
Advertisement
×